Blast in Beed mosque: ਈਦ ਤੋਂ ਪਹਿਲਾਂ ਮਹਾਰਾਸ਼ਟਰ ਦੀ ਮਸਜਿਦ ’ਚ ਧਮਾਕਾ
ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ’ਚ ਅੱਜ ਤੜਕੇ ਇੱਕ ਵਿਅਕਤੀ ਨੇ ਮਸਜਿਦ ਵਿੱਚ ਜਿਲੇਟਿਨ ਦੀਆਂ ਛੜਾਂ ਰੱਖ ਕੇ ਧਮਾਕਾ ਕਰ ਦਿੱਤਾ। ਇਹ ਧਮਾਕਾ ਗਿਓਰਾਈ ਤਹਿਸੀਲ ਦੇ ਅਰਧ ਮਸਲਾ ਪਿੰਡ ਵਿੱਚ ਤੜਕੇ 2:30 ਵਜੇ ਦੇ ਕਰੀਬ ਹੋਇਆ। ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਪੁਲੀਸ ਨੇ ਬੀੜ ਦੇ ਵਸਨੀਕ ਵਿਜੈ ਰਾਮ (22) ਅਤੇ ਸ੍ਰੀਰਾਮ ਅਸ਼ੋਕ ਸਾਗੜੇ (24) ਨੂੰ ਗ੍ਰਿਫ਼ਤਾਰ ਕੀਤਾ ਹੈ। ਭਲਕੇ ਈਦ ਹੋਣ ਕਰਕੇ ਇਲਾਕੇ ਵਿੱਚ ਸਥਿਤੀ ਤਣਾਅਪੂਰਨ ਹੈ। ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪਿੰਡ ਵਿਚ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੁਲੀਸ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫੈਲਾਉਣ ਦੀ ਅਪੀਲ ਕੀਤੀ ਹੈ।
ਪੁਲੀਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ’ਚੋਂ ਇਕ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਜਿਲੇਟਿਨ ਛੜਾਂ ਹੱਥ ਵਿੱਚ ਫੜ ਕੇ ਰੀਲ ਬਣਾਈ ਸੀ। ਹੋ ਸਕਦਾ ਹੈ ਕਿ ਉਸ ਨੇ ਇਹ ਛੜਾਂ ਕਿਸੇ ਲਾਇਸੈਂਸਸ਼ੁਦਾ ਵਿਕਰੇਤਾ ਤੋਂ ਲਈਆਂ ਹੋਣ। ਸਥਾਨਕ ਅਪਰਾਧ ਸ਼ਾਖਾ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਇਕ ਵਿਅਕਤੀ ਪਿੱਛਿਓਂ ਮਸਜਿਦ ’ਚ ਦਾਖਲ ਹੋਇਆ ਅਤੇ ਉੱਥੇ ਜਿਲੇਟਿਨ ਦੀਆਂ ਛੜਾਂ ਰੱਖ ਕੇ ਚਲਾ ਗਿਆ, ਜਿਸ ਕਾਰਨ ਇਹ ਧਮਾਕਾ ਹੋਇਆ। ਧਮਾਕੇ ’ਚ ਮਸਜਿਦ ਦਾ ਅੰਦਰੂਨੀ ਹਿੱਸਾ ਨੁਕਸਾਨਿਆ ਗਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਨੂੰ ਪਿੰਡ ਵਿੱਚ ‘ਸੰਦਲ’ ਧਾਰਮਿਕ ਯਾਦਰਾ ਦੌਰਾਨ ਦੋ ਧਿਰਾਂ ਵਿਚਾਲੇ ਝੜਪ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਇਕੱਠੇ ਤਿਉਹਾਰ ਮਨਾਉਣ ਦੀ ਪਰੰਪਰਾ ਰਹੀ ਹੈ। ਇੱਕ ਪਿੰਡ ਵਾਸੀ ਨੇ ਦੱਸਿਆ ਕਿ ਗੁੜੀ ਪੜਵਾ ਦੇ ਤਿਉਹਾਰ ਮੌਕੇ ਹਿੰਦੂ ਭਾਈਚਾਰੇ ਦੇ ਕੁੱਝ ਲੋਕ ਮਸਜਿਦ ਨੇੜੇ ਹਜ਼ਰਤ ਸਈਅਦ ਬਾਦਸ਼ਾਹ ਦਰਗਾਹ ਜਾਂਦੇ ਹਨ। ਉਨ੍ਹਾਂ ਕਿਹਾ ਕਿ ਐਤਵਾਰ ਸਵੇਰੇ ਗੁੜੀ ਪੜਵਾ ਅਤੇ ਈਦ ਦਾ ਤਿਓਹਰ ਇਕੱਠਿਆਂ ਮਨਾਇਆ ਜਾਣਾ ਸੀ, ਇਸ ਲਈ ਮੁਲਜ਼ਮਾਂ ਨੇ ਜੈਲੇਟਿਨ ਛੜਾਂ ਦੀ ਵਰਤੋਂ ਕਰਕੇ ਮਸਜਿਦ ਵਿੱਚ ਧਮਾਕਾ ਕੀਤਾ। -ਪੀਟੀਆਈ