ਨਸ਼ਿਆਂ ਖ਼ਿਲਾਫ਼ ਮੁਹਿੰਮ
ਗੁਰਪ੍ਰੀਤ ਸਿੰਘ ਨਾਭਾ
ਗੱਲ ਜੂਨ 2017 ਦੀ ਹੈ। ਉਦੋਂ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ’ਚ ਪੜ੍ਹਨ ਦੇ ਨਾਲ ਵਿਦਿਆਰਥੀ ਜੱਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦਾ ਸਰਗਰਮ ਕਾਰਕੁਨ ਵੀ ਸੀ। ਇਸ ਤੋਂ ਇਲਾਵਾ ਗੁਜ਼ਾਰੇ ਲਈ ਖੇਤੀ ਵੀ ਕਰਦਾ ਸੀ। ਸਮਾਜਿਕ ਤੌਰ ’ਤੇ ਚੇਤੰਨ ਹੋਣ ਕਰਕੇ ਪਿੰਡ ਵਿੱਚ ਵੀ ਕੋਈ ਨਾ ਕੋਈ ਸਮਾਜਿਕ, ਰਾਜਨੀਤਿਕ ਸਰਗਰਮੀ ਕਰਦਾ ਰਹਿੰਦਾ ਸੀ। ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਦਰਿਆ ਦੀ ਲਪੇਟ ਵਿੱਚ ਆਉਣ ਤੋਂ ਮੇਰਾ ਪਿੰਡ ਵੀ ਨਹੀਂ ਬਚ ਸਕਿਆ ਸੀ। ਚਿੱਟਾ, ਸਮੈਕ ਅਤੇ ਗੋਲੀਆਂ ਦੇ ਲਗਾਤਾਰ ਵਧਦੇ ਵਹਾਅ ਤੋਂ ਸੁਹਿਰਦ ਪਿੰਡ ਵਾਸੀ ਤੇ ਕੁਝ ਨੌਜਵਾਨ ਬਹੁਤ ਚਿੰਤਤ ਸਨ। ਅਸੀਂ ਜਦੋਂ ਵੀ ਇਕੱਠੇ ਹੁੰਦੇ ਤਾਂ ਜਿੱਥੇ ਇਸ ਸਮੱਸਿਆ ਦੇ ਹੱਲ ਬਾਰੇ ਚਿੰਤਾ ਜ਼ਾਹਰ ਕਰਦੇ ਉੱਥੇ ਵਿਉਂਤਬੰਦੀ ਕਰਨ ਬਾਰੇ ਵੀ ਸੋਚਦੇ। ਭੁੱਕੀ ਵਰਗਾ ਰਵਾਇਤੀ ਨਸ਼ਾ ਮਹਿੰਗਾ ਹੋਣ ਕਰਕੇ ਮੈਡੀਕਲ ਨਸ਼ਾ ਪਰਚੂਨ ਤੇ ਝੋਲਾਛਾਪ ਡਾਕਟਰਾਂ (ਕੁਝ ਇਕ ਨੂੰ ਛੱਡ ਕੇ) ਤੋਂ ਸਸਤਾ ਤੇ ਸੌਖਾ ਮਿਲ ਜਾਂਦਾ ਸੀ। ਪਿੰਡ ਦੀ ਇਸ ਸਥਿਤੀ ਨਾਲ ਨਜਿੱਠਣ ਲਈ ਅਗਵਾਈ ਕਰਨ ਵਾਸਤੇ ਕੋਈ ਤਿਆਰ ਨਹੀਂ ਸੀ। ਸਾਡੀ ਬਚਪਨ ਦੇ ਤਿੰਨ ਦੋਸਤਾਂ ਦੀ ਤਿੱਕੜੀ ਪਿੰਡ ਦੇ ਕਈ ਅਹਿਮ ਤੇ ਸਾਂਝੇ ਮਸਲਿਆਂ ਨੂੰ ਉਭਾਰ ਕੇ ਹੱਲ ਕਰਵਾਉਣ ’ਚ ਪਹਿਲਾਂ ਵੀ ਕਾਮਯਾਬ ਹੋਈ ਸੀ। ਅਸੀਂ ਹਰ ਗਲਤ ਕੰਮ ਜਾਂ ਵਧੀਕੀ ਵਿਰੁੱਧ ਡਟ ਕੇ ਆਪਣੀ ਆਵਾਜ਼ ਬੁਲੰਦ ਕਰਦੇ। ਪਿੰਡ ਵਾਸੀਆਂ ’ਚ ਚੰਗਾ ਆਧਾਰ ਹੋਣ ਕਰਕੇ ਲੋਕਾਂ ਨੂੰ ਸਾਡੇ ਤੋਂ ਉਮੀਦ ਸੀ ਕਿ ਇਹ ਤਿੰਨੋਂ ਹੀ ਕੁਝ ਕਰ ਸਕਦੇ ਹਨ। ਅਸੀਂ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਨਸ਼ਾ ਵਿਰੋਧੀ ਮੁਹਿੰਮ ਦਾ ਆਗਾਜ਼ ਕਰ ਦਿੱਤਾ। ਸਭ ਤੋਂ ਪਹਿਲਾਂ ਨਸ਼ਾ ਵੇਚਣ ਵਾਲਿਆਂ ਨੂੰ ਆਪਣੇ ਪੱਧਰ ’ਤੇ ਸਮਝਾਉਣ ਦਾ ਯਤਨ ਕੀਤਾ ਪਰ ਸੁਧਰਨ ਦੀ ਬਜਾਏ ਉਨ੍ਹਾਂ ਵਿੱਚੋਂ ਇੱਕ ਝੋਲਾਛਾਪ ਡਾਕਟਰ ਨੇ ਤਾਂ ਸਾਨੂੰ ਹੀ ਚੁਣੌਤੀ ਦੇ ਦਿੱਤੀ ਕਿ ਕਿਸੇ ’ਚ ਦਮ ਨਹੀਂ ਕਿ ਉਸਨੂੰ ਰੋਕ ਸਕੇ। ਬਸ ਇਹ ਗੱਲ ਸਾਰੇ ਨੌਜਵਾਨਾਂ ਦੇ ਅੰਦਰ ਘਰ ਕਰ ਗਈ ਤੇ ਫਿਰ ਅਸੀਂ ਸਹੀ ਸਮਾਂ ਆਉਣ ਦੀ ਉਡੀਕ ਕਰਨ ਲੱਗੇ। ਪੁਲੀਸ ਪ੍ਰਸ਼ਾਸਨ ਨਾਲ ਸਾਰੀ ਗੱਲ ਤੈਅ ਕਰਨ ਤੋਂ ਬਾਅਦ ਅਸੀਂ ਫਿਰ ਇਕ ਦਿਨ ਸ਼ਾਮ ਨੂੰ ਇਕੱਠੇ ਹੋਏ ਤੇ ਮਿਥੀ ਯੋਜਨਾ ਮੁਤਾਬਕ ਉਸ ਡਾਕਟਰ ਤੋਂ ਗੋਲੀਆਂ ਬਰਾਮਦ ਕਰਵਾ ਕੇ ਉਸਨੂੰ ਪੁਲੀਸ ਹਵਾਲੇ ਕਰਵਾਇਆ। ਅਗਲੇ ਦਿਨ ਪਿੰਡੋਂ ਉਸ ਦੀ ਦੁਕਾਨ ਵੀ ਖਾਲੀ ਕਰਵਾ ਦਿੱਤੀ। ਇਸ ਡਾਕਟਰ ਤੋਂ ਇਲਾਵਾ ਹੋਰ ਗੋਲੀਆਂ ਵੇਚਣ ਵਾਲਿਆਂ ਨੂੰ ਵੀ ਪੁਲੀਸ ਦਾ ਸਾਥ ਦੇ ਕੇ ਫੜਾਇਆ। ਨਸ਼ਿਆਂ ਨੂੰ ਰੋਕਣ ਲਈ ਬਣੀ ਐੱਸ.ਟੀ.ਐੱਫ ਨੇ ਵੀ ਸਾਡੇ ਪਿੰਡ ਛਾਪਾ ਮਾਰਿਆ। ਹੁਣ ਤੱਕ ਇਹ ਸਾਰਾ ਮਾਮਲਾ ਮੀਡੀਆ ਵਿੱਚ ਵੀ ਆ ਚੁੱਕਿਆ ਸੀ। ਪਿੰਡ ਦੋ ਧੜਿਆਂ ਵਿੱਚ ਵੰਡਿਆ ਗਿਆ। ਇਕ ਪਾਸੇ ਅਸੀਂ ਤੇ ਦੂਜੇ ਪਾਸੇ ਨਸ਼ੇ ਵੇਚਣ ਵਾਲੇ ਤੇ ਹਾਕਮ ਜਮਾਤ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੇ ਇਕੱਠਿਆਂ ਹੋ ਕੇ ਮੀਡੀਆ ਵਿੱਚ ਪਿੰਡ ’ਚ ਨਸ਼ਾ ਨਾ ਹੋਣ ਦੀ ਗੱਲ ਨੂੰ ਲਗਾਤਾਰ ਉਭਾਰਿਆ। ਉਹ ਸਾਡੇ ਨਾਲ ਵੀ ਸਿੰਙ ਫਸਾਉਣਾ ਚਾਹੁੰਦੇ ਸਨ। ਪਿੰਡ ਪੱਧਰ ’ਤੇ ਸਾਡੇ ਵੱਲੋਂ ਚਲਾਈ ਮੁਹਿੰਮ ਤੋਂ ਕੁਝ ਦਿਨ ਬਾਅਦ ਹੀ ਜੁਲਾਈ ਦੇ ਪਹਿਲੇ ਹਫ਼ਤੇ ‘ਨਸ਼ਿਆਂ ਖ਼ਿਲਾਫ਼ ਕਾਲਾ ਹਫ਼ਤਾ’ ਮਿੰਟੂ ਗੁਰੂਸਰੀਆ, ਪਾਲੀ ਭੁਪਿੰਦਰ, ਬਲਤੇਜ ਪੰਨੂ ਤੇ ਸਾਥੀਆਂ ਵੱਲੋਂ ਸ਼ੁਰੂ ਕੀਤਾ ਗਿਆ। ਸਾਡੀ ਨਸ਼ਾ ਵਿਰੋਧੀ ਮੁਹਿੰਮ, ਵਿਰੋਧੀ ਧਿਰ ਦੇ ਨੇਤਾ ਦੇ ਧਿਆਨ ’ਚ ਆਉਣ ਕਰਕੇ ਉਨ੍ਹਾਂ ਸਾਡੇ ਪਿੰਡ ਆ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਨਸ਼ਿਆਂ ਖ਼ਿਲਾਫ਼ ਮੁਹਿੰਮ ਰਾਹੀਂ ਭਾਵੇਂ ਅਸੀਂ ਕੁਝ ਸਮੇਂ ਲਈ ਅੰਸ਼ਕ ਤੌਰ ’ਤੇ ਹੀ ਕਾਮਯਾਬ ਹੋਏ ਪਰ ਪੰਜਾਬ ਨੂੰ ਨਸ਼ਾ ਰਹਿਤ ਕਰਨ ਲਈ ਸਰਕਾਰਾਂ ਦਾ ਸਾਥ ਤੇ ਲੋਕ ਲਹਿਰ ਦੀ ਵੱਡੀ ਲਾਮਬੰਦੀ ਬਹੁਤ ਜ਼ਰੂਰੀ ਹੈ। ਸਾਡੀ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕਾਂ ਦੇ ਕਈ ਸਵਾਲਾਂ ਦਾ ਵੀ ਸਾਹਮਣਾ ਵੀ ਕਰਨਾ ਪਿਆ ਜਿਵੇਂ ਕਿ ਕਿਹੜੇ-ਕਿਹੜੇ ਨਸ਼ੇ ਬੰਦ ਹੋਣੇ ਚਾਹੀਦੇ ਨੇ? ਕੀ ਸ਼ਰਾਬ,ਤੰਬਾਕੂ ਅਤੇ ਸਿਗਰਟ ਆਦਿ ਵੀ ਇਸ ਸ਼੍ਰੇਣੀ ’ਚ ਹਨ? ਕੀ ਇਨ੍ਹਾਂ ਨਸ਼ਿਆਂ ਦੀ ਵਰਤੋਂ ਨੂੰ ਕਾਨੂੰਨੀ ਮਾਨਤਾ ਦਾ ਮਤਲਬ ਇਹ ਕੱਢਿਆ ਜਾਵੇ ਕਿ ਇਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ। ਲੋਕਾਂ ਦਾ ਕਹਿਣਾ ਸੀ ਕਿ ਉਹ ਲੰਬੇ ਸਮੇਂ ਤੋ ਰਵਾਇਤੀ ਨਸ਼ਿਆਂ ਦੀ ਵਰਤੋਂ ਕਰਦੇ ਆ ਰਹੇ ਹਨ ਤੇ ਉਨ੍ਹਾਂ ਲਈ ਇਹ ਛੱਡਣੇ ਸੌਖੇ ਨਹੀਂ। ਭਾਵੇਂ ਸਾਡੇ ਕੋਲ ਬਹੁਤੇ ਸਵਾਲਾਂ ਦੇ ਜਵਾਬ ਤਾਂ ਨਹੀਂ ਸਨ ਪਰ ਸਿੱਖਣ ਨੂੰ ਬਹੁਤ ਕੁਝ ਮਿਲਿਆ। ਅੰਤ ਵਿੱਚ ਇਹ ਕਹਿ ਸਕਦੇ ਹਾਂ ਕਿ ਨਸ਼ਿਆਂ ਦੀ ਰੋਕਥਾਮ ਲਈ ਹਰ ਮੁਹਿੰਮ ਨੂੰ ਸਾਰੀਆਂ ਗੱਲਾਂ ਧਿਆਨ ਵਿੱਚ ਰੱਖਣ ਦੀ ਲੋੜ ਹੈ। ਇਸ ਲਈ ਇਹ ਜ਼ਰੂਰ ਤੈਅ ਕਰਨਾ ਪਵੇਗਾ ਕਿ ਕਿਸੇ ਇੱਕ ਜਾਂ ਹਰ ਤਰ੍ਹਾਂ ਦੇ ਨਸ਼ਿਆ ਨੂੰ ਕੇਂਦਰ ਬਿੰਦੂ ਵਿੱਚ ਰੱਖਣਾ ਹੈ, ਜੋ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੇ ਹਨ। ਇਸ ਲਈ ਕਿਸੇ ਵੀ ਮੁਹਿੰਮ ਜਾਂ ਲਹਿਰ ਦੇ ਆਗਾਜ਼ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਵਾਚ ਕੇ ਵਿਗਿਆਨਿਕ ਤੇ ਉਸਾਰੂ ਯੋਜਨਾਬੰਦੀ ਕਰਨੀ ਪਵੇਗੀ ਤਾਂ ਜੋ ਮਿੱਥੇ ਟੀਚੇ ਦੀ ਪ੍ਰਾਪਤੀ ਹੋ ਸਕੇ।
ਸੰਪਰਕ- 97795-89300