ਪਲਕ ਅਤੇ ਅਨੂਪ ਦੀ ‘ਰੋਮੀਓ ਐੱਸ 3’ ਦਾ ਟ੍ਰੇਲਰ ਰਿਲੀਜ਼
ਮੁੰਬਈ:
ਅਦਾਕਾਰ ਠਾਕੁਰ ਅਨੂਪ ਸਿੰਘ ਅਤੇ ਪਲਕ ਤਿਵਾੜੀ ਦੀ ਐਕਸ਼ਨ ਫਿਲਮ ‘ਰੋਮੀਓ ਐੱਸ 3’ ਦਾ ਟ੍ਰੇਲਰ ਜਾਰੀ ਕੀਤਾ ਗਿਆ ਹੈ। ਅੱਜ ਜਾਰੀ ਕੀਤਾ ਟ੍ਰੇਲਰ ਗੋਆ ਨਾਲ ਜੁੜੀ ਅਪਰਾਧਕ ਕਹਾਣੀ ਤੋਂ ਜਾਣੂ ਕਰਵਾਉਂਦਾ ਹੈ। ਇਸ ਫਿਲਮ ਵਿੱਚ ਠਾਕੁਰ ਅਨੂਪ ਸਿੰਘ ਨੇ ਡੀਸੀਪੀ ਸੰਗਰਾਮ ਸਿੰਘ ਸ਼ੇਖਾਵਤ ਦਾ ਕਿਰਦਾਰ ਅਦਾ ਕੀਤਾ ਹੈ। ਸਖ਼ਤ ਸੁਭਾਅ ਵਾਲੇ ਪੁਲੀਸ ਅਧਿਕਾਰੀ ਨੂੰ ਇਸ ਫਿਲਮ ਵਿੱਚ ਨਸ਼ਾ ਤਸਕਰ ਗਰੋਹ ਨੂੰ ਕਾਬੂ ਕਰਦਿਆਂ ਦਿਖਾਇਆ ਗਿਆ ਹੈ। ਦੂਜੇ ਪਾਸੇ, ਇਸ ਫਿਲਮ ਵਿੱਚ ਪਲਕ ਤਿਵਾੜੀ ਨੂੰ ਖੋਜੀ ਪੱਤਰਕਾਰ ਵਜੋਂ ਦਿਖਾਇਆ ਗਿਆ ਹੈ। ਉਸ ਵੱਲੋਂ ਕੀਤਾ ਕੰਮ ਉਸ ਨੂੰ ਵੀ ਲੜਾਈ ਵਿੱਚ ਲੈ ਆਉਂਦਾ ਹੈ। ਇਸ ਫਿਲਮ ਦਾ ਨਿਰਦੇਸ਼ਨ ਗੁੱਡੂ ਧਨੋਆ ਨੇ ਕੀਤਾ ਹੈ। ਇਸ ਨੂੰ ਪੈੱਨ ਸਟੂਡੀਓਜ਼ ਅਤੇ ਵਾਈਲਡ ਰਿਵਰ ਪਿੱਕਚਰਜ਼ ਵੱਲੋਂ ਪੇਸ਼ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਅਨੂਪ ਨੇ ਕਿਹਾ ਕਿ ਇਸ ਫਿਲਮ ਰਾਹੀਂ ਉਨ੍ਹਾਂ ਨੇ ਦਿਲੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਕਿਹਾ ਕਿ ਉਹ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦੀ ਹੈ, ਜਿਨ੍ਹਾਂ ਨੇ ਉਸ ਨੂੰ ਇੱਕ ਐਕਸ਼ਨ ਹੀਰੋ ਵਜੋਂ ਇੱਥੋਂ ਤੱਕ ਪੁੱਜਣ ਦਾ ਮੌਕਾ ਦਿੱਤਾ ਹੈ। ਉਸ ਨੇ ਕਿਹਾ ਕਿ ਨਿਰਦੇਸ਼ਕ ਧਨੋਆ ਨਾਲ ਕੰਮ ਕਰਨਾ ਉਸ ਲਈ ਚੰਗਾ ਤਜਰਬਾ ਸੀ। ਅਦਾਕਾਰ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਫਿਲਮ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਨਵੀਂ ਊਰਜਾ ਭਰਨ ਦਾ ਵੀ ਕੰਮ ਕਰੇਗੀ। ਇਸ ਸਬੰਧੀ ਪਲਕ ਨੇ ਕਿਹਾ ਕਿ ਇਹ ਫਿਲਮ ਰਿਲੀਜ਼ ਹੋਣ ’ਤੇ ਉਸ ਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ। ਇਹ ਫਿਲਮ 16 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। -ਏਐੱਨਆਈ