ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਈਦ-ਉਲ-ਫ਼ਿਤਰ
ਸਰਬਜੀਤ ਸਿੰਘ ਭੱਟੀ
ਅੰਬਾਲਾ, 31 ਮਾਰਚ
ਅੱਜ ਈਦ-ਉਲ-ਫ਼ਿਤਰ ਦਾ ਤਿਉਹਾਰ ਵੱਡੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸ਼ਹਿਰ ਦੀਆਂ ਸਭ ਤੋਂ ਮਹੱਤਵਪੂਰਨ ਮਸੀਤਾਂ, ਜਿਵੇਂ ਕਿ ਤਵੱਕਲ ਸ਼ਾਹ ਮਸੀਤ (ਜਾਮਾ ਮਸੀਤ), ਲੱਖੀ ਸ਼ਾਹ ਮਸੀਤ, ਮੱਕਾ ਮਸੀਤ, ਈਦਗਾਹ ਮਸੀਤ, ਕਚਹਿਰੀ ਮਸੀਤ, ਜੰਡਲੀ ਮਸੀਤ, ਬਾਦਸ਼ਾਹੀ ਮਸੀਤ, ਰੇਲਵੇ ਰੋਡ ਮਸੀਤ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ ਅਤੇ ਦੇਸ਼ ਵਿੱਚ ਅਮਨ-ਸ਼ਾਂਤੀ ਲਈ ਦੁਆ ਮੰਗੀ ਗਈ। ਇਸ ਮੌਕੇ ਅੰਜੁਮਨ ਇਸਲਾਹੁਲ ਮੁਸਲੀਮ ਸੁਸਾਇਟੀ (ਸਥਾਪਨਾ 1980) ਦੇ ਜ਼ਿਲ੍ਹਾ ਪ੍ਰਧਾਨ ਸਈਅਦ ਅਹਿਮਦ ਖ਼ਾਨ ਨੇ ਕਿਹਾ ਕਿ ਇਸਲਾਮੀ ਤਿਉਹਾਰ ਮਨੁੱਖਤਾ ਦੀ ਸੇਵਾ ਅਤੇ ਸੁਨੇਹਾ ਦਿੰਦੇ ਹਨ। ਇਸੇ ਤਰ੍ਹਾਂ ਅੱਜ ਲਾਲੜੂ ਇਲਾਕੇ ਵਿੱਚ ਈਦ-ਉਲ-ਫ਼ਿਤਰ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਰੇਲਵੇ ਫਾਟਕ ਨੇੜੇ ਲਾਲੜੂ , ਦੱਪਰ , ਬੱਲੋਪੁਰ , ਆਲਮਗੀਰ , ਬਟੌਲੀ, ਜੜੋਤ , ਹੰਡੇਸਰਾ ਅਨੇਕਾਂ ਥਾਵਾਂ ਤੇ ਮਸੀਤਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ ਅਤੇ ਦੇਸ਼ ਵਿੱਚ ਅਮਨ-ਸ਼ਾਂਤੀ ਲਈ ਦੁਆ ਮੰਗੀ ਗਈ। ਇਸ ਮੌਕੇ ਨੌਜਵਾਨ ਮੁਸਲਿਮ ਭਾਈਚਾਰੇ ਦੇ ਆਗੂ ਸੀਨ ਖਾਨ ਦੱਪਰ ਨੇ ਦੱਸਿਆ ਕਿ ਈਦ ਆਪਸੀ ਏਕਤਾ, ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ।
ਮੋਰਿੰਡਾ (ਸੰਜੀਵ ਤੇਜਪਾਲ): ਮੋਰਿੰਡਾ ਇਲਾਕੇ ਦੇ ਮੁਸਲਿਮ ਭਾਈਚਾਰੇ ਵਲੋਂ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਥੋਂ ਦੀ ਈਦਗਾਹ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਵਲੋਂ ਇਸ ਪਵਿੱਤਰ ਤਿਉਹਾਰ ਮੌਕੇ ਨਮਾਜ਼ ਅਦਾ ਕੀਤੀ ਅਤੇ ਆਪਸ ਵਿੱਚ ਗਲੇ ਮਿਲ ਕੇ ਇੱਕ ਦੂਜੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਪ੍ਰਧਾਨ ਹਾਜ਼ੀ ਸਦੀਕ ਮੁਹੰਮਦ ਅਤੇ ਉਪ ਪ੍ਰਧਾਨ ਮੁਹੰਮਦ ਰਸ਼ੀਦ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਬੰਗਲਾਦੇਸ਼ ਤੋਂ ਪੜ੍ਹਨ ਆਏ ਮੁਸਲਿਮ ਭਾਈਚਾਰੇ ਦੇ ਵਿਦਿਆਰਥੀਆਂ ਨੇ ਵੀ ਨਮਾਜ਼ ਅਦਾ ਕੀਤੀ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਅੱਜ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਪਿੰਡ ਮੁੱਲਾਂਪੁਰ ਗਰੀਬਦਾਸ, ਸਿੰਘਾ ਦੇਵੀ ਕਲੋਨੀ, ਨਵਾਂ ਗਰਾਉਂ, ਸਿੱਸਵਾਂ, ਮਾਣਕਪੁਰ ਸ਼ਰੀਫ, ਤਾਰਾਪੁਰ, ਤੀੜਾ, ਚਾਹੜ ਮਾਜਰਾ, ਧਨੌੜਾਂ, ਸਿਆਲਬਾ ਮਾਜਰੀ, ਘੰਡੌਲੀ, ਹੁਸ਼ਿਆਰਪੁਰ, ਰਾਣੀਮਾਜਰਾ ਆਦਿ ਪਿੰਡਾਂ ਵਿੱਚ ਈਦ-ਉਲ ਫਿਤਰ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਜਗਮੋਹਨ ਕੰਗ ਤੇ ਜੀਤੀ ਪਡਿਆਲਾ ਨੇ ਲਵਾਈ ਮਸਜਿਦਾਂ ਵਿੱਚ ਹਾਜ਼ਰੀ
ਕੁਰਾਲੀ(ਮਿਹਰ ਸਿੰਘ): ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਈਦ-ਉਲ-ਫਿਤਰ ਦੇ ਪਵਿੱਤਰ ਤਿਉਹਾਰ ਦੇ ਮੌਕੇ ਪਿੰਡ ਪਡਿਆਲਾ ਅਤੇ ਕੁਰਾਲੀ ਦੀਆਂ ਮਸਜਿਦਾਂ ਵਿੱਚ ਸ਼ਿਰਕਤ ਕਰਕੇ ਮੁਸਲਿਮ ਭਾਈਚਾਰੇ ਨਾਲ ਮਿਲ ਕੇ ਇਸ ਪਵਿੱਤਰ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਸਮੂਹ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਸਭ ਲਈ ਪਿਆਰ, ਭਾਈਚਾਰਾ, ਸ਼ਾਂਤੀ ਅਤੇ ਖੁਸ਼ਹਾਲੀ ਲਿਆਵੇ। ਪਡਿਆਲਾ ਦੀ ਨੁਰਾਨੀ ਮਸਜਿਦ ਕਮੇਟੀ ਵੱਲੋਂ ਰਣਜੀਤ ਸਿੰਘ ਜੀਤੀ ਪਡਿਆਲਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।