ਨਹਿਰੀ ਰਜਵਾਹਾ ਟੁੱਟਿਆ, ਪੱਕਣ ਕਿਨਾਰੇ ਖੜੀ ਫ਼ਸਲ ਵਿਚ ਭਰਿਆ ਪਾਣੀ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 25 ਮਾਰਚ
ਮਹਿਲ ਕਲਾਂ ਦੇ ਪਿੰਡ ਚੰਨਣਵਾਲ ਵਿਚ ਅੱਜ ਕੁੱਝ ਸਮਾਂ ਪਹਿਲਾਂ ਬਣਿਆ ਰਜਵਾਹਾ ਟੁੱਟ ਗਿਆ ਅਤੇ ਰਜਵਾਹੇ ਦਾ ਪਾਣੀ ਵੱਡੇ ਪੱਧਰ ’ਤੇ ਖੇਤਾਂ ਵਿਚ ਭਰਨ ਕਾਰਨ ਫ਼ਸਲ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਗੁਰਜੰਟ ਸਿੰਘ ਨੇ ਦੱਸਿਆ ਕਿ ਮਹਿਲ ਕਲਾਂ ਦੇ ਚੱਕ ਦੇ ਪੁਲ ਤੋਂ ਨਹਿਰੀ ਰਜਵਾਹਾ ਉਨ੍ਹਾਂ ਦੇ ਪਿੰਡਾਂ ਵਿਚ ਬਣਾਇਆ ਗਿਆ ਸੀ, ਜੋ ਅੱਜ ਸਵੇਰੇ ਟੁੱਟ ਗਿਆ। ਉਨ੍ਹਾਂ ਦੱਸਿਆ ਕਿ ਰਜਵਾਹੇ ਵਿਚ ਕਰੀਬ 30 ਫ਼ੁੱਟ ਚੌੜਾ ਪਾੜ ਪੈ ਗਿਆ। ਜਿਸਦਾ ਪਾਣੀ ਖੇਤਾਂ ਵਿਚ ਭਰਨ ਕਾਰਨ ਕਣਕ ਅਤੇ ਮੂੰਗੀ ਦੀ ਕਰੀਬ 200 ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਪਿੰਡ ਦੇ ਕਿਸਾਨਾ ਵਲੋਂ ਹੀ ਰਜਵਾਹੇ ਨੂੰ ਬੰਦ ਕਰਨ ਲਈ ਆਰਜ਼ੀ ਪ੍ਰਬੰਧ ਕੀਤੇ ਜਾ ਰਹੇ ਹਨ। ਜਦੋਂ ਕਿ ਮਹਿਕਮੇ ਨੇ ਇਸ ਲਈ ਕੋਈ ਯਤਨ ਨਹੀਂ ਕੀਤੇ। ਪੀੜਤ ਕਿਸਾਨਾਂ ਨੇ ਕਿਹਾ ਕਿ ਨਹਿਰੀ ਵਿਭਾਗ ਦੀ ਇਸ ਅਣਗਹਿਲੀ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਕਿਸਾਨਾਂ ਨੇ ਕਿਹਾ ਕਿ ਰਜਵਾਹੇ ਲਈ ਘਟੀਆ ਮਟੀਰੀਅਲ ਵਰਤਿਆ ਗਿਆ ਹੈ, ਜਿਸ ਕਾਰਨ ਹੀ ਕੁੱਝ ਸਮੇਂ ਬਾਅਦ ਹੀ ਇਹ ਟੁੱਟ ਗਿਆ ਅਤੇ ਉਨ੍ਹਾਂ ਜਾਂਚ ਦੀ ਮੰਗ ਕੀਤੀ। ਇਸ ਮੌਕੇ ਪਹੁੰਚੇ ਨਹਿਰੀ ਵਿਭਾਗ ਦੇ ਐਸਡੀਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਪਾਣੀ ਬੰਦ ਕਰਵਾ ਦਿੱਤਾ ਹੈ।