ਛੋਟਾ ਪਰਦਾ
04:46 AM Apr 19, 2025 IST
ਧਰਮਪਾਲ
ਅਲੀ ਫਜ਼ਲ ਅਤੇ ਸੋਨਾਲੀ ਬੇਂਦਰੇ ਦੀ ਵੈੱਬ ਸੀਰੀਜ਼
ਅਦਾਕਾਰ ਅਲੀ ਫਜ਼ਲ ਅਤੇ ਸੋਨਾਲੀ ਬੇਂਦਰੇ ਨੇ ਦਿੱਲੀ ਵਿੱਚ ਆਪਣੀ ਨਵੀਂ ਵੈੱਬ ਸੀਰੀਜ਼ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਸ਼ੋਅ ਦਾ ਨਿਰਦੇਸ਼ਨ ਮਸ਼ਹੂਰ ‘ਪਾਤਾਲ ਲੋਕ’ ਦੇ ਨਿਰਦੇਸ਼ਕ ਪ੍ਰੋਸਿਤ ਰਾਏ ਕਰ ਰਹੇ ਹਨ। ਇਹ ਸੀਰੀਜ਼ ਦਿੱਲੀ ਦੇ ਬਦਨਾਮ ਰੰਗਾ-ਬਿੱਲਾ ਕਤਲ ਕੇਸ ’ਤੇ ਆਧਾਰਿਤ ਮੰਨੀ ਜਾ ਰਹੀ ਹੈ ਜੋ ਦੇਸ਼ ਦੇ ਸਭ ਤੋਂ ਹੈਰਾਨ ਕਰਨ ਵਾਲੇ ਅਤੇ ਉੱਚ-ਪ੍ਰੋਫਾਈਲ ਅਪਰਾਧਾਂ ਵਿੱਚੋਂ ਇੱਕ ਸੀ। ਇਸ ਘਟਨਾ ਨੇ ਦਿੱਲੀ ਦੇ ਇਤਿਹਾਸ ਅਤੇ ਪਛਾਣ ਨੂੰ ਬਹੁਤ ਪ੍ਰਭਾਵਿਤ ਕੀਤਾ।
Advertisement

ਇਹ ਮਾਮਲਾ 1978 ਦਾ ਹੈ, ਜਦੋਂ ਦੋ ਭੈਣ-ਭਰਾ ਗੀਤਾ ਅਤੇ ਸੰਜੇ ਚੋਪੜਾ ਨੂੰ ਬੇਰਹਿਮੀ ਨਾਲ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਬੱਚਿਆਂ ਨੂੰ ਕੁਲਜੀਤ ਸਿੰਘ ਉਰਫ਼ ਰੰਗਾ ਅਤੇ ਜਸਬੀਰ ਸਿੰਘ ਉਰਫ਼ ਬਿੱਲਾ ਨੇ ਅਗਵਾ ਕੀਤਾ ਸੀ। ਪਹਿਲਾਂ ਤਾਂ ਉਨ੍ਹਾਂ ਨੇ ਕਾਰ ਚੋਰੀ ਕਰਨ ਦੀ ਯੋਜਨਾ ਬਣਾਈ ਸੀ, ਪਰ ਕਾਰ ਵਿੱਚ ਬੱਚਿਆਂ ਨੂੰ ਦੇਖ ਕੇ ਉਨ੍ਹਾਂ ਨੇ ਆਪਣੀ ਯੋਜਨਾ ਬਦਲ ਲਈ। ਇਸ ਮਾਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਸੀ। ਇਸ ਘਟਨਾ ਤੋਂ ਬਾਅਦ ਬਾਲ ਸੁਰੱਖਿਆ ਅਤੇ ਅਗਵਾ ਨਾਲ ਸਬੰਧਤ ਕਾਨੂੰਨ ਹੋਰ ਸਖ਼ਤ ਕਰ ਦਿੱਤੇ ਗਏ ਸਨ।
ਇਹ ਸੀਰੀਜ਼ ਅਪਰਾਧ ਦੀ ਗਹਿਰਾਈ, ਇਸ ਦੇ ਪ੍ਰਭਾਵ ਅਤੇ ਉਸ ਤੋਂ ਬਾਅਦ ਦੀ ਜਾਂਚ ਨੂੰ ਦਿਖਾਉਣ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ ਨਿਰਮਾਤਾਵਾਂ ਨੇ ਇਸ ਕਹਾਣੀ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਹੈ, ਪਰ ਸੂਤਰਾਂ ਅਨੁਸਾਰ ਇਹ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ। ਸ਼ੋਅ ਨਾਲ ਜੁੜੇ ਇੱਕ ਸੂਤਰ ਨੇ ਕਿਹਾ, ‘‘ਟੀਮ ਪਿਛਲੇ ਕਈ ਮਹੀਨਿਆਂ ਤੋਂ ਇਸ ਕੇਸ ਦੀ ਖੋਜ ਕਰ ਰਹੀ ਹੈ। ਇਸ ਦੀ ਸ਼ੂਟਿੰਗ ਦਿੱਲੀ ਵਿੱਚ ਸ਼ੁਰੂ ਹੋ ਗਈ ਹੈ ਅਤੇ ਇਹ ਸੀਰੀਜ਼ ਇਸ ਗੱਲ ’ਤੇ ਕੇਂਦਰਿਤ ਹੋਵੇਗੀ ਕਿ ਕਤਲ ਕੇਸ ਤੋਂ ਬਾਅਦ ਕੀ ਹੋਇਆ। ਇਸ ਨੂੰ ਬਹੁਤ ਹੀ ਸੰਵੇਦਨਸ਼ੀਲ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ ਅਤੇ ਇਸ ਦਾ ਮਕਸਦ ਇਹ ਦਿਖਾਉਣਾ ਹੈ ਕਿ ਇਸ ਮਾਮਲੇ ਨੇ ਦਿੱਲੀ ਨੂੰ ਕਿੰਨਾ ਪ੍ਰਭਾਵਿਤ ਕੀਤਾ। ਫਿਲਹਾਲ ਇਸ ਦੀ ਸ਼ੂਟਿੰਗ ਦਿੱਲੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਚੱਲ ਰਹੀ ਹੈ।’’
ਇਹ ਪਹਿਲੀ ਵਾਰ ਹੈ ਜਦੋਂ ਰੰਗਾ-ਬਿੱਲਾ ਕੇਸ ਇੱਕ ਸੀਰੀਜ਼ ਵਿੱਚ ਦਿਖਾਇਆ ਜਾ ਰਿਹਾ ਹੈ, ਜਿਸ ਵਿੱਚ ਅਲੀ ਫਜ਼ਲ ਅਤੇ ਸੋਨਾਲੀ ਬੇਂਦਰੇ ਮੁੱਖ ਭੂਮਿਕਾਵਾਂ ਵਿੱਚ ਹਨ।
ਆਦੇਸ਼ ਚੌਧਰੀ ਬਣਿਆ ਜਾਸੂਸ
ਪਰੰਪਰਾਗਤ ਭੂਮਿਕਾਵਾਂ ਤੋਂ ਵੱਖ ਹੋ ਕੇ ਅਦਾਕਾਰ ਆਦੇਸ਼ ਚੌਧਰੀ ਹੁਣ ਇੱਕ ਜਾਸੂਸ ਬਣ ਗਿਆ ਹੈ, ਪਰ ਕੋਈ ਆਮ ਜਾਸੂਸ ਨਹੀਂ। ਆਪਣੇ ਨਵੇਂ ਪ੍ਰਾਜੈਕਟ ‘ਦਿ ਐੱਚ ਫਾਈਲਜ਼’ ਵਿੱਚ ਆਦੇਸ਼ ਦਾ ਉਦੇਸ਼ ਸਿਰਫ਼ ਮਨੋਰੰਜਨ ਕਰਨਾ ਹੀ ਨਹੀਂ, ਸਗੋਂ ਜਾਗਰੂਕਤਾ ਪੈਦਾ ਕਰਨਾ ਵੀ ਹੈ। ਇਹ ਸ਼ੋਅ ਬੌਟਮਜ਼ ਅੱਪ ਸਟੂਡੀਓਜ਼ ਦੇ ਯੂਟਿਊਬ ਚੈਨਲ ’ਤੇ ਪ੍ਰਸਾਰਿਤ ਹੋਵੇਗਾ ਅਤੇ ਇੱਕ ਵਿਲੱਖਣ ਜਾਸੂਸੀ ਸ਼ੈਲੀ ਵਿੱਚ ਰਹੱਸਮਈ ਸਿਹਤ ਨਾਲ ਸਬੰਧਿਤ ਕਹਾਣੀਆਂ ਪੇਸ਼ ਕਰੇਗਾ।
ਆਦੇਸ਼ ਕਹਿੰਦਾ ਹੈ, ‘‘ਅੱਜ ਦੇ ਸਮੇਂ ਵਿੱਚ ਚੰਗੀ ਸਿਹਤ ਬਣਾਈ ਰੱਖਣਾ ਬਹੁਤ ਮਹੱਤਵਪੂਰਨ ਹੋ ਗਿਆ ਹੈ ਅਤੇ ਮੈਨੂੰ ‘ਦਿ ਐੱਚ ਫਾਈਲਜ਼’ ਦਾ ਸੰਕਲਪ ਬਹੁਤ ਦਿਲਚਸਪ ਲੱਗਿਆ। ਇੰਟਰਨੈੱਟ ’ਤੇ ਬਹੁਤ ਸਾਰੀਆਂ ਗ਼ਲਤ ਜਾਣਕਾਰੀਆਂ ਫੈਲ ਰਹੀਆਂ ਹਨ, ਇਸ ਲਈ ਮੇਰੇ ਦੋਸਤ ਅਤੇ ਨਿਰਮਾਤਾ ਕੁਨਾਲ ਗਰੁੜ ਜੋ ਕਲਿੰਕ ਕਮਿਊਨੀਕੇਸ਼ਨ ਅਤੇ ਬੌਟਮਜ਼ ਅੱਪ ਸਟੂਡੀਓ ਦੇ ਮਾਲਕ ਵੀ ਹਨ ਅਤੇ ਮੈਂ ਇਹ ਵਿਚਾਰ ਕੀਤਾ ਅਤੇ ਇਸ ਜਾਣਕਾਰੀ ਨੂੰ ਸਿਰਜਣ ਲਈ ਵਿਲੱਖਣ ਕੰਮ ਕੀਤਾ ਹੈ।’’
ਆਪਣੇ ਕਿਰਦਾਰ ਬਾਰੇ ਗੱਲ ਕਰਦੇ ਹੋਏ ਆਦੇਸ਼ ਕਹਿੰਦਾ ਹੈ, ‘‘ਮੈਂ ਇੱਕ ਜਾਸੂਸ ਦੀ ਭੂਮਿਕਾ ਨਿਭਾ ਰਿਹਾ ਹਾਂ ਜੋ ਵੱਖ-ਵੱਖ ਮਾਮਲਿਆਂ ਦੀ ਜਾਂਚ ਕਰਦਾ ਹੈ ਅਤੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਂਦਾ ਹੈ। ਅੱਜ ਤੱਕ ਕਿਸੇ ਨੇ ਵੀ ਸਿਹਤ ਨਾਲ ਸਬੰਧਤ ਤੱਥ ਇਸ ਤਰ੍ਹਾਂ ਪੇਸ਼ ਨਹੀਂ ਕੀਤੇ ਹਨ, ਇਸ ਲਈ ‘ਦਿ ਐੱਚ ਫਾਈਲਜ਼’ ਇੱਕ ਨਵਾਂ ਅਨੁਭਵ ਹੋਵੇਗਾ।’’
‘ਸਸੁਰਾਲ ਸਿਮਰ ਕਾ’, ‘ਯੇ ਦਿਲ ਸੁਨ ਰਹਾ ਹੈ’ ਅਤੇ ‘ਲਾਲ ਇਸ਼ਕ’ ਵਰਗੇ ਪ੍ਰਸਿੱਧ ਸ਼ੋਅਜ਼ ਵਿੱਚ ਆਪਣੇ ਦਮਦਾਰ ਪ੍ਰਦਰਸ਼ਨ ਲਈ ਜਾਣਿਆ ਜਾਂਦਾ, ਆਦੇਸ਼ ਹਮੇਸ਼ਾਂ ਗੰਭੀਰ ਅਤੇ ਕੰਟੈਂਟ-ਆਧਾਰਿਤ ਕਹਾਣੀਆਂ ਵੱਲ ਝੁਕਾਅ ਰੱਖਦਾ ਹੈ, ਪਰ ਇਸ ਵਾਰ ਉਹ ਦੋਹਰੀ ਤਾਕਤ- ਗਿਆਨ ਅਤੇ ਪ੍ਰਦਰਸ਼ਨ ਨਾਲ ਵਾਪਸ ਆਇਆ ਹੈ।
ਉਹ ਅੱਗੇ ਕਹਿੰਦਾ ਹੈ, ‘‘ਜਦੋਂ ਕੋਈ ਚੀਜ਼ ਰਚਨਾਤਮਕ ਤਰੀਕੇ ਨਾਲ ਪੇਸ਼ ਕੀਤੀ ਜਾਂਦੀ ਹੈ ਤਾਂ ਲੋਕ ਇਸ ਨੂੰ ਜ਼ਿਆਦਾ ਪਸੰਦ ਕਰਦੇ ਹਨ। ਦਰਸ਼ਕ ਇਸ ਸ਼ੋਅ ਨੂੰ ਪਸੰਦ ਕਰਨਗੇ। ਉਨ੍ਹਾਂ ਨੂੰ ਆਪਣੀ ਸਿਹਤ ਅਤੇ ਉਨ੍ਹਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਨਜ਼ਰਅੰਦਾਜ਼ ਕਰਦੇ ਹਨ। ਇਹ ਕੋਈ ਆਮ ਜਾਸੂਸੀ ਸ਼ੋਅ ਨਹੀਂ ਹੈ।’’
ਆਦੇਸ਼ ਕਹਿੰਦਾ ਹੈ, “ਅੱਜਕੱਲ੍ਹ, ਲੋਕ ਅਜਿਹੀ ਸਮੱਗਰੀ ਚਾਹੁੰਦੇ ਹਨ ਜੋ ਮਨੋਰੰਜਕ ਅਤੇ ਲਾਭਦਾਇਕ ਹੋਵੇ। ਮੇਰੇ ਲਈ ‘ਦਿ ਐੱਚ ਫਾਈਲਜ਼’ ਮਜ਼ੇਦਾਰ ਅਤੇ ਤੱਥ ਦੋਵਾਂ ਦਾ ਸੁਮੇਲ ਹੈ। ਇਹ ਇੱਕ ਰਹੱਸਮਈ ਸ਼ੋਅ ਹੈ ਜਿੱਥੇ ਅਸਲੀ ਖ਼ਲਨਾਇਕ ‘ਜਾਗਰੂਕਤਾ ਦੀ ਕਮੀ’ ਹੈ ਅਤੇ ਹੀਰੋ ‘ਸਿਹਤ’ ਹੈ। ਇਸ ਲਈ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਤਿਆਰ ਰਹੋ।’’
‘ਕੁਮਕੁਮ ਭਾਗਿਆ’ ’ਚ ਨਵਾਂ ਮੋੜ
ਜ਼ੀ ਟੀਵੀ ਦੇ ਸ਼ੋਅ ‘ਕੁਮਕੁਮ ਭਾਗਿਆ’ ਨੇ ਹਾਲ ਹੀ ਵਿੱਚ ਇੱਕ ਨਵੀਂ ਪੀੜ੍ਹੀ ਨੂੰ ਪੇਸ਼ ਕੀਤਾ ਹੈ, ਜਿਸ ਵਿੱਚ ਤੀਬਰ ਡਰਾਮਾ, ਗਹਿਰੀਆਂ ਭਾਵਨਾਵਾਂ ਅਤੇ ਦਿਲਚਸਪ ਮੋੜ ਸ਼ਾਮਲ ਹਨ। ਇਸ ਦੇ ਨਾਲ ਹੀ ਇੱਕ ਨਵਾਂ ਚਿਹਰਾ ਸ਼ੋਅ ਵਿੱਚ ਸ਼ਾਮਲ ਹੋ ਰਿਹਾ ਹੈ। ਮਸ਼ਹੂਰ ਟੀਵੀ ਐਕਟਰ ਆਰੀਅਨ ਰਾਜਪੂਤ, ਮਯੰਕ ਦੀ ਭੂਮਿਕਾ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਉਹ ਰੌਨਕ (ਅਕਸ਼ੇ ਦੇਵ ਬਿੰਦਰਾ) ਦਾ ਕਰੀਬੀ ਦੋਸਤ ਹੈ ਜੋ ਉਸ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਭਾਰਤ ਆਇਆ ਹੈ, ਪਰ ਉਸ ਦਾ ਪ੍ਰਵੇਸ਼ ਕਹਾਣੀ ’ਚ ਨਵੇਂ ਮੋੜ ਲੈ ਕੇ ਆਵੇਗਾ ਜੋ ਦਰਸ਼ਕਾਂ ਨੂੰ ਹੈਰਾਨ ਕਰ ਦੇਵੇਗਾ।
Advertisement
ਸ਼ੋਅ ਦਾ ਹਿੱਸਾ ਬਣਨ ’ਤੇ ਆਪਣੀ ਖ਼ੁਸ਼ੀ ਜ਼ਾਹਰ ਕਰਦੇ ਹੋਏ ਆਰੀਅਨ ਰਾਜਪੂਤ ਨੇ ਕਿਹਾ, ‘‘ਕੁਮਕੁਮ ਭਾਗਿਆ’ ਵਰਗੇ ਵੱਕਾਰੀ ਸ਼ੋਅ ਦਾ ਹਿੱਸਾ ਬਣਨਾ ਮੇਰੇ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ। ਇਹ ਸ਼ੋਅ ਹਮੇਸ਼ਾਂ ਦਰਸ਼ਕਾਂ ਦਾ ਪਸੰਦੀਦਾ ਰਿਹਾ ਹੈ ਅਤੇ ਇਸ ਦੀ ਦੁਨੀਆ ਵਿੱਚ ਕਦਮ ਰੱਖਣਾ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ। ਮੇਰਾ ਕਿਰਦਾਰ ਮਯੰਕ ਕਹਾਣੀ ਵਿੱਚ ਨਵਾਂ ਉਤਸ਼ਾਹ ਅਤੇ ਵਿਲੱਖਣ ਮੋੜ ਲਿਆਉਂਦਾ ਹੈ। ਮੈਂ ਦਰਸ਼ਕਾਂ ਨੂੰ ਉਸ ਦੇ ਸਫ਼ਰ ਨਾਲ ਜੋੜਨ ਲਈ ਉਤਸੁਕਤਾ ਨਾਲ ਉਡੀਕ ਕਰ ਰਿਹਾ ਹਾਂ। ਉਸ ਬਾਰੇ ਕੁਝ ਵੀ ਅੰਦਾਜ਼ਾ ਲਗਾਉਣਾ ਔਖਾ ਹੈ। ਇਸ ਕਾਰਨ ਇਸ ਨੂੰ ਨਿਭਾਉਣਾ ਹੋਰ ਵੀ ਦਿਲਚਸਪ ਹੋ ਜਾਂਦਾ ਹੈ। ਅਕਸ਼ੈ ਅਤੇ ਪ੍ਰਣਾਲੀ ਵਰਗੇ ਅਦਭੁੱਤ ਕਲਾਕਾਰਾਂ ਨਾਲ ਕੰਮ ਕਰਨਾ ਹੁਣ ਤੱਕ ਦਾ ਸ਼ਾਨਦਾਰ ਅਨੁਭਵ ਰਿਹਾ ਹੈ। ਸੈੱਟ ’ਤੇ ਮਾਹੌਲ ਬਹੁਤ ਦੋਸਤਾਨਾ ਹੈ ਅਤੇ ਪੂਰੀ ਟੀਮ ਨੇ ਮੈਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਹੈ। ਮੈਨੂੰ ਯਕੀਨ ਹੈ ਕਿ ‘ਕੁਮਕੁਮ ਭਾਗਿਆ’ ਦਾ ਇਹ ਨਵਾਂ ਸਫ਼ਰ ਅੰਤ ਤੱਕ ਦਰਸ਼ਕਾਂ ਨੂੰ ਬੰਨ੍ਹ ਕੇ ਰੱਖੇਗਾ।’’
Advertisement