ਭਵਾਨੀਗੜ੍ਹ: ਭਾਕਿਯੂ ਉਗਰਾਹਾਂ ਦਾ ਪਿੰਡ ਜੌਲੀਆਂ ’ਚ ਪੱਕੇ ਮੋਰਚਾ 11ਵੇਂ ਦਨਿ ਵਿੱਚ ਦਾਖਲ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 25 ਜੁਲਾਈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਪਿੰਡ ਜੌਲੀਆਂ ਵਿਖੇ ਭੂ ਮਾਫੀਆ ਤੋਂ ਪੀੜਤ ਕਿਸਾਨ ਅਵਤਾਰ ਸਿੰਘ ਦੇ ਹੱਕ ਵਿੱਚ ਲਗਾਇਆ ਪੱਕਾ ਮੋਰਚਾ ਅੱਜ 11ਵੇਂ ਦਨਿ ਵਿੱਚ ਦਾਖਲ ਹੋ ਗਿਆ। ਇਸ ਮੌਕੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਚੋਂ, ਅਮਨਦੀਪ ਸਿੰਘ ਮਹਿਲਾਂ, ਰਘਵੀਰ ਸਿੰਘ ਘਰਾਚੋਂ, ਜਗਜੀਤ ਸਿੰਘ ਅਤੇ ਕੁਲਦੀਪ ਸਿੰਘ ਬਖੋਪੀਰ ਨੇ ਦੱਸਿਆ ਕਿ 15 ਜੁਲਾਈ ਨੂੰ ਯੂਨੀਅਨ ਵੱਲੋਂ ਮਾਫੀਆ ਤੋਂ ਪੀੜਤ ਕਿਸਾਨ ਦੇ ਹੱਕ ਵਿੱਚ ਸੂਬਾ ਪੱਧਰੀ ਰੈਲੀ ਕਰਕੇ ਕਿਸਾਨ ਦੀ ਜ਼ਮੀਨ ਵਿੱਚ ਝੋਨਾ ਲਗਾਇਆ ਗਿਆ ਸੀ। ਕਿਸਾਨ ਦੀ ਜ਼ਮੀਨ ਅਤੇ ਫ਼ਸਲ ਦੀ ਰਾਖੀ ਲਈ ਯੂਨੀਅਨ ਵੱਲੋਂ ਜ਼ਿਲ੍ਹਾ ਕਮੇਟੀ ਦੀ ਅਗਵਾਈ ਹੇਠ ਪੱਕਾ ਮੋਰਚਾ ਲਗਾਤਾਰ ਜਾਰੀ ਰੱਖਿਆ ਜਾਵੇਗਾ। ਬੁਲਾਰਿਆਂ ਨੇ ਦੱਸਿਆ ਕਿ ਪੱਕੇ ਮੋਰਚੇ ਦੌਰਾਨ ਰਾਤ ਨੂੰ ਰਹਿਣ ਅਤੇ ਹੋਰ ਪ੍ਰਬੰਧ ਕਰ ਦਿੱਤੇ ਗਏ ਹਨ। ਉਨ੍ਹਾਂ ਪੀੜਤ ਪਰਿਵਾਰ ਉਤੇ ਪਾਏ ਝੂਠੇ ਕੇਸ ਰੱਦ ਕਰਨ ਅਤੇ ਸੂਦਖੋਰ ਤੇ ਮਾਫੀਆ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਰੈਲੀ ਦੌਰਾਨ ਮਨੀਪੁਰ ਵਿਚ ਦੋ ਔਰਤਾਂ ਨਾਲ ਹੋਈ ਸ਼ਰਮਨਾਕ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।