ਪੁਲੀਸ ਮੁਲਾਜ਼ਮਾਂ ਦੀ ਘਾਟ ਕਾਰਨ ਨਾਕਾ ਬੰਦ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 21 ਮਾਰਚ
ਇਤਿਹਾਸਕ ਨਗਰ ਪੁਲੀਸ ਸੁਰੱਖਿਆ ਪੱਖੋਂ ਵਾਂਝਾ ਦਿਖਾਈ ਦੇ ਰਿਹਾ ਹੈ। ਇਤਿਹਾਸਕ ਨਗਰ ਦੀ ਸੁਰੱਖਿਆ ਨੂੰ ਲੈ ਕੇ ਕਸਬੇ ਦੇ ਕੇਪੀਟੀ ਚੌਕ ਵਿਖੇ ਪਿਛਲੇ ਤਿੰਨ ਦਹਾਕਿਆਂ ਤੋਂ ਲਗਾਇਆ ਜਾ ਰਿਹਾ ਪੁਲੀਸ ਨਾਕਾ ਪੁਲੀਸ ਮੁਲਾਜ਼ਮਾਂ ਦੀ ਘਾਟ ਕਾਰਨ ਸਥਾਨਕ ਪੁਲੀਸ ਅਫ਼ਸਰਾਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਰੋਸ ਹੈ। ਸਮਾਜਸੇਵੀ ਭੁਪਿੰਦਰ ਸਿੰਘ ਪੰਪ ਵਾਲਿਆਂ ਅਤੇ ਕਾਂਗਰਸੀ ਆਗੂ ਨਿਸ਼ਾਨ ਸਿੰਘ ਢੋਟੀ ਨੇ ਆਖਿਆ ਕਿ ਕਸਬੇ ਵਿੱਚ ਅਨੇਕਾਂ ਧਾਰਮਿਕ ਅਸਥਾਨ ਹਨ, ਉੱਥੇ ਹੀ ਨਗਰ ਵਿੱਚ ਅੱਧੀ ਦਰਜਨ ਦੇ ਕਰੀਬ ਬੈਂਕ, ਸਕੂਲ ਅਤੇ ਪੈਟਰੋਲ ਪੰਪ ਆਦਿ ਹਨ ਜਿਨ੍ਹਾਂ ਦੀ ਸੁਰੱਖਿਆ ਹੁਣ ਰੱਬ ਆਸਰੇ ਦਿਖਾਈ ਦੇ ਰਹੀ ਹੈ। ਇਸ ਸਬੰਧੀ ਨਗਰ ਵਾਸੀ ਗੁਰਮੀਤ ਸਿੰਘ, ਪਲਵਿੰਦਰ ਸਿੰਘ, ਰਣਜੀਤ ਸਿੰਘ, ਹਰਸਿਮਰਨ ਸਿੰਘ ਆਦਿ ਨੇ ਜ਼ਿਲ੍ਹਾ ਪੁਲੀਸ ਮੁਖੀ ਕੋਲੋਂ ਮੰਗ ਕਰਦਿਆਂ ਆਖਿਆ ਕਿ ਨਗਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੰਦ ਕੀਤੇ ਪੁਲੀਸ ਨਾਕੇ ਨੂੰ ਮੁੜ ਬਹਾਲ ਕਰਕੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣ। ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐੱਸਪੀ ਅਤੁਲ ਸੋਨੀ ਨੇ ਆਖਿਆ ਕਿ ਜੇਕਰ ਨਾਕਾ ਬੰਦ ਹੋਣ ਕਾਰਨ ਨਗਰ ਨਿਵਾਸੀ ਚਿੰਤਤ ਹਨ ਤਾਂ ਕੇਪੀਟੀ ਚੌਕ ਵਿਖੇ ਪੁਲੀਸ ਮੁਲਾਜ਼ਮਾਂ ਦਾ ਨਾਕਾ ਬਹਾਲ ਕਰ ਦਿੱਤਾ ਜਾਵੇਗਾ।