ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਸ ਓਲੰਪਿਕ ਮੈਡਲ ਜਿੱਤਣ ਵਾਲਾ ਕਾਰਲ ਲੇਵਿਸ

10:20 PM Jun 29, 2023 IST

ਪ੍ਰਿੰ. ਸਰਵਣ ਸਿੰਘ

Advertisement

ਕਾਰਲ ਲੇਵਿਸ ਵਿਸ਼ਵ ਦਾ ਅਦਭੁੱਤ ਅਥਲੀਟ ਹੈ। ਅਮਰੀਕਾ ਦਾ ਅਨਮੋਲ ਰਤਨ। ਉਸ ਦਾ ਜਨਮ 1 ਜੁਲਾਈ 1961 ਨੂੰ ਬਰਮਿੰਘਮ, ਅਲਬਾਮਾ, ਅਮਰੀਕਾ ਵਿੱਚ ਹੋਇਆ ਸੀ। ਉਸ ਨੇ ਚਾਰ ਓਲੰਪਿਕਸ ਵਿੱਚੋਂ ਨੌਂ ਗੋਲਡ ਮੈਡਲ ਜਿੱਤੇ ਤੇ ਇੱਕ ਸਿਲਵਰ ਮੈਡਲ। ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ ਵਿੱਚੋਂ ਵੀ ਦਸ ਮੈਡਲ ਜਿੱਤੇ ਜਿਨ੍ਹਾਂ ‘ਚ ਅੱਠ ਗੋਲਡ ਮੈਡਲ ਹਨ। 1984, 88, 92, 96 ਦੀਆਂ ਓਲੰਪਿਕ ਖੇਡਾਂ ਵਿੱਚ ਉਹ ਲਗਾਤਾਰ ਲੰਮੀ ਛਾਲ ਦਾ ਓਲੰਪਿਕ ਚੈਂਪੀਅਨ ਬਣਦਾ ਰਿਹਾ। ਜਿਵੇਂ ਉਸ ਤੋਂ ਪਹਿਲਾਂ 1956, 60, 64, 68 ਵਿੱਚ ਅਮਰੀਕਾ ਦਾ ਹੀ ਡਿਸਕਸ ਥਰੋਅਰ ਅਲ ਓਰਟਰ ਲਗਾਤਾਰ ਓਲੰਪਿਕ ਚੈਂਪੀਅਨ ਬਣਦਾ ਰਿਹਾ ਸੀ। ਕਾਰਲ ਲੇਵਿਸ ਨੇ ਲਗਭਗ ਵੀਹ ਹੱਥ ਲੰਮੀ ਛਾਲ ਲਾਈ। ਚੌਦਾਂ ਹੱਥ ਦੀ ਛਾਲ ਮਾਰਨ ਦਾ ਜ਼ਿਕਰ ਅਸੀਂ ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਪੜ੍ਹਦੇ ਆ ਰਹੇ ਹਾਂ:

ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ,

Advertisement

ਸਿੰਘਾਂ ਨਾਲ ਸੀ ਉਸ ਦੀ ਗੈਰ ਸਾਲੀ

ਉਹ ਤਾਂ ਭੱਜ ਕੇ ਲਾਟ ਨੂੰ ਜਾ ਮਿਲਿਆ,

ਗੱਲ ਜਾ ਦੱਸੀ ਸਾਰੀ ਭੇਦ ਵਾਲੀ

ਓਥੋਂ ਹਰਨ ਹੋ ਗਿਆ ਹੈ ਖ਼ਾਲਸਾ ਜੀ,

ਚੌਦਾਂ ਹੱਥ ਦੀ ਮਾਰ ਕੇ ਜਾਣ ਛਾਲੀ

ਸ਼ਾਹ ਮੁਹੰਮਦਾ ਸਾਂਭ ਲੈ ਸਿਲੇਖਾਨੇ,

ਛੱਡ ਗਏ ਨੇ ਸਿੰਘ ਮੈਦਾਨ ਖਾਲੀ…

ਜਦੋਂ ਇਹ ਬੰਦ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਤਾਂ ਅਧਿਆਪਕ ਦੱਸਦੇ ਕਿ ਇੱਕ ਹੱਥ ਦੀ ਛਾਲ ਡੇਢ ਫੁੱਟ ਹੁੰਦੀ ਹੈ। ਆਮ ਬੰਦਾ ਮਸਾਂ ਬਾਰਾਂ ਹੱਥ ਦੀ ਛਾਲ ਮਾਰਦੈ। ਅੰਗਰੇਜ਼ਾਂ ਤੇ ਸਿੰਘਾਂ ਦੀ ਦੂਜੀ ਲੜਾਈ ਵਿੱਚ ਜਿੱਤ ਰਹੇ ਸਿੰਘ ਫੌਜੀ, ਆਪਣੇ ਕਮਾਂਡਰਾਂ ਦੀ ਗ਼ੱਦਾਰੀ ਕਾਰਨ ਚੌਦਾਂ ਹੱਥ ਦੀਆਂ ਛਾਲਾਂ ਮਾਰਦੇ ਹਰਨ ਹੋ ਗਏ। ਉੱਧਰ ਅੰਗਰੇਜ਼ ਫੌਜੀ ਵੀ ਹਰਨ ਹੋਣ ਨੂੰ ਤਿਆਰ ਖੜ੍ਹੇ ਸਨ, ਪਰ ਪਹਾੜਾ ਸਿੰਘ ਨੇ ਸਿੰਘਾਂ ਦੇ ਹਰਨ ਹੋ ਜਾਣ ਦਾ ਭੇਦ ਆਪਣੇ ਯਾਰ ਫਰੰਗੀ ਲਾਟ ਨੂੰ ਦੱਸ ਦਿੱਤਾ ਜਿਸ ਬਦਲੇ ਅੰਗਰੇਜ਼ ਵਾਇਸਰਾਏ ਨੇ ਰਿਆਸਤ ਫ਼ਰੀਦਕੋਟ ਪਹਾੜਾ ਸਿੰਘ ਨੂੰ ਇਨਾਮ ਵਜੋਂ ਬਖ਼ਸ਼ ਦਿੱਤੀ। ਪੰਜਾਬੀਆਂ ਨੂੰ ਜਦੋਂ ਵੀ ਮਾਰ ਪਈ ਘਰ ਦੇ ਭੇਤੀਆਂ ਦੀ ਗ਼ੱਦਾਰੀ ਕਰਕੇ ਪਈ। ਅਕਲ ਨੂੰ ਹੱਥ ਉਹ ਵੇਲਾ ਬੀਤ ਜਾਣ ਪਿੱਛੋਂ ਹੀ ਮਾਰਦੇ ਰਹੇ।

ਪਿੱਛੇ ਬੈਠ ਸਰਦਾਰਾਂ ਗੁਰਮਤਾ ਕੀਤਾ,

ਕੋਈ ਅਕਲ ਦਾ ਕਰੋ ਇਲਾਜ ਯਾਰੋ

ਛੇੜ ਬੁਰਛਿਆਂ ਦੀ ਸਾਡੇ ਪੇਸ਼ ਆਈ,

ਪੱਗ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ

ਮੁੱਠੀ ਮੀਟੀ ਸੀ ਏਸ ਪੰਜਾਬ ਦੀ ਜੀ,

ਏਨ੍ਹਾਂ ਖੋਲ੍ਹ ਦਿੱਤਾ ਸਾਰਾ ਪਾਜ ਯਾਰੋ

ਸ਼ਾਹ ਮੁਹੰਮਦਾ ਮਾਰ ਕੇ ਮਰੋ ਏਥੇ,

ਕਦੀ ਰਾਜ ਨਾ ਹੋਏ ਮੁਹਤਾਜ ਯਾਰੋ…

1968 ਦੀਆਂ ਓਲੰਪਿਕ ਖੇਡਾਂ ਵਿੱਚ ਅਮਰੀਕਾ ਦੇ ਬੌਬ ਬੀਮਨ ਨੇ 8.90 ਮੀਟਰ ਯਾਨੀ ਵੀਹ ਹੱਥ ਲੰਮੀ ਛਾਲ ਲਾ ਕੇ ਦੁਨੀਆ ਦੰਗ ਕਰ ਦਿੱਤੀ ਸੀ। ਉਸ ਛਾਲ ਨੂੰ ‘ਵੀਹਵੀਂ ਸਦੀ ਦੀ ਇੱਕੀਵੀਂ ਸਦੀ ‘ਚ ਛਾਲ’ ਕਿਹਾ ਗਿਆ ਸੀ। ਕਾਰਲ ਲੇਵਿਸ ਉਦੋਂ ਸੱਤ ਸਾਲਾਂ ਦਾ ਸੀ। ਉਸ ਦੀ ਮਾਂ ਐਵਲਿਨ ਲੇਵਿਸ ਪੈਨ ਅਮੈਰੀਕਨ ਖੇਡਾਂ-1951 ‘ਚੋਂ ਹਰਡਲਜ਼ ਦੌੜ ਦੀ ਬਰਾਂਜ਼ ਮੈਡਲਿਸਟ ਸੀ ਤੇ ਪਿਉ ਵਿਲੀਅਮ ਲੇਵਿਸ ਅਥਲੈਟਿਕਸ ਕੋਚ ਸੀ। ਘਰ ‘ਚ ਖੇਡਾਂ ਦਾ ਮਾਹੌਲ ਸੀ। ਉਨ੍ਹਾਂ ਦੇ ਘਰ ਮੂਹਰਲੇ ਲਾਅਨ ਵਿੱਚ 8.90 ਮੀਟਰ ਯਾਨੀ ਸਵਾ 29 ਫੁੱਟ ਥਾਂ ਮਿਣ ਕੇ ਨਿਸ਼ਾਨੀਆਂ ਲਾਈਆਂ ਤਾਂ ਨਹਿਰ ਜਿੰਨੀ ਲੰਬਾਈ ਵੇਖ ਕੇ ਕਾਰਲ ਹੈਰਾਨ ਹੋਣ ਲੱਗਾ ਕਿ ਇਸ ਧਰਤੀ ਦਾ ਕੋਈ ਬੰਦਾ ਇੱਕੋ ਛਾਲ ‘ਚ ਨਹਿਰ ਕਿਵੇਂ ਟੱਪ ਸਕਦੈ! ਨਾਲ ਹੀ ਉਹਦੇ ਮਨ ‘ਚ ਖੁਤਖੁਤੀ ਪੈਦਾ ਹੋਈ ਕਿ ਉਹ ਵੀ ਐਨੀ ਲੰਮੀ ਛਾਲ ਲਾਉਣ ਦੀ ਪ੍ਰੈਕਟਿਸ ਕਰੇਗਾ।

ਇੱਕ ਵਾਰ ਇੰਡੀਆਨਾਪੋਲਿਸ ਵਿਖੇ ਨੈਸ਼ਨਲ ਸਪੋਰਟਸ ਵਿੱਚ ਕਾਰਲ ਨੇ 30 ਫੁੱਟ 2 ਇੰਚ ਲੰਮੀ ਛਾਲ ਲਾ ਵੀ ਦਿੱਤੀ, ਪਰ ਸੂਤ ਭਰ ਦੇ ਮਾਮੂਲੀ ਫਾਊਲ ਹੋ ਜਾਣ ਕਾਰਨ ਸਹੀ ਛਾਲ ਨਹੀਂ ਮੰਨੀ ਗਈ। ਉਸ ਛਾਲ ਨਾਲ ਬੌਬ ਬੀਮਨ ਦਾ ਰਿਕਾਰਡ ਟੁੱਟ ਜਾਣਾ ਸੀ। ਉਹ ਰਿਕਾਰਡ ਫਿਰ ਮਾਈਕ ਪੋਵਲ ਨੇ ਇੱਕੀਵੀਂ ਸਦੀ ਚੜ੍ਹਨ ਤੋਂ ਪਹਿਲਾਂ ਹੀ ਤੋੜ ਦਿੱਤਾ। ਕਾਰਲ ਲਿਊਸ 1979 ਵਿੱਚ ਵਿਸ਼ਵ ਪੱਧਰ ਦਾ ਅਥਲੀਟ ਬਣ ਗਿਆ ਸੀ। ਮਾਸਕੋ-1980 ਦੀਆਂ ਓਲੰਪਿਕ ਖੇਡਾਂ ਲਈ ਅਮਰੀਕਾ ਦੀ ਟੀਮ ਵਿੱਚ ਚੁਣਿਆ ਵੀ ਗਿਆ ਸੀ, ਪਰ ਅਮਰੀਕਾ ਵੱਲੋਂ ਮਾਸਕੋ ਓਲੰਪਿਕਸ ਦਾ ਬਾਈਕਾਟ ਹੋ ਜਾਣ ਕਰਕੇ ਉਹ ਆਪਣਾ ਚੜ੍ਹਦੀ ਜੁਆਨੀ ਦਾ ਜਲਵਾ ਨਾ ਵਿਖਾ ਸਕਿਆ।

1984 ਦੀਆਂ ਓਲੰਪਿਕ ਖੇਡਾਂ ਅਮਰੀਕਾ ਦੇ ਸ਼ਹਿਰ ਲੌਸ ਏਂਜਲਸ ਵਿੱਚ ਹੋਈਆਂ। ਕਾਰਲ ਲੇਵਿਸ ਉਦੋਂ ਪੂਰੀ ਤਿਆਰੀ ‘ਚ ਸੀ। ਉਹਦਾ ਨਿਸ਼ਾਨਾ ਆਲ ਰਾਊਂਡਰ ਜੈਸੀ ਓਵੇਂਜ਼ ਦੀ ਬਰਾਬਰੀ ਕਰਨਾ ਸੀ। ਜੈਸੀ ਨੇ ਬਰਲਿਨ-1936 ਦੀਆਂ ਓਲੰਪਿਕ ਖੇਡਾਂ ‘ਚੋਂ 4 ਗੋਲਡ ਮੈਡਲ ਜਿੱਤ ਕੇ ਦੁਨੀਆ ਦੰਗ ਕਰ ਦਿੱਤੀ ਸੀ। ਜਰਮਨੀ ਦੇ ਡਿਕਟੇਟਰ ਹਿਟਲਰ ਦੀਆਂ ਵੀ ਹਵਾਈਆਂ ਉਡਾ ਦਿੱਤੀਆਂ ਸਨ। ਉਸ ਨੇ 100 ਮੀਟਰ, 200 ਮੀਟਰ ਤੇ 4 400 ਮੀਟਰ ਰਿਲੇਅ ਦੌੜਾਂ ਜਿੱਤਣ ਦੇ ਨਾਲ ਲੰਮੀ ਛਾਲ ਦਾ ਮੁਕਾਬਲਾ ਵੀ ਜਿੱਤਿਆ। ਅਮਰੀਕਾ ਦੀ ਇੱਕ ਕੰਪਨੀ ਨੇ ਬੜੇ ਵੱਡੇ ਇਨਾਮ ਐਲਾਨੇ ਸਨ ਕਿ ਕਾਰਲ ਲੇਵਿਸ ਜੈਸੀ ਓਵੇਂਜ਼ ਵਾਂਗ ਚਾਰ ਗੋਲਡ ਮੈਡਲ ਜਿੱਤ ਜਾਵੇ ਤਾਂ 50 ਲੱਖ ਡਾਲਰ ਮਿਲਣਗੇ। ਉਸ ਤੋਂ ਆਸ ਸੀ ਕਿ ਉਹ ਬੌਬ ਬੀਮਨ ਦਾ ਲੰਮੀ ਛਾਲ ਦਾ ਓਲੰਪਿਕ ਰਿਕਾਰਡ ਵੀ ਤੋੜ ਸਕਦਾ ਹੈ।

ਇਹੋ ਕਾਰਨ ਸੀ ਕਿ ਲੰਮੀਆਂ ਛਾਲਾਂ ਦਾ ਮੁਕਾਬਲਾ ਵੇਖਣ ਲਈ 90 ਡਾਲਰ ਦੀਆਂ ਮਹਿੰਗੀਆਂ ਟਿਕਟਾਂ ਲੈ ਕੇ ਸੱਠ ਹਜ਼ਾਰ ਖੇਡ ਪ੍ਰੇਮੀ ਸਟੇਡੀਅਮ ‘ਚ ਢੁੱਕੇ ਸਨ। ਉੱਥੇ ਬੌਬ ਬੀਮਨ ਵੀ ਬੈਠਾ ਸੀ ਕਿ ਵੇਖਦਾਂ ਅੱਜ ਮੇਰਾ ਰਿਕਾਰਡ ਟੁੱਟਦੈ ਜਾਂ ਨਹੀਂ? ਛਾਲ ਲਾਉਣ ਲਈ ਕਾਰਲ 143 ਫੁੱਟ ਲੰਮੇ ਰਨ ਅੱਪ ਉਤੇ ਜਾ ਖੜ੍ਹਾ ਹੋਇਆ। ਸਟੇਡੀਅਮ ਵਿੱਚ 60 ਹਜ਼ਾਰ ਤੇ ਟੀਵੀ ਸਕਰੀਨਾਂ ਮੂਹਰੇ ਕਰੋੜਾਂ ਲੋਕਾਂ ਦੀਆਂ ਨਜ਼ਰਾਂ ਕਾਰਲ ਲੇਵਿਸ ਉਤੇ ਲੱਗੀਆਂ ਹੋਈਆਂ ਸਨ। ਉਸ ਨੇ 43 ਕਿਲੋਮੀਟਰ ਦੀ ਸਪੀਡ ਨਾਲ ਰਨ ਅੱਪ ‘ਤੇ ਦੌੜਨਾ ਸ਼ੁਰੂ ਕੀਤਾ। ਛਾਲ-ਫੱਟੀ ਤੋਂ ਚੁੰਗੀ ਭਰੀ ਤੇ 8.54 ਮੀਟਰ ਦੂਰ ਜਾ ਡਿੱਗਾ। ਬੇਸ਼ੱਕ ਇਹ ਛਾਲ ਉਹਦੀ ਆਸ ਤੋਂ ਘੱਟ ਸੀ, ਪਰ ਕੋਈ ਹੋਰ ਅਥਲੀਟ ਉਹਦੇ ਨੇੜੇ ਨਾ ਢੁੱਕਾ। ਉਸ ਦੀ ਦੂਜੀ ਛਾਲ ਫਾਊਲ ਕਰਾਰ ਦੇ ਦਿੱਤੀ ਗਈ। ਰਹਿੰਦੀਆਂ ਚਾਰ ਛਾਲਾਂ ਉਸ ਨੇ ਲਾਈਆਂ ਹੀ ਨਾ। ਦਰਸ਼ਕਾਂ ਨੇ ਉਸ ਦੇ ਇਸ ਫੈਸਲੇ ਉਤੇ ਹਾਤ ਹੂਤ ਕੀਤੀ ਤੇ ਆਖਿਆ ਕਿ ਕਾਰਲ ਨੇ ਸਾਡੀਆਂ ਮਹਿੰਗੀਆਂ ਟਿਕਟਾਂ ਦਾ ਮੁੱਲ ਨਹੀਂ ਮੋੜਿਆ।

ਪਰ ਕਾਰਲ ਦਾ ਇਰਾਦਾ ਕੁਝ ਹੋਰ ਸੀ। ਉਹ ਓਲੰਪਿਕ ਖੇਡਾਂ ‘ਚੋਂ ਸੋਨੇ ਦੇ ਚਾਰ ਤਗ਼ਮੇ ਜਿੱਤ ਕੇ ਜੈਸੀ ਓਵੇਂਜ਼ ਦਾ ਕਾਰਨਾਮਾ ਦੁਹਰਾਉਣਾ ਚਾਹੁੰਦਾ ਸੀ। 100 ਮੀਟਰ ਦੌੜ ਤੇ ਲੰਮੀ ਛਾਲ ਦੇ ਦੋ ਸੋਨ ਤਗ਼ਮੇ ਉਹ ਜਿੱਤ ਚੁੱਕਾ ਸੀ। 200 ਮੀਟਰ ਤੇ 4 100 ਮੀਟਰ ਰਿਲੇਅ ਦੌੜ ਦੇ ਦੋ ਸੋਨ ਤਗ਼ਮੇ ਜਿੱਤਣੇ ਬਾਕੀ ਸਨ। ਉਹ ਨਹੀਂ ਸੀ ਚਾਹੁੰਦਾ ਕਿ ਬੌਬ ਬੀਮਨ ਦਾ ਰਿਕਾਰਡ ਤੋੜਨ ਲਈ ਸਿਰਤੋੜ ਯਤਨ ਕਰ ਕੇ ਦੂਜੇ ਦੋ ਸੋਨ ਤਗ਼ਮੇ ਖ਼ਤਰੇ ਵਿੱਚ ਪਾ ਲਵੇ। ਇੰਜ ਉਸ ਨੂੰ ਕੰਪਨੀ ਤੋਂ ਮਿਲਣ ਵਾਲੇ 50 ਲੱਖ ਡਾਲਰ ਡੁੱਬ ਸਕਦੇ ਸਨ। ਕਾਰਲ ਲੇਵਿਸ ਨੇ ਇੱਕੋ ਓਲੰਪਿਕਸ ‘ਚੋਂ 4 ਗੋਲਡ ਮੈਡਲ ਜਿੱਤ ਲਏ ਜਿਸ ਨਾਲ ਜੈਸੀ ਓਵੇਂਜ਼ ਦਾ ਸਿਰਜਿਆ ਇਤਿਹਾਸ ਮੁੜ ਦੁਹਰਾ ਦਿੱਤਾ।

ਕਾਰਲ ਦੇ ਮੁੱਢਲੇ ਜੀਵਨ ‘ਤੇ ਝਾਤ ਮਾਰੀਏ ਤਾਂ ਪਹਿਲਾਂ ਪਹਿਲ ਉਹ ਖੇਡ ਮੁਕਾਬਲਿਆਂ ਵਿੱਚ ਅਕਸਰ ਹੀ ਹਾਰ ਜਾਇਆ ਕਰਦਾ ਸੀ। ਰਿਲੇਅ ਦੌੜਾਂ ਵੇਲੇ ਜਿਸ ਟੀਮ ‘ਚ ਉਸ ਨੂੰ ਪਾਇਆ ਜਾਂਦਾ ਉਹ ਹਾਰ ਜਾਂਦੀ। ਹਾਰ ਦਾ ਕਾਰਨ ਬਹੁਤੀ ਵਾਰ ਉਹੀ ਬਣਦਾ। ਉਹ ਮਾਯੂਸ ਹੁੰਦਾ ਤੇ ਰੋਣ ਲੱਗਦਾ। ਇੱਕ ਦਿਨ ਹਾਰ ਜਾਣ ਪਿੱਛੋਂ ਉਹ ਆਪਣੇ ਕਮਰੇ ਵਿੱਚ ਰੋਣ ਕੁਰਲਾਉਣ ਲੱਗਾ ਕਿ ਮੈਥੋਂ ਵਾਰ ਵਾਰ ਦੀ ਹਾਰ ਹੋਰ ਜਰੀ ਨਹੀਂ ਜਾਂਦੀ। ਹੁਣ ਮੈਂ ਹੋਰ ਨਹੀਂ ਦੌੜਨਾ। ਉਸ ਸਮੇਂ ਉਸ ਦੇ ਕੋਚ ਪਿਤਾ ਨੇ ਕਿਹਾ, “ਪੁੱਤਰਾ, ਜੇ ਹਾਰਨ ਤੋਂ ਏਨਾ ਹੀ ਤੰਗ ਆ ਗਿਐਂ ਤਾਂ ਜਿੱਤਣਾ ਸਿੱਖ!”

ਜਿੱਤਣਾ ਸਿੱਖਣ ਲਈ ਫਿਰ ਉਸ ਨੇ ਦਿਹਾੜੀ ‘ਚ ਅੱਠ-ਅੱਠ ਘੰਟੇ ਮਿਹਨਤ ਕੀਤੀ ਜਿਸ ਨਾਲ ਜਿੱਤਾਂ ਦਾ ਦੌਰ ਸ਼ੁਰੂ ਹੋ ਗਿਆ। ਉਹਦਾ ਜਨਮ ਬੇਸ਼ੱਕ ਅਲਬਾਮਾ ਹੋਇਆ ਸੀ, ਪਰ ਪਾਲਣਾ ਵਲਿੰਗਬਾਰੋ, ਨਿਊ ਜਰਸੀ ਵਿਖੇ ਹੋਈ। ਉਹਦਾ ਵੱਡਾ ਭਰਾ ਸੌਕਰ ਦਾ ਤਕੜਾ ਖਿਡਾਰੀ ਸੀ ਤੇ ਛੋਟੀ ਭੈਣ ਕਰੋਲ ਵੀ ਛਾਲਾਂ ਲਾਉਣ ਲੱਗ ਪਈ ਸੀ। ਮਾਂ ਪਿਉ ਦੀ ਕੋਚਿੰਗ ਬਾਅਦ ਕਾਰਲ ਨੂੰ ਲੰਮੀ ਛਾਲ ਦੇ ਕੋਚ ਕਲਾਈਵ ਡੰਕਨ ਨੇ ਸੰਭਾਲਿਆ। ਡੰਕਨ ਨੇ ਭਵਿੱਖਬਾਣੀ ਕੀਤੀ ਕਿ ਇਹੋ ਮੁੰਡਾ ਹੈ ਜੀਹਦੇ ਅੰਦਰ ਤੀਹ ਫੁੱਟ ਲੰਮੀ ਛਾਲ ਛੁਪੀ ਪਈ ਹੈ ਅਤੇ ਇਹੋ ਬੌਬ ਬੀਮਨ ਦਾ ਰਿਕਾਰਡ ਤੋੜੇਗਾ। ਡੰਕਨ ਦੀ ਇਸ ਭਵਿੱਖਬਾਣੀ ‘ਤੇ ਉਹਦੇ ਸਮਕਾਲੀ ਕੋਚ ਹੱਸਣ ਲੱਗੇ। ਪਰ ਡੰਕਨ ਤੇ ਕਾਰਲ ਆਪਣੇ ਨਿਸ਼ਾਨੇ ਵੱਲ ਵਧੀ ਗਏ। 1979 ਵਿੱਚ ਉਹ ਰਿਕਾਰਡਤੋੜ ਛਾਲ ਨਾਲ ਹਿਊਸਟਨ ਯੂਨੀਵਰਸਿਟੀ ਦਾ ਚੈਂਪੀਅਨ ਬਣਿਆ। 1980 ਵਿੱਚ ਅਮਰੀਕਾ ਦਾ ਨੈਸ਼ਨਲ ਚੈਂਪੀਅਨ ਅਤੇ 1981 ਵਿੱਚ ਰੋਮ ਦੇ ਵਿਸ਼ਵ ਕੱਪ ਅਥਲੈਟਿਕਸ ਮੁਕਾਬਲਿਆਂ ਸਮੇਂ ਉਹ ਲੰਮੀ ਛਾਲ ਦਾ ਵਿਸ਼ਵ ਚੈਂਪੀਅਨ ਬਣ ਗਿਆ।

1983 ਦਾ ਸਾਲ ਕਾਰਲ ਲੇਵਿਸ ਲਈ ਵੱਡੀਆਂ ਜਿੱਤਾਂ ਵਾਲਾ ਸਾਲ ਰਿਹਾ। ਹੈਲਸਿੰਕੀ ਦੀ ਪਹਿਲੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਉਸ ਨੇ ਤਿੰਨ ਗੋਲਡ ਮੈਡਲ ਜਿੱਤੇ ਜਿਨ੍ਹਾਂ ਨਾਲ ਕੁਲ ਦੁਨੀਆ ‘ਚ ਉਹਦੀਆਂ ਧੁੰਮਾਂ ਪੈ ਗਈਆਂ। ਅਖ਼ਬਾਰਾਂ ਨੇ ਉਹਦੇ ਬਾਰੇ ‘ਸੁਪਰ ਅਥਲੀਟ’ ਹੋਣ ਦੀਆਂ ਖ਼ਬਰਾਂ ਲਾਈਆਂ। 1984 ਦੀਆਂ ਓਲੰਪਿਕ ਖੇਡਾਂ ਤਾਂ ਕਹੀਆਂ ਹੀ ਕਾਰਲ ਲੇਵਿਸ ਦੀਆਂ ਖੇਡਾਂ ਜਾਂਦੀਆਂ ਹਨ। ਲਾਸ ਏਂਜਲਸ ਵਿੱਚ ਉਸ ਨੇ 100 ਮੀਟਰ ਦੀ ਦੌੜ 9.99 ਸਕਿੰਟ, 200 ਮੀਟਰ 19.80 ਸਕਿੰਟ ਤੇ 4 100 ਮੀਟਰ ਰਿਲੇਅ ਦੌੜ 37.83 ਸਕਿੰਟ ਵਿੱਚ ਲਾ ਕੇ ਟਰੈਕ ‘ਚ ਹਨੇਰੀ ਲਿਆ ਰੱਖੀ ਅਤੇ ਲੰਮੀ ਛਾਲ 8.54 ਮੀਟਰ ਲਾ ਕੇ ਚਾਰ ਗੋਲਡ ਮੈਡਲ ਜਿੱਤੇ। ਇਨ੍ਹਾਂ ਚਾਰ ਈਵੈਂਟਸ ਦੇ ਜਿੱਤਣ ਦਾ ਕੁਲ ਸਮਾਂ ਇੱਕ ਮਿੰਟ ਤੋਂ ਘੱਟ ਬਣਦਾ ਹੈ, ਪਰ ਉਹਦੇ ਲਈ ਮਿਹਨਤ ਦਸ ਸਾਲਾਂ ਤੋਂ ਵੀ ਵੱਧ ਕਰਨੀ ਪਈ!

ਵਰ੍ਹਿਆਂ-ਬੱਧੀ ਕੀਤੀ ਮਿਹਨਤ ਨਾਲ ਉਹ 1979 ਤੋਂ 96 ਤੱਕ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ, ਓਲੰਪਿਕ ਖੇਡਾਂ, ਪੈਨ ਓਲੰਪਿਕ ਖੇਡਾਂ ਤੇ ਗੁਡਵਿੱਲ ਗੇਮਜ਼ ‘ਚੋਂ ਮੈਡਲ ਜਿੱਤਦਾ ਰਿਹਾ। ਉਸ ਨੇ 1984 ਦੀਆਂ ਓਲੰਪਿਕ ਖੇਡਾਂ ਪਿੱਛੋਂ 88 ਦੀਆਂ ਓਲੰਪਿਕ ਖੇਡਾਂ ਵਿੱਚੋਂ ਤਿੰਨ, 92 ਦੀਆਂ ਖੇਡਾਂ ‘ਚੋਂ ਦੋ ਤੇ 96 ਦੀਆਂ ਓਲੰਪਿਕ ਖੇਡਾਂ ‘ਚੋਂ ਇੱਕ, ਕੁਲ ਮਿਲਾ ਕੇ ਨੌਂ ਗੋਲਡ ਮੈਡਲ ਜਿੱਤੇ ਤੇ ਇੱਕ ਚਾਂਦੀ ਦਾ ਮੈਡਲ। ਉਸ ਦਾ ਸਭ ਤੋਂ ਵੱਧ ਫਸਵਾਂ ਮੁਕਾਬਲਾ ਟੋਕੀਓ ਵਿੱਚ 30 ਅਗਸਤ 1991 ਨੂੰ ਮਾਈਕ ਪੋਵਲ ਨਾਲ ਹੋਇਆ ਜਿਸ ਵਿੱਚ ਦੋਹਾਂ ਨੇ ਹੀ ਲੰਮੀ ਛਾਲ ਲਾਉਂਦਿਆਂ ਬੌਬ ਬੀਮਨ ਦਾ ਵਿਸ਼ਵ ਰਿਕਾਰਡ ਤੋੜਿਆ। ਉੱਥੇ ਕਾਰਲ ਲੇਵਿਸ ਨੇ 8.91 ਮੀਟਰ ਤੇ ਪੋਵਲ ਨੇ 8-95 ਮੀਟਰ ਲੰਮੀ ਛਾਲ ਲਾਈ। ਉਹ ਮੁਕਾਬਲਾ ਅੱਜ ਵੀ ਯੂ-ਟਿਊਬ ਤੋਂ ਵੇਖਿਆ ਜਾ ਸਕਦੈ।

ਕਾਰਲ ਲੇਵਿਸ ਵਿਆਹਿਆ ਵਰਿਆ ਹੈ। ਉਸ ਦੀ ਪਤਨੀ ਮਾਰੀਆ ਲੇਵਿਸ ਹੈ ਤੇ ਪੁੱਤਰ ਬੈਕਿਮ ਲੇਵਿਸ। ਕਾਰਲ 1997 ਵਿੱਚ ਖੇਡਾਂ ਤੋਂ ਰਿਟਾਇਰ ਹੋ ਕੇ ਟੀਵੀ ਤੇ ਫਿਲਮਾਂ ‘ਚ ਕੰਮ ਕਰਨ ਲੱਗ ਪਿਆ ਸੀ। ਉਸ ਨੇ ਲੋਕਾਂ ਨੂੰ ਫਿੱਟ ਰੱਖਣ ਲਈ ‘ਕਾਰਲ ਲੇਵਿਸ ਫਾਊਂਡੇਸ਼ਨ ਫਾਰ ਫਿਟਨੈੱਸ’ ਬਣਾਈ ਹੈ। ਜਦੋਂ ਮਿਲਖਾ ਸਿੰਘ ਬਾਰੇ ਫਿਲਮ ‘ਭਾਗ ਮਿਲਖਾ ਭਾਗ’ ਬਣੀ ਸੀ ਤਾਂ ਉਸ ਨੇ ਫਿਲਮ ਵੇਖ ਕੇ ਮਿਲਖਾ ਸਿੰਘ ਦੀ ਮਿਹਨਤ ਤੇ ਸਿਰੜ ਨੂੰ ਸਲਾਮ ਕਰਦਿਆਂ ਮਿਲਖਾ ਸਿੰਘ ਨੂੰ ਰੱਜ ਕੇ ਸਲਾਹਿਆ ਸੀ। ਮਿਲਖਾ ਸਿੰਘ ਨੇ ਵੀ ਕਾਰਲ ਲੇਵਿਸ ਦਾ ਸ਼ੁਕਰੀਆ ਅਦਾ ਕੀਤਾ ਸੀ।

ਕਾਰਲ ਲੇਵਿਸ ਨੂੰ ਅਨੇਕਾਂ ਮਾਣ ਸਨਮਾਨ ਮਿਲੇ ਜਿਨ੍ਹਾਂ ਵਿੱਚ ‘ਸਪੋਰਟਸਮੈਨ ਆਫ ਦਿ ਸੈਂਚਰੀ’ ਤੋਂ ‘ਹਾਲ ਆਫ ਫੇਮ’ ਅਤੇ ਉਹਦੀਆਂ ਡਾਕ ਟਿਕਟਾਂ ਜਾਰੀ ਕਰਨ ਦੇ ਵੀ ਹਨ। ਉਸ ਨੇ ਡੈਮੋਕਰੈਟ ਉਮੀਦਵਾਰ ਵਜੋਂ ਚੋਣ ਲੜਨ ਦੀ ਵੀ ਤਿਆਰੀ ਕੀਤੀ ਸੀ, ਪਰ ਲੜ ਨਾ ਸਕਿਆ। ਕਾਰਲ ਲੇਵਿਸ ਬਾਰੇ ਕਿਹਾ ਜਾਂਦੈ ਕਿ ਉਹ ਪੱਤੋ ਦੇ ਸ਼ੌਕੀਨਾਂ ਵਾਂਗ ਸ਼ੌਕੀਨ ਵੀ ਵਾਹਵਾ ਹੈ। ਕਾਲੇ ਰੰਗ ਦਾ ਵੀ ਆਪਣਾ ਸੁਹੱਪਣ ਹੁੰਦੈ। ਉਹਦੇ ਦੰਦ ਇਕਸਾਰ ਹਨ, ਕੰਨ ਛੋਟੇ ਅਤੇ ਸਿਰ ਦੇ ਵਾਲ ਨਿੱਕੇ ਤੇ ਸੰਘਣੇ। ਧੌਣ ਮੋਟੀ ਤੇ ਹੱਥ ਪੈਰ ਚੌੜੇ। ਪਾਊਡਰ ਤੇ ਕਰੀਮਾਂ ਲਾਉਣ ਨਾਲ ਉਹਦਾ ਕਾਲਾ ਚਿਹਰਾ ਲਿਸ਼ਕਾਂ ਮਾਰਦਾ ਰਹਿੰਦੈ। ਉਹ ਅਕਸਰ ਕਹਿੰਦਾ ਰਿਹੈ, “ਮੈਂ ਮੁਹੰਮਦ ਅਲੀ ਨਾਲੋਂ ਸੋਹਣਾ!” ਉਹਦਾ ਜੁੱਸਾ ਸੱਚਮੁੱਚ ਹੀ ਕਿਸੇ ਕਲਾਕਾਰ ਦੀ ਸਿਰਜੀ ਸੁੰਦਰ ਮੂਰਤੀ ਵਰਗਾ ਹੈ। ਕਾਰਲ ਲੇਵਿਸ, ਕਾਰਲ ਲੇਵਿਸ ਹੀ ਹੈ, ਅਜਿਹੇ ਖਿਡਾਰੀ ਨਿੱਤ ਨਿੱਤ ਨਹੀਂ ਜੰਮਦੇ!
ਈਮੇਲ: principalsarwansingh@gmail.com

Advertisement
Tags :
ਓਲੰਪਿਕਕਾਰਲਜਿੱਤਣਮੈਡਲਲੇਵਿਸਵਾਲਾ