ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਬਾ ਜੀ ਬਟੇਰੇ ਦੀ ਭਾਲ ਵਿਚ

11:58 AM Dec 03, 2023 IST

ਗੁਰਦੀਪ ਢੁੱਡੀ

ਗੱਲਾਂ ਗੱਲਾਂ ਵਿੱਚ ਬਾਬਾ ਜੀ ਦੇ ਨਾਲ ਬੈਠੇ ਪੋਲ੍ਹੇ ਨੇ ਅੰਨ੍ਹੇ ਦੇ ਪੈਰ ਹੇਠਾਂ ਬਟੇਰਾ ਆਉਣ ਵਾਲਾ ਮੁਹਾਵਰਾ ਬੋਲ ਦਿੱਤਾ। ਫਿਰ ਉਹ ਇਸ ਮੁਹਾਵਰੇ ਦੇ ਪਿਛੋਕੜ ਵਾਲੀ ਕਥਾ ਸੁਣਾਉਣ ਲੱਗ ਪਿਆ। ਉਸ ਦਾ ਗੱਲ ਸੁਣਾਉਣ ਦਾ ਢੰਗ ਕੁਝ ਇਸ ਤਰ੍ਹਾਂ ਦਾ ਸੀ ਕਿ ਗੱਲ ਵਿੱਚ ਚੋਭ ਘੱਟ ਅਤੇ ਸਚਾਈ ਕੁਝ ਜ਼ਿਆਦਾ ਹੀ ਭਾਸਦੀ ਸੀ। ਬਾਬਾ ਜੀ ਨੇ ਇਹ ਮੁਹਾਵਰਾ ਕੀ ਸੁਣ ਲਿਆ ਕਿ ਉਨ੍ਹਾਂ ਦਾ ਹਾਲ ਤਾਂ ਪਾਣੀ ਬਿਨ ਮਛਲੀ ਵਾਲਾ ਹੋ ਗਿਆ। ਉਨ੍ਹਾਂ ਨੇ ਤਾਂ ਪੈਰੀਂ ਜੁੱਤੀ ਨਾ ਪਾ ਕੇ ਭੱਜਣ ਵਾਲੀ ਗੱਲ ਕੀਤੀ। ਘਰ ਆਏ ਤੇ ਬਟੇਰ ਬਟੇਰ ਕੂਕਦਿਆਂ ਉਹ ਤਾਂ ਅੰਦਰਲੀ ਸਬਾਤ ਵਿੱਚ ਪਈ ਢਿੱਲੀ ਜਿਹੀ ਮੰਜੀ ’ਤੇ ਜਾ ਕੇ ਲੰਮਿਆਂ ਪੈ ਗਏ। ਅੰਮਾ ਜੀ ਦੇ ਮਨ ’ਤੇ ਤਾਂ ਸਿਰ ਉੱਤੇ ਰੱਖੇ ਗੋਹੇ ਦੇ ਟੋਕਰੇ ਜਿੰਨਾ ਭਾਰ ਪੈ ਗਿਆ ਅਤੇ ਉਹ ਬਾਬਾ ਜੀ ਦੇ ਮਗਰੇ ਹੀ ਕਾਹਲ਼ੇ ਕਦਮੀ ਆ ਗਈ, ‘‘ਵੇ ਫ਼ੋਟ ਜਾਏ ਖਾਣੇ ਦਿਆ। ਤੈਨੂੰ ਕੀ ਸ਼ੁਦਾਅ ਪੈ ਗਿਆ। ਕਿਵੇਂ ਭੱਜਿਆ ਭੱਜਿਆ ਸਬਾਤ ’ਚ ਆ ਪਿਐਂ? ਆਹ ਬਟੇਰ ਬਟੇਰ ਜਿਹਾ ਕੀ ਕਰੀ ਜਾਨੈ, ਤੂੰ ਤਾਂ ਭੁੱਲਿਆਂ ਦੇ ਭੌਂਦੂ ਤੋਂ ਵੀ ਉੱਤੇ ਦੀ ਹੋ ਗਿਆ ਲੱਗਦੈਂ?’’
‘‘ਉਏ, ਕਮਲ ਦੀਏ ਮਾਰੀਏ, ਜਾਹ ਤੂੰ ਮਸਾਲਾ ਤਿਆਰ ਕਰ, ਐਵੇਂ ਆ ਕੇ ਬਣੀ ਬਣਾਈ ਮੇਰੀ ਖੇਡ ਵਿਗਾੜ ਦਿੱਤੀ ਆ। ਕਦੇ ਤਾਂ ਚੱਜ ਦਾ ਕੋਈ ਕੰਮ ਕਰ ਲਿਆ ਕਰ। ਤੇਰਾ ਹਾਲ ਤਾਂ ਚੰਦਰੇ ਗਵਾਂਢੀਆਂ ਤੋਂ ਵੀ ਭੈੜਾ ਆ।’’ ਆਵਦੀਆਂ ਹੀ ਸੋਚਾਂ ਸੋਚਦਿਆਂ ਬਾਬਾ ਜੀ ਨੇ ਅੰਮਾ ਨੂੰ ਮਿੱਠੀ ਜਿਹੀ ਝਿੜਕ ਦਿੱਤੀ। ਉਨ੍ਹਾਂ ਨੇ ਨੀਂਦ ਲੈਣ ਦੀ ਕੋਸ਼ਿਸ਼ ਕੀਤੀ ਪਰ ਇਹ ਤਾਂ ਹੁਣ ਮਦਾਰੀ ਦੇ ਪੈਸੇ ਵਾਂਗ ਲੋਪ ਹੋ ਚੁੱਕੀ ਸੀ। ਹਾਰ ਕੇ ਉਹ ਰਾਤ ਦੀ ਉਡੀਕ ਕਰਨ ਲੱਗੇ। ਉਨ੍ਹਾਂ ਨੂੰ ਪਤਾ ਸੀ ਕਿ ਰਾਤ ਨੂੰ ਤਾਂ ਉਨ੍ਹਾਂ ਨੂੰ ਨੀਂਦ ਵੀ ਆਵੇਗੀ ਅਤੇ ਘਰ ਵਾਲੀ ਵੀ ਘੋੜੇ ਵੇਚ ਕੇ ਸੁੱਤੀ ਹੋਣ ਕਰਕੇ ਉਨ੍ਹਾਂ ਦੇ ਸੁਫ਼ਨਿਆਂ ਵਿੱਚ ਵਿਘਨ ਨਹੀਂ ਪਾਵੇਗੀ।
ਰਾਤ ਨੂੰ ਸੁਫ਼ਨੇ ਵਿੱਚ ਬਾਬਾ ਜੀ ਬਟੇਰਿਆਂ ਦੀ ਡਾਰ ਵਿੰਹਦੇ ਤੇ ਬੱਸ ਤੁਰਨ ਵਾਂਗ ਕਰਨ ਲੱਗ ਪੈਂਦੇ। ਉਹ ਬੁੜਬੁੜਾਉਣ ਵਾਲਿਆਂ ਵਾਂਗ ਕਰਨ ਲੱਗ ਪੈਂਦੇ। ਨਾਲ ਦੇ ਮੰਜੇ ’ਤੇ ਪਈ ਘਰ ਵਾਲੀ ਜਦੋਂ ਹਲੂਣਦੀ ਤਾਂ ਉਹ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੰਦੇ, ‘‘ਕਰ ਦਿੱਤਾ ਨਾ ਬੇੜਾ ਗਰਕ। ਬਟੇਰਾ ਹੁਣੇ ਪੈਰ ਥੱਲੇ ਆਉਣ ਹੀ ਲੱਗਾ ਸੀ ਕਿ ਤੂੰ ਬਣੀ-ਬਣਾਈ ਖੇਡ ਖ਼ਰਾਬ ਕਰ ਦਿੱਤੀ। ਦੁੱਧ ’ਚ ਕਾਂਜੀ ਪਾਉਣ ਨੂੰ ਤਕੜੀ ਐਂ। ਸਾਰੀ ਜ਼ਿੰਦਗੀ ਕਦੇ ਤੂੰ ਚੱਜ ਦਾ ਕੰਮ ਨ੍ਹੀ ਕੀਤਾ।’’ ਤੇ ਬਾਬਾ ਜੀ ਬੁੜਬੁੜ ਕਰਦੇ ਬਾਹਰ ਨੂੰ ਤੁਰ ਪੈਂਦੇ। ਉਹ ਅੱਖਾਂ ਬੰਦ ਕਰ ਕੇ ਤੁਰਨ ਦਾ ਅਭਿਆਸ ਕਰਦੇ। ਤੁਰਦਿਆਂ ਤੁਰਦਿਆਂ ਜਦੋਂ ਠੇਡਾ ਵੱਜਣ ਲੱਗਦਾ ਤਾਂ ਝੱਟ ਦੇਣੇ ਉਹ ਅੱਖਾਂ ਖੋਲ੍ਹਦੇ। ਅੱਖਾਂ ਖੋਲ੍ਹਦਿਆਂ ਸਾਰ ਉਹ ਪਿੱਛੇ ਨੂੰ ਭਉਂ ਕੇ ਵੇਖਦੇ। ਉਨ੍ਹਾਂ ਨੂੰ ਗਾਂ ਦੇ ਪਿੱਛੇ ਪਿਆ ਫੋਸ ਦਿਸਦਾ ਤੇ ਭੁਲੇਖਾ ਪੈਂਦਾ ਜਿਵੇਂ ਪਿੱਛੇ ਜ਼ਰੂਰ ਹੀ ਕੋਈ ਨਾ ਕੋਈ ਬਟੇਰਾ ਉਨ੍ਹਾਂ ਦੇ ਪੈਰ ਹੇਠ ਆਇਆ ਹੋਵੇਗਾ। ਉਨ੍ਹਾਂ ਦੇ ਮੂੰਹ ਵਿਚ ਪਾਣੀ ਭਰ ਜਾਂਦਾ। ਲਾਰਾਂ ਵਗਣੀਆਂ ਸ਼ੁਰੂ ਹੋ ਦਿੰਦੀਆਂ। ਤੁਰੇ ਜਾਂਦਿਆਂ ਹੀ ਉਹ ਉਸ ਬੱਚੇ ਵਾਂਗ ਹੱਥ ਮਾਰਨ ਲੱਗ ਪੈਂਦੇ ਜਿਹੜਾ ਮਿੱਟੀ ਦੀ ਢੇਰੀ ਵਿੱਚ ਬਿਨਾਂ ਗੁਅਚਣ ਦੇ ਹੀ ਪੈਸਾ ਭਾਲ਼ ਰਿਹਾ ਹੁੰਦਾ ਹੈ।
ਬਾਬਾ ਜੀ ਦਾ ਇਹ ਹਾਲ ਪਿਛਲੇ ਸਮੇਂ ਤੋਂ ਹੋ ਰਿਹਾ ਸੀ ਅਤੇ ਇਹ ਨਿਰੰਤਰ ਵਧੀ ਜਾ ਰਿਹਾ ਸੀ। ਗੱਲ ਅਸਲ ’ਚ ਇਹ ਹੈ ਕਿ ਇੱਕ ਵਾਰੀ ਬਾਬਾ ਜੀ ਦਾ ਦਾਅ ਲੱਗ ਗਿਆ ਸੀ। ਉਨ੍ਹਾਂ ਦਾ ਮੇਲ ਇੱਕ ਸਿਆਸੀ ਨੇਤਾ ਨਾਲ ਹੋ ਗਿਆ ਸੀ। ਬਾਤ ਦਾ ਬਤੰਗੜ ਬਣਾਉਣ ਅਤੇ ਖੁਸ਼ਾਮਦ ਕਰਨ ’ਚ ਮਾਹਿਰ ਬਾਬਾ ਜੀ ਉਸ ਸਿਆਸੀ ਨੇਤਾ ਦੇ ਨੇੜਲਿਆਂ ਵਿੱਚੋਂ ਬਣ ਗਏ ਸਨ। ਸਿਆਸੀ ਨੇਤਾ ਪਾਵਰ ਵਿੱਚ ਆ ਗਿਆ ਅਤੇ ਬਾਬਾ ਜੀ ਦੀਆਂ ਚੜ੍ਹ ਮੱਚੀਆਂ ਸਨ। ਗੱਲਾਂ ਕਰਦੇ ਹੋਏ ਬਾਬਾ ਜੀ ਦਿਨੇ ਤਾਰੇ ਵਿਖਾ ਦਿੰਦੇ ਸਨ। ਜਾਂ ਆਪਾਂ ਇਹ ਵੀ ਆਖ ਸਕਦੇ ਹਾਂ ਕਿ ਹੱਥਾਂ ’ਤੇ ਬਿਨਾ ਤੇਲ ਵਾਲੀ ਸਰ੍ਹੋਂ ਜਮਾਉਣ ਵਿਚ ਬਾਬਾ ਜੀ ਦਾ ਕੋਈ ਸਾਨੀ ਨਹੀਂ ਸੀ। ਆਪਣੇ ਇਸੇ ਹੁਨਰ ਨਾਲ ਹੀ ਉਨ੍ਹਾਂ ਦੀਆਂ ਪੌਂ ਬਾਰਾਂ ਹੋ ਗਈਆਂ। ਉਹ ਮਾਇਆ ਵਿੱਚ ਖੇਡਣ ਲੱਗ ਪਏ। ਸਰਕਾਰੇ ਦਰਬਾਰੇ ਜਾ ਕੇ ਉਹ ਮੁਰਾਰੀ ਲਾਲ ਦੇ ਸੁਫ਼ਨੇ ਵਿਖਾ ਦਿੰਦੇ। ‘‘ਬੀਡੀਓ ਸਾਬ੍ਹ, ਤੁਸੀਂ ਇਉਂ ਦੱਸੋ, ਪੋਸਟਿੰਗ ਕਿੱਥੇ ਲੈਣੀ ਆ। ਆਖੋ ਤਾਂ ਥੋਨੂੰ ਡੀ.ਡੀ.ਪੀ.ਓ. ਦਾ ਵਾਧੂ ਚਾਰਜ ਦੁਆ ਦਿੰਦੇ ਆਂ। ਆਹ ਸੋਮਵਾਰ ਤਾਂ ਸੈਕਟਰੀ ਨਾਲ ਆਪਣੀ ਮੀਟਿੰਗ ਆ। ਆਪਾਂ ਉਹਨੂੰ ਕਹਿ ਦਿਆਂਗੇ।’’ ਪਲੇਟ ’ਚੋਂ ਖੋਪਾ ਧੂੜੇ ਬਿਸਕੁਟ ਚੁੱਕਦਿਆਂ ਉਨ੍ਹਾਂ ਆਖਿਆ ਤੇ ਉਨ੍ਹਾਂ ਨੂੰ ਪਤਾ ਵੀ ਨਾ ਲੱਗਦਾ ਕਿ ਕਦੋਂ ਉਹ ਸਾਰੇ ਬਿਸਕੁਟ ਚਾਹ ’ਚ ਭਿਉਂ ਭਿਉਂ ਕੇ ਖਾ ਗਏ। ਅਫ਼ਸਰ ਉਨ੍ਹਾਂ ਦੀ ਸੇਵਾ ਵਿੱਚ ਅਕਸਰ ਕੋਈ ਕਸਰ ਨਾ ਰਹਿਣ ਦਿੰਦੇ।
‘‘ਉਏ ਲਿਆ ਭਾਨਿਆ, ਤੂੰ ਕਾਗਤ ਤੇ ਚਾਰ ਅੱਖਰ ਲਿਖ ਕੇ ਦੇ। ਤੇਰੇ ਮੁੰਡੇ ਨੂੰ ਚਹੁੰ ਦਿਨਾਂ ’ਚ ਨੌਕਰੀ ਦੇ ਆਰਡਰ ਦਿਵਾ ਦੇਵਾਂਗੇ। ਹਾਂ, ਤੂੰ ਇਹ ਦੱਸ ਬਈ ਨੌਕਰੀ ਵਾਸਤੇ ਉਸ ਨੂੰ ਦਫ਼ਤਰ ਕਿਹੜਾ ਤੇ ਕਿੱਥੇ ਚਾਹੀਦੈ।’’ ਚੁਟਕੀ ਮਾਰਦਿਆਂ ਉਹ ਲੋਕਾਂ ਦੀ ਜੁੜੀ ਭੀੜ ਵਿੱਚ ਅਦਨੇ ਬਣੇ ਲੋਕਾਂ ਵਿੱਚੋਂ ਕਿਸੇ ਨੂੰ ਕਹਿੰਦੇ। ਜਨਤਾ ਵੀ ਅੱਗੋਂ ਘੱਟ ਨਹੀਂ ਕਰਦੀ ਸੀ। ਬੱਗੀਆਂ ਦਾੜ੍ਹੀਆਂ ਵਾਲੇ ‘‘ਬੱਸ ਬਾਬਾ, ਅਸੀਂ ਤਾਂ ਸਾਰੀ ਉਮਰ ਤੇਰਾ ਜਸ ਗਾਵਾਂਗੇ।’’ ਕਹਿੰਦਿਆਂ ਨਾਲ ਹੀ ਉਸ ਦੇ ਪੈਰੀਂ ਹੱਥ ਵੀ ਲਾ ਦਿੰਦੇ।
ਬਾਬਾ ਜੀ ਦੇ ਵਾਰੇ ਨਿਆਰੇ ਹੋਣ ਲੱਗ ਪਏ। ਮਾਇਆ ਦੇਵੀ ਗੁੜ ’ਤੇ ਮੱਖੀਆਂ ਦੇ ਘੁੰਮਣ ਵਾਂਗ ਬਾਬਾ ਜੀ ਦੇ ਅੱਗੇ ਪਿੱਛੇ ਫਿਰਨ ਲੱਗੀ। ਬਾਬਾ ਜੀ ਨੇ ਦਾੜ੍ਹੀ ਨੂੰ ਵਸਮਾ ਵੀ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਉਹ ਲਾਲ ਪਰੀ ਦੇ ਨਾਲ ਨਾਲ ਹੁਸਨ ਦੇਵਤਾ ਵੱਲ ਵੀ ਉਲਰਨ ਲੱਗ ਪਏ। ਕਿਸੇ ਸਮੇਂ ਕਾਮਰੇਡੀ ਦੇ ਨੇੜੇ ਸਰਕੇ ਬਾਬਾ ਜੀ ਪੂਰੇ ਸਿਆਸੀ ਨੇਤਾ ਵਾਲੀਆਂ ਸ਼ਤਰੰਜੀ ਚਾਲਾਂ ਖੇਡਣ ਲੱਗ ਪਏ। ਉਹ ਆਪਣੇ ਆਪ ਨੂੰ ਕਿਸੇ ਧੁਰੰਤਰ ਤੋਂ ਘੱਟ ਨਹੀਂ ਸਮਝਦੇ ਸਨ। ਪਰ ਇੱਕ ਪੱਖੋਂ ਉਹ ਗਧੇ ਦੇ ਸਿੰਙ ਨਾ ਹੋਣ ਵਾਂਗ ਊਣੇ ਸਨ। ਸ਼ਤਰੰਜ ਤਾਂ ਉਨ੍ਹਾਂ ਦੇ ਕਦੇ ਪੁਰਖਿਆਂ ਨੇ ਵੀ ਨਾ ਖੇਡੀ ਹੋਣ ਕਰਕੇ ਸਿਆਸੀ ਚਾਲ ਵਿੱਚ ਵੀ ਮਾਰ ਖਾ ਗਏ। ਦੰਦਰਾਲ਼ ਥੋੜ੍ਹੀ ਜਿਹੀ ਉੱਚੀ ਹੋਣ ਅਤੇ ਦੰਦਾਂ ਵਿੱਚ ਵੀ ਵਿਰਲ ਹੋਣ ਕਰਕੇ ਜਿਵੇਂ ਬੋਲਣ ਲੱਗਿਆਂ ਉਨ੍ਹਾਂ ਦੇ ਮੂੰਹ ਵਿੱਚੋਂ ਸ਼ਬਦਾਂ ਦੀ ਥਾਂ ਹਵਾ ਨਿਕਲ ਜਾਇਆ ਕਰਦੀ ਸੀ ਤਿਵੇਂ ਹੀ ਬੋਲਦਿਆਂ ਉਨ੍ਹਾਂ ਦੀ ਜ਼ੁਬਾਨ ਵੀ ਪਲ਼ਟਾ ਖਾ ਜਾਂਦੀ ਸੀ। ਇਸੇ ਕਰਕੇ ਤਾਂ ਉਹ ਵੱਡੀ ਮਾਰ ਖਾ ਗਏ।
ਕਰਨੀ ਰੱਬ ਦੀ। ਬਾਬਾ ਜੀ ਦੇ ਮਾਲਕ, ਸਿਆਸੀ ਨੇਤਾ ਨੂੰ ਬਾਬਾ ਜੀ ਦੀਆਂ ਕਰਤੂਤਾਂ ਦਾ ਪਤਾ ਲੱਗ ਗਿਆ। ਸਿਆਸੀ ਨੇਤਾ ਜੀ ਆਪ ਸਵੱਛ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਨੇ ਬਾਬਾ ਜੀ ਨੂੰ ਪਿੰਡੇ ਦੇ ਮੈਲ਼ੇ ਕੱਪੜਿਆਂ ਵਾਂਗ ਵਗਾਹ ਕੇ ਮਾਰਿਆ। ਬੱਸ! ਉਸੇ ਦਿਨ ਤੋਂ ਬਾਬਾ ਜੀ ਮਾਰੇ ਮਾਰੇ ਫਿਰ ਰਹੇ ਹਨ। ਕਦੇ ਉਹ ਕਿਸੇ ਦੇ ਲੜ ਲੱਗਦੇ ਹਨ ਅਤੇ ਕਦੇ ਕਿਸੇ ਦੇ। ਪਰ ਉਨ੍ਹਾਂ ਨੂੰ ਪੈਰ ਹੇਠਲੇ ਬਟੇਰੇ ਵਾਲੀਆਂ ਪ੍ਰਾਪਤੀਆਂ ਅਤੇ ਭੁਲੇਖੇ ਸਦਕਾ ਛੇਤੀ ਹੀ ਹਰ ਥਾਂ ਤੋਂ ਛੇਕ ਦਿੱਤਾ ਜਾਂਦਾ ਹੈ। ਬਾਬਾ ਜੀ ਹਰ ਸਮੇਂ ਬਟੇਰੇ ਦੀ ਭਾਲ਼ ਵਿੱਚ ਰਹਿੰਦੇ ਹਨ। ਕਾਸ਼! ਕਿਧਰੇ ਬਟੇਰਾ ਮਿਲ ਜਾਵੇ।

Advertisement

ਸੰਪਰਕ: 95010-20731

Advertisement
Advertisement