ਬੰਗਲੁਰੂ-ਕਾਮਾਖਿਆ ਐਕਸਪ੍ਰੈੱਸ ਲੀਹੋਂ ਲੱਥੀ; ਿੲੱਕ ਮੌਤ, 3 ਜ਼ਖ਼ਮੀ
ਕਟਕ (ਉੜੀਸਾ), 30 ਮਾਰਚ
ਉੜੀਸਾ ਦੇ ਕਟਕ ਜ਼ਿਲ੍ਹੇ ਵਿੱਚ ਅੱਜ ਐਕਸਪ੍ਰੈੱਸ ਰੇਲ ਗੱਡੀ ਲੀਹੋਂ ਲੱਥਣ ਕਾਰਨ ਿੲਕ ਿਵਅਕਤੀ ਦੀ ਮੌਤ ਅਤੇ 3 ਵਿਅਕਤੀ ਜ਼ਖ਼ਮੀ ਹੋ ਗਏ। ਪੂਰਬੀ ਤੱਟ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਅਸ਼ੋਕ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਐੱਸਐੱਮਵੀਟੀ ਬੰਗਲੁਰੂ-ਕਾਮਾਖਿਆ ਏਸੀ ਐਕਸਪ੍ਰੈੱਸ ਦੇ 11 ਡੱਬੇ ਸਵੇਰੇ 11.54 ਵਜੇ ਮੰਗੁਲੀ ਨੇੜੇ ਨਿਰਗੁੰਡੀ ਵਿੱਚ ਪਟੜੀ ਤੋਂ ਉਤਰ ਗਏ। ਉੜੀਸਾ ਫਾਇਰ ਸਰਵਿਸ ਦੇ ਡਾਇਰੈਕਟਰ ਜਨਰਲ ਸੁਧਾਂਸ਼ੂ ਸਾਰੰਗੀ ਨੇ ਦੱਸਿਆ ਕਿ ਸੱਤ ਜ਼ਖਮੀਆਂ ਨੂੰ ਬਚਾਅ ਕੇ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਐੱਨਡੀਆਰਐੱਫ ਅਤੇ ਉੜੀਸਾ ਫਾਇਰ ਸਰਵਿਸ ਦੇ ਕਰਮਚਾਰੀ ਬਚਾਅ ਕਾਰਜ ਵਿੱਚ ਰੇਲਵੇ ਦੀ ਸਹਾਇਤਾ ਕਰ ਰਹੇ ਹਨ। ਇਹ ਰੇਲ ਗੱਡੀ ਬੰਗਲੁਰੂ ਤੋਂ ਅਸਾਮ ਦੇ ਗੁਹਾਟੀ ਦੇ ਕਾਮਾਖਿਆ ਸਟੇਸ਼ਨ ਜਾ ਰਹੀ ਸੀ। ਉਨ੍ਹਾਂ ਕਿਹਾ, ‘ਪ੍ਰਭਾਵਿਤ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਸਾਡੀ ਤਰਜੀਹ ਜਲਦੀ ਤੋਂ ਜਲਦੀ ਲਾਈਨ ਬਹਾਲ ਕਰਨਾ ਹੈ ਅਤੇ ਇਸ ਅਨੁਸਾਰ ਹੋਰ ਰੇਲ ਗੱਡੀਆਂ ਦਾ ਮਾਰਗ ਬਦਲਿਆ ਜਾਵੇਗਾ।’ -ਪੀਟੀਆਈ
ਉੜੀਸਾ ਸਰਕਾਰ ਦੇ ਸੰਪਰਕ ਵਿੱਚ ਹੈ ਮੁੱਖ ਮੰਤਰੀ ਦਫ਼ਤਰ: ਹੇਮੰਤ
ਗੁਹਾਟੀ: ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਦਫਤਰ ਰੇਲ ਹਾਦਸੇ ਤੋਂ ਬਾਅਦ ਉੜੀਸਾ ਸਰਕਾਰ ਦੇ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ, ‘ਮੈਂ ਉੜੀਸਾ ’ਚ 12551 ਕਾਮਾਖਿਆ ਐਕਸਪ੍ਰੈਸ ਨਾਲ ਸਬੰਧਤ ਘਟਨਾ ਤੋਂ ਜਾਣੂ ਹਾਂ। ਅਸਾਮ ਦਾ ਮੁੱਖ ਮੰਤਰੀ ਦਫ਼ਤਰ ਉੜੀਸਾ ਸਰਕਾਰ ਅਤੇ ਰੇਲਵੇ ਦੇ ਸੰਪਰਕ ਵਿੱਚ ਹੈ।’ ਉਨ੍ਹਾਂ ਕਿਹਾ ਕਿ ਹਰ ਪੀੜਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। -ਪੀਟੀਆਈ