ਧਰਮਕੋਟ ਵਿਚ ਆਧੁਨਿਕ ਪਾਰਕਿੰਗ ਬਣਾਉਣ ਦਾ ਕੰਮ ਸ਼ੁਰੂ
ਹਰਦੀਪ ਸਿੰਘ
ਧਰਮਕੋਟ, 27 ਮਾਰਚ
ਨਗਰ ਕੌਂਸਲ ਵਲੋਂ ਇੱਥੇ ਨਵੇਂ ਬੱਸ ਅੱਡੇ ਦੇ ਪਿੱਛੇ ਬਣਨ ਵਾਲੀ ਪਾਰਕਿੰਗ ਦਾ ਉਦਘਾਟਨ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਢੋਸ ਦੀ ਅਗਵਾਈ ਹੇਠ ਗੁਰਮੀਤ ਮਖੀਜਾ ਵਲੋਂ ਕੀਤਾ ਗਿਆ। ਇਸ ਕੰਮ ਲਈ ਸਰਕਾਰ ਵੱਲੋਂ ਨਗਰ ਕੌਂਸਲ ਨੂੰ 50 ਲੱਖ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ। ਵਿਧਾਇਕ ਢੋਸ ਬਜਟ ਸੈਸ਼ਨ ਵਿੱਚ ਰੁੱਝੇ ਹੋਣ ਕਾਰਨ ਪਾਰਕਿੰਗ ਦੇ ਕੰਮ ਦੀ ਰਸਮੀ ਸ਼ੁਰੂਆਤ ਸੀਨੀਅਰ ਕੌਂਸਲਰ ਅਤੇ ‘ਆਪ’ ਦੇ ਸ਼ਹਿਰੀ ਪ੍ਰਧਾਨ ਗੁਰਮੀਤ ਮਖੀਜਾ ਵਲੋਂ ਕਰਵਾਈ ਗਈ। ਇਸ ਮੌਕੇ ਨਗਰ ਕੌਂਸਲ ਦੇ ਜੇਈ ਮਨਪ੍ਰੀਤ ਸਿੰਘ, ਚੇਅਰਮੈਨ ਹਰਪ੍ਰੀਤ ਸਿੰਘ ਰਿੱਕੀ, ਡਾਕਟਰ ਗੁਰਮੀਤ ਸਿੰਘ ਗਿੱਲ, ਰਾਜਾ ਬੱਤਰਾ, ਮੰਗਤ ਸਿੰਘ ਮੰਗਾ ਮੰਤਰੀ, ਭਜਨ ਸਿੰਘ ਬੱਤਰਾ ਅਤੇ ਨਾਇਬ ਸਿੰਘ ਪਟਵਾਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜ਼ਰ ਸਨ। ਆਪ ਆਗੂ ਮਖੀਜਾ ਨੇ ਦੱਸਿਆ ਕਿ ਤਿਆਰ ਕੀਤੀ ਜਾ ਰਹੀ ਇਸ ਆਧੁਨਿਕ ਪਾਰਕਿੰਗ ਵਿਚ ਮੁਕੰਮਲ ਚਾਰਦੀਵਾਰੀ, ਸੀਵਰੇਜ ਪਾਈਪ ਲਾਈਨ, ਇੰਟਰਲਾਕ ਟਾਇਲਾਂ, ਬਿਜਲੀ ਪਾਣੀ ਦਾ ਪ੍ਰਬੰਧ ਅਤੇ ਮੁੱਖ ਸੜਕ ਤੋਂ ਪਾਰਕਿੰਗ ਤੱਕ ਦੀ ਸੜਕ ਦਾ ਨਿਰਮਾਣ ਕਾਰਜ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੁੰਦਰੀਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।