ਸਰਕਾਰੀ ਕੰਪਨੀਆਂ ਉਦਯੋਗਪਤੀਆਂ ਨੂੰ ਸੌਂਪਣਾ ਭਾਜਪਾ ਦੀ ਨੀਤੀ: ਪ੍ਰਿਯੰਕਾ
ਭੁਪਾਲ, 8 ਨਵੰਬਰ
ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇੱਥੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੇਂਦਰ ਵਿੱਚ ਸੱਤਾ ’ਤੇ ਕਾਬਜ਼ ਪਾਰਟੀ ਦੀ ਨੀਤੀ ਸਰਕਾਰੀ ਕੰਪਨੀਆਂ ਦਾ ਪ੍ਰਬੰਧ ਉਦਯੋਗਪਤੀਆਂ ਹਵਾਲੇ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈਆਈਐੱਮ) ਅਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ਸਥਾਪਤ ਕਰਨ ਪਿੱਛੇ ਮਕਸਦ ਦੇਸ਼ ਨੂੰ ਅੱਗੇ ਲਜਿਾਣਾ ਸੀ।
ਭੁਪਾਲ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ, ‘‘ਕਾਂਗਰਸ ਨੇ ਆਈਆਈਐੱਮ ਅਤੇ ਏਮਜ਼ ਵਰਗੇ ਵੱਡੇ ਹਸਪਤਾਲ ਲਿਆਂਦੇ ਅਤੇ ਇਨ੍ਹਾਂ ਸੰਸਥਾਵਾਂ ਦੀ ਸਥਾਪਨਾ ਪਿੱਛੇ ਜਵਾਹਰਲਾਲ ਨਹਿਰੂ ਦੀ ਸੋਚ ਸੀ ਕਿ ਦੇਸ਼ ਨੂੰ ਅੱਗੇ ਲਜਿਾਇਆ ਜਾ ਸਕੇ। ਪਰ ਹੁਣ ਭਾਜਪਾ ਦੀ ਨੀਤੀ ਬਣ ਗਈ ਹੈ ਕਿ ਸਰਕਾਰੀ ਕੰਪਨੀਆਂ ਨੂੰ ਉਦਯੋਗਪਤੀਆਂ ਹਵਾਲੇ ਕੀਤਾ ਜਾਵੇ।’’ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਟਿਡ (ਬੀਐੱਚਈਐੱਲ) ਦੀ ਹਾਲਤ ਸਬੰਧੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਘਿਰਾਓ ਕਰਦਿਆਂ ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਕੰਪਨੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਦਯੋਗਪਤੀ ਦੋਸਤਾਂ ਨੂੰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ, ‘‘ਮੋਦੀ ਕਹਿੰਦੇ ਹਨ ਕਿ ਪਿਛਲੇ 70 ਸਾਲਾਂ (ਕਾਂਗਰਸ ਦੇ ਰਾਜ ਦੌਰਾਨ) ’ਚ ਕੁੱਝ ਨਹੀਂ ਹੋਇਆ। ਜਿਹੜੇ ਸਕੂਲ ਵਿੱਚ ਮੋਦੀ ਜੀ ਪੜ੍ਹੇ ਹਨ, ਉਹ ਕਾਂਗਰਸ ਨੇ ਬਣਾਇਆ ਸੀ। ਮੈਨੂੰ ਨਹੀਂ ਪਤਾ ਕਿ ਮੋਦੀ ਜੀ ਕਾਲਜ ਗਏ ਜਾਂ ਨਹੀਂ ਪਰ ਘੱਟੋ-ਘੱਟ ਉਨ੍ਹਾਂ ਦੀ ‘ਐਂਟਾਇਰ ਪੁਲੀਟੀਕਲ ਸਾਇੰਸ’ ਦੀ ਡਿਗਰੀ ਦਾ ਸਰਟੀਫਿਕੇਟ ਕਾਂਗਰਸ ਵੱਲੋਂ ਦਿੱਤੇ ਗਏ ਕੰਪਿਊਟਰ ’ਤੇ ਹੀ ਛਾਪਿਆ ਗਿਆ ਹੋਵੇਗਾ।’’
ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਉਸ ਵੇਲੇ ਜਦੋਂ ਉਨ੍ਹਾਂ ਦੇ ਪਤਿਾ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ ਤਾਂ ਉਹ ਦੇਸ਼ ਵਿੱਚ ਕੰਪਿਊਟਰ ਲਿਆਉਣਾ ਚਾਹੁੰਦੇ ਸਨ। ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਪਰ ਅਜਿਹੇ ਲੋਕਾਂ ਨੇ ਹੀ ਇਸ ਦਾ ਵਿਰੋਧ ਕੀਤਾ ਸੀ।’’
ਕਾਂਗਰਸ ਨੇਤਾ ਨੇ ਚੋਣ ਰੈਲੀ ਦੌਰਾਨ ਕਣਕ ਦਾ ਘੱੱਟੋ-ਘੱਟ ਸਮਰਥਨ ਮੁੱਲ 2600 ਰੁਪਏ ਅਤੇ ਝੋਨੇ ਦਾ 2500 ਰੁਪਏ ਦੇ ਨਾਲ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਸਣੇ 100 ਯੂਨਿਟ ਮੁਫ਼ਤ ਬਜਿਲੀ, ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਅਤੇ ਗੈਸ ਸਿਲੰਡਰ 500 ਰੁਪਏ ਵਿੱਚ ਦੇਣ ਦਾ ਵਾਅਦਾ ਦੁਹਰਾਇਆ। -ਪੀਟੀਆਈ