ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵੱਲੋਂ ਮੋਤਬੱਤੀ ਮਾਰਚ
ਕੁਲਦੀਪ ਸਿੰਘ
ਚੰਡੀਗੜ੍ਹ, 22 ਅਗਸਤ
ਯੂਟੀ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਮੁਲਾਜ਼ਮਾਂ ਦੀਆਂ ਰਹਿੰਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਚੰਡੀਗੜ੍ਹ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਦੀ ਕੜੀ ਵਜੋਂ ਅੱਜ ਸੈਕਟਰ-17 ਵਿੱਚ ਮੋਤਬੱਤੀ ਮਾਰਚ ਕੱਢਿਆ ਗਿਆ। ਮੁਲਾਜ਼ਮਾਂ ਨੇ ਹੱਥਾਂ ਵਿੱਚ ਆਪਣੀਆਂ ਮੰਗਾਂ ਬਾਰੇ ਲਿਖੇ ਹੋਏ ਸਲੋਗਨਾਂ ਵਾਲੀਆਂ ਤਖ਼ਤੀਆਂ ਅਤੇ ਮੋਮਬੱਤੀਆਂ ਫੜੀਆਂ ਹੋਈਆਂ ਸਨ। ਕਨਵੀਨਰ ਰਾਕੇਸ਼ ਕੁਮਾਰ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੰਸਦ ਮੈਂਬਰ ਕਿਰਨ ਖੇਰ ਵੀ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਚੁੱਪ ਧਾਰ ਕੇ ਬੈਠੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਵਿੱਚ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਤਨਖਾਹਾਂ 1 ਅਪਰੈਲ 2020 ਤੋਂ ਵਧਾਉਣਾ, ਮੁਲਾਜ਼ਮਾਂ ਲਈ ਸੁਰੱਖਿਅਤ ਪਾਲਿਸੀ ਬਣਾਉਣਾ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨਾ, ਨਗਰ ਨਿਗਮ ਅਤੇ ਯੂ.ਟੀ. ਪ੍ਰਸ਼ਾਸਨ ਅਧੀਨ ਕੰਮ ਕਰ ਰਹੇ ਸਾਰੇ ਡੇਲੀਵੇਜ਼ ਵਰਕਰਾਂ ਨੂੰ 13 ਮਾਰਚ 2014 ਦੀ ਪਾਲਿਸੀ ਮੁਤਾਬਕ ਭੱਤੇ ਦੇਣਾ, 1 ਜਨਵਰੀ 2020 ਤੋਂ ਡੀ.ਏ. ਰਿਲੀਜ਼ ਕਰਵਾਉਣਾ, ਖਾਲੀ ਪੋਸਟਾਂ ਤੁਰੰਤ ਭਰਨ, ਨੌਕਰੀ ਤੋਂ ਕੱਢੇ ਗਏ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ’ਤੇ ਲੈਣਾ, ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੂੰ ਨੌਕਰੀ ਦਿਵਾਉਣਾ ਆਦਿ ਸ਼ਾਮਲ ਹਨ। ਮੋਤਬੱਤੀ ਮਾਰਚ ਵਿੱਚ ਸ਼ਾਮਲ ਫੈੱਡਰੇਸ਼ਨ ਦੇ ਕਨਵੀਨਰ ਰਾਕੇਸ਼ ਕੁਮਾਰ, ਜਨਰਲ ਸਕੱਤਰ ਰਣਜੀਤ ਮਿਸ਼ਰਾ, ਚੇਅਰਮੈਨ ਅਨਿਲ ਕੁਮਾਰ, ਕੈਸ਼ੀਅਰ ਕਿਸ਼ੋਰੀ ਲਾਲ, ਵਾਈਸ ਪ੍ਰਧਾਨ ਹਰੀ ਮੋਹਨ, ਜੁਆਇੰਟ ਸਕੱਤਰ ਦਲਜੀਤ ਸਿੰਘ, ਯੂਨਾਈਟਿਡ ਪਬਲਿਕ ਹੈਲਥ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ, ਜਨਰਲ ਸਕੱਤਰ ਚਰਨਜੀਤ ਸਿੰਘ ਅਤੇ ਰਘੁਬੀਰ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਵੱਲੋਂ ਯੂਟੀ ਪ੍ਰਸ਼ਾਸਨ ਅਤੇ ਨਗਰ ਨਿਗਮ ਅਥਾਰਿਟੀ ਦੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਯੂਟੀ ਪ੍ਰਸ਼ਾਸਨ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਬਾਵਜੂਦ ਜਾਗ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।