ਫ਼ਿਲਮ ‘ਸਿਤਾਰੇ ਜਮੀਂ ਪਰ’ ’ਚ ਆਮਿਰ ਖ਼ਾਨ ਪੇਸ਼ ਕਰੇਗਾ ਦਸ ਨਵੇਂ ਕਲਾਕਾਰ
ਨਵੀਂ ਦਿੱੱਲੀ:
ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਨਿਰਮਾਣ ਕੰਪਨੀ ਨੇ ਅੱਜ ਆਪਣੀ ਅਗਾਮੀ ਫਿਲਮ ‘ਸਿਤਾਰੇ ਜਮੀਂ ਪਰ’ ਦਾ ਪਹਿਲਾ ਪੋਸਟਰ ਜਾਰੀ ਕੀਤਾ ਹੈ। ਇਸ ਫ਼ਿਲਮ ਨਾਲ ਦਸ ਨਵੇਂ ਕਲਾਕਾਰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣਗੇ। 2007 ਦੀ ਸੁਪਰਹਿੱਟ ਫਿਲਮ ‘ਤਾਰੇ ਜਮੀਂ ਪਰ’ ਦਾ ਅਗਲਾ ਭਾਗ ਦੱਸੀ ਜਾ ਰਹੀ ਇਹ ਫ਼ਿਲਮ 20 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ‘ਸ਼ੁਭ ਮੰਗਲ ਸਾਵਧਾਨ’ ਦੇ ਨਿਰਦੇਸ਼ਕ ਆਰਐੱਸ ਪ੍ਰਸੰਨਾ ਨੇ ਦਿੱਤਾ ਅਤੇ ਇਸ ਨੂੰ ‘ਆਮਿਰ ਖ਼ਾਨ ਪ੍ਰੋਡਕਸ਼ਨ’ ਨੇ ਬਣਾਇਆ ਹੈ। ਆਮਿਰ ਖ਼ਾਨ ਪ੍ਰੋਡਕਸ਼ਨ ਨੇ ਇੰਸਟਾਗ੍ਰਾਮ ’ਤੇ ਪੋਸਟਰ ਸਾਂਝਾ ਕਰਦਿਆਂ ਲਿਖਿਆ ਕਿ ਇੱਕ ਫ਼ਿਲਮ ਜੋ ਪਿਆਰ, ਹਾਸਾ ਅਤੇ ਖੁਸ਼ੀ ਦਾ ਜਸ਼ਨ ਮਨਾਉਂਦੀ ਹੈ। ਫ਼ਿਲਮ ਵਿੱਚ ਆਮਿਰ ਖ਼ਾਨ ਅਤੇ ਜੈਨੇਲੀਆ ਡਿਸੂਜਾ ਮੁੱਖ ਅਦਾਕਾਰ ਹਨ। ਉਨ੍ਹਾਂ ਨਾਲ ਦਸ ਨਵੇਂ ਕਲਾਕਾਰ ਫ਼ਿਲਮ ਵਿੱਚ ਨਜ਼ਰ ਆਉਣਗੇ। ਇਨ੍ਹਾਂ ਕਲਾਕਾਰਾਂ ਵਿੱਚ ਆਰੂਸ਼ ਦੱਤਾ, ਗੋਪੀ ਕ੍ਰਿਸ਼ਨ ਵਰਮਾ, ਸੰਭਿਤ ਦੇਸਾਈ, ਵੇਦਾਂਤ ਸ਼ਰਮਾ, ਆਯੂਸ਼ ਭੰਸਾਲੀ, ਅਸ਼ੀਸ਼ ਪੇਂਡਸੇ, ਰਿਸ਼ੀ ਸ਼ਾਹਨੀ, ਰਿਸ਼ਭ ਜੈਨ, ਨਮਨ ਮਿਸ਼ਰਾ ਅਤੇ ਸਿਮਰਨ ਮੰਗੇਸ਼ਵਰ ਸ਼ਾਮਲ ਹਨ। ਫ਼ਿਲਮ ਦੀ ਕਹਾਣੀ ਦਿਵੈ ਨਿਧੀ ਨੇ ਲਿਖੀ ਹੈ। ਫ਼ਿਲਮ ਦਾ ਸੰਗੀਤ ਉੱਘੀ ਤਿਕੜੀ ਸ਼ੰਕਰ-ਅਹਿਸਾਨ-ਲਾਏ ਨੇ ਤਿਆਰ ਕੀਤਾ ਹੈ, ਜਦੋਂਕਿ ਗੀਤਕਾਰ ਅਮਿਤਾਭ ਭੱਟਾਚਾਰੀਆ ਹੈ। ਫਿਲਮ ‘ਸਿਤਾਰੇ ਜਮੀਂ ਪਰ’ ਨਾਲ ਆਮਿਰ ਖ਼ਾਨ ਦੀ ਲਗਪਗ ਤਿੰਨ ਸਾਲਾਂ ਬਾਅਦ ਸਿਨੇਮਾਘਰਾਂ ਵਿੱਚ ਵਾਪਸੀ ਹੋ ਰਹੀ ਹੈ। ਉਸ ਦੀ ਪਿਛਲੀ ਫ਼ਿਲਮ ‘ਲਾਲ ਸਿੰਘ ਚੱਢਾ’ ਹੈ। -ਪੀਟੀਆਈ