ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੰਗੇ ਪੈਰਾਂ ਦੇ ਸਫ਼ਰ ਵਾਲੀ ਦਲੀਪ ਕੌਰ ਟਿਵਾਣਾ

04:02 AM May 04, 2025 IST
featuredImage featuredImage

ਦਲਜੀਤ ਰਾਏ ਕਾਲੀਆ

Advertisement

ਦਲੀਪ ਕੌਰ ਟਿਵਾਣਾ ਵੱਕਾਰੀ ਸਰਸਵਤੀ ਸਨਮਾਨ ਪ੍ਰਾਪਤ ਕਰਨ ਵਾਲੀ ਪੰਜਾਬੀ ਸਾਹਿਤ ਜਗਤ ਦੀ ਪਹਿਲੀ ਲੇਖਿਕਾ ਹੈ‌। ਇਸ ਤੋਂ ਇਲਾਵਾ ਉਹ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੀ ਪ੍ਰਧਾਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੀ ਮੁਖੀ ਬਣਨ ਵਾਲੀ ਵੀ ਪਹਿਲੀ ਔਰਤ ਹੈ। ਪੰਜਾਬੀ ਸਾਹਿਤ ਜਗਤ ਦੀ ਮਾਣਮੱਤੀ ਸ਼ਖ਼ਸੀਅਤ ਭਾਵ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਲੇਖਿਕਾ ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਪਿੰਡ ਰੱਬੋ ਉੱਚੀ ਜ਼ਿਲ੍ਹਾ ਲੁਧਿਆਣਾ ਵਿਖੇ ਸਰਦਾਰ ਕਾਕਾ ਸਿੰਘ ਟਿਵਾਣਾ ਅਤੇ ਮਾਤਾ ਚੰਦ ਕੌਰ ਦੇ ਗ੍ਰਹਿ ਵਿਖੇ ਹੋਇਆ। ਦਲੀਪ ਕੌਰ ਆਪਣੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਬਚਪਨ ਵਿੱਚ ਹੀ ਉਹ ਆਪਣੀ ਭੂਆ ਗੁਲਾਬ ਕੌਰ ਕੋਲ ਪਟਿਆਲਾ ਵਿਖੇ ਰਹਿਣ ਲੱਗ ਪਈ। ਦਲੀਪ ਕੌਰ ਟਿਵਾਣਾ ਦੇ ਫੁੱਫੜ ਤਾਰਾ ਸਿੰਘ ਉੱਚ ਅਧਿਕਾਰੀ ਸਨ। ਡਾਕਟਰ ਟਿਵਾਣਾ ਨੇ ਮੁੱਢਲੀ ਸਿੱਖਿਆ ਸਿੰਘ ਸਭਾ ਸਕੂਲ, ਪਟਿਆਲਾ ਤੋਂ ਪ੍ਰਾਪਤ ਕੀਤੀ।ਉਸ ਨੇ ਮੈਟ੍ਰਿਕ ਦਾ ਇਮਤਿਹਾਨ ਵਿਕਟੋਰੀਆ ਹਾਈ ਸਕੂਲ, ਪਟਿਆਲਾ ਤੋਂ ਪਾਸ ਕੀਤਾ। 1954 ਵਿੱਚ ਉਸ ਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ.ਏ. ਦਾ ਇਮਤਿਹਾਨ ਪਾਸ ਕੀਤਾ। ਉਸ ਨੇ ਐਮ.ਏ. ਦੀ ਡਿਗਰੀ ਯੂਨੀਵਰਸਿਟੀ ਵਿੱਚੋਂ ਅੱਵਲ ਰਹਿ ਕੇ ਪਾਸ ਕੀਤੀ। ਉਸ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ 1966 ਵਿੱਚ ‘ਪੰਜਾਬੀ ਨਿੱਕੀ ਕਹਾਣੀ ਦੇ ਝੁਕਾਅ ਅਤੇ ਵਿਸ਼ੇਸ਼ਤਾਵਾਂ’ ਵਿਸ਼ੇ ’ਤੇ ਪੀਐੱਚ.ਡੀ. ਕੀਤੀ। ਉਹ ਪੰਜਾਬੀ ਦੀ ਪੀਐੱਚ.ਡੀ. ਕਰਨ ਵਾਲੀ ਛੋਟੀ ਉਮਰ ਦੀ ਪਹਿਲੀ ਕੁੜੀ ਸੀ। ਉਸ ਨੇ ਸ਼ੁਰੂ ਵਿੱਚ ਧਰਮਸ਼ਾਲਾ (ਕਾਂਗੜਾ) ਦੇ ਸਰਕਾਰੀ ਕਾਲਜ ਵਿੱਚ ਬਤੌਰ ਲੈਕਚਰਾਰ ਆਪਣੀ ਅਧਿਆਪਨ ਸੇਵਾ ਸ਼ੁਰੂ ਕੀਤੀ। ਪਿੱਛੋਂ 1963 ਤੋਂ 1971 ਈਸਵੀ ਤੱਕ ਉਹ ਬਤੌਰ ਪੰਜਾਬੀ ਲੈਕਚਰਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸੇਵਾ ਨਿਭਾਉਂਦੀ ਰਹੀ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 1971 ਤੋਂ 1981 ਤੱਕ ਬਤੌਰ ਰੀਡਰ, 1981 ਤੋਂ 1983 ਤੱਕ ਬਤੌਰ ਪ੍ਰੋਫੈਸਰ ਅਤੇ 1983 ਤੋਂ 1986 ਤੱਕ ਬਤੌਰ ਮੁਖੀ, ਪੰਜਾਬੀ ਵਿਭਾਗ ਸੇਵਾਵਾਂ ਨਿਭਾਈਆਂ। ਉਸ ਨੇ ਯੂ.ਜੀ.ਸੀ. ਵੱਲੋਂ 1989-90 ਦਰਮਿਆਨ ਨੈਸ਼ਨਲ ਪ੍ਰੋਫੈਸਰਸ਼ਿਪ ਦੇ ਅਹੁਦੇ ’ਤੇ ਵੀ ਕਾਰਜ ਕੀਤਾ। ਉਹ ਬਤੌਰ ਮੁਖੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡੀਨ ਪੰਜਾਬੀ ਯੂਨੀਵਰਸਿਟੀ ਵਜੋਂ ਸੇਵਾਮੁਕਤ ਹੋਈ। 1994 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਸ ਨੂੰ ਜੀਵਨ ਭਰ ਲਈ ਫੈਲੋਸ਼ਿਪ ਪ੍ਰਦਾਨ ਕੀਤੀ ਗਈ।
ਪ੍ਰਿੰਸੀਪਲ ਤੇਜਾ ਸਿੰਘ ਦੀ ਪ੍ਰੇਰਨਾ ਸਦਕਾ ਉਸ ਦਾ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਆਗਮਨ ਹੋਇਆ। ਬਾਅਦ ਵਿੱਚ ਉਸ ਨੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਉੱਪਰ ਗਿਣਾਤਮਕ ਅਤੇ ਗੁਣਾਤਮਕ ਕਾਰਜ ਕੀਤਾ। ਦਲੀਪ ਕੌਰ ਟਿਵਾਣਾ ਨੇ ਪ੍ਰਬਲ ਵਹਿਣ, ਤਰਾਟਾਂ, ਵੈਰਾਗੇ ਨੈਣ, ਵੇਦਨਾ, ਤੂੰ ਭਰੀਂ ਹੁੰਗਾਰਾ, ਪੀੜਾਂ (ਸੰਪਾਦਕ: ਕੁਲਵੰਤ ਸਿੰਘ ਵਿਰਕ), ਯਾਤਰਾ, ਕਿਸੇ ਦੀ ਧੀ (ਸੰਪਾਦਕ: ਕੁਲਵੰਤ ਸਿੰਘ ਵਿਰਕ), ਸਾਧਨਾ, ਮਾਲਣ, ਤੇਰਾ ਕਮਰਾ ਮੇਰਾ ਕਮਰਾ, ਇੱਕ ਕੁੜੀ, ਮੇਰੀਆਂ ਸਾਰੀਆਂ ਕਹਾਣੀਆਂ, ਮੇਰੀ ਪ੍ਰਤੀਨਿਧ ਰਚਨਾ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਦਲੀਪ ਕੌਰ ਟਿਵਾਣਾ ਦੁਆਰਾ ਰਚਿਤ ਨਾਵਲਾਂ ਵਿੱਚ ਅਗਨੀ ਪ੍ਰੀਖਿਆ (1967), ਇਹੁ ਹਮਾਰਾ ਜੀਵਣਾ (1968), ਵਾਟ ਹਮਾਰੀ (1970), ਤੀਲ੍ਹੀ ਦਾ ਨਿਸ਼ਾਨ (1970), ਸੂਰਜ ਤੇ ਸਮੁੰਦਰ (1971), ਦੂਸਰੀ ਸੀਤਾ (1975), ਵਿਦ ਇਨ ਵਿਦ ਆਊਟ (1975), ਸਰਕੰਡਿਆਂ ਦੇ ਦੇਸ਼ (1976), ਧੁੱਪ ਛਾਂ ਤੇ ਰੁੱਖ (1976), ਸਭੁ ਦੇਸੁ ਪਰਾਇਆ (1976), ਹੇ ਰਾਮ (1977), ਲੰਮੀ ਉਡਾਰੀ (1978), ਪੀਲੇ ਪੱਤਿਆਂ ਦੀ ਦਾਸਤਾਨ (1980), ਹਸਤਾਖ਼ਰ (1982), ਪੈੜ ਚਾਲ (1984), ਰਿਣ ਪਿੱਤਰਾਂ ਦਾ (1985), ਐਰ ਵੈਰ ਮਿਲਦਿਆਂ (1986), ਲੰਘ ਗਏ ਦਰਿਆ (1990), ਜਿਮੀਂ ਪੁੱਛੇ ਅਸਮਾਨ (1991), ਕਥਾ ਕੁਕਨੁਸ ਦੀ (1993), ਦੁਨੀ ਸੁਹਾਵਾ ਬਾਗ (1995), ਕਥਾ ਕਹੋ ਉਰਵਸ਼ੀ (1999), ਭਉਜਲ (2001), ਉਹ ਤਾਂ ਪਰੀ ਸੀ (2002), ਮੋਹ ਮਾਇਆ (2003), ਜਨਮ ਜੂਏ ਹਾਰਿਆ (2005), ਖੜ੍ਹਾ ਪੁਕਾਰੇ ਪਾਤਣੀ (2006), ਪੌਣਾਂ ਦੀ ਜਿੰਦ ਮੇਰੀ (2006), ਖਿਤਿਜ ਤੋਂ ਪਾਰ (2007), ਤੀਨ ਲੋਕ ਸੇ ਨਿਆਰੀ (2008), ਤੁਮਰੀ ਕਥਾ ਕਹੀ ਨਾ ਜਾਏ (2008), ਵਿਛੜੇ ਸਭੋ ਵਾਰੋ ਵਾਰੀ (2011), ਤਖਤ ਹਜ਼ਾਰਾ ਦੂਰ ਕੁੜੇ (2011), ਜੇ ਕਿਧਰੇ ਰੱਬ ਟੱਕਰ ਜੇ (2018), ਗਫੂਰ ਸੀ ਉਸਦਾ ਨਾਓਂ (2019) ਆਦਿ ਸ਼ਾਮਿਲ ਹਨ। ਉਸ ਨੂੰ ‘ਇਹੁ ਹਮਾਰਾ ਜੀਵਣਾ’ ਲਈ 1971 ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਅਤੇ 2001 ਵਿੱਚ ‘ਕਥਾ ਕਹੋ ਉਰਵਸ਼ੀ’ ਲਈ ਸਰਸਵਤੀ ਸਨਮਾਨ ਪ੍ਰਦਾਨ ਕੀਤਾ ਗਿਆ ਸੀ।
ਆਲੋਚਨਾ ਦੇ ਖੇਤਰ ਵਿੱਚ ਉਸ ਨੇ ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦੇ ਲੱਛਣ ਤੇ ਪ੍ਰਵਿਰਤੀਆਂ, ਪੰਜ ਪ੍ਰਮੁੱਖ ਕਹਾਣੀਕਾਰ, ਕਹਾਣੀ ਕਲਾ ਤੇ ਮੇਰਾ ਅਨੁਭਵ ਪੁਸਤਕਾਂ ਲਿਖੀਆਂ। ਜਿਉਣ ਜੋਗੇ ਉਸ ਦਾ ਲਿਖਿਆ ਰੇਖਾ-ਚਿੱਤਰ ਸੰਗ੍ਰਹਿ ਹੈ।
ਬਾਲ ਸਾਹਿਤ ਦੇ ਖੇਤਰ ਵਿੱਚ ਉਸ ਨੇ ਫੁੱਲਾਂ ਦੀਆਂ ਕਹਾਣੀਆਂ, ਪੰਛੀਆਂ ਦੀਆਂ ਕਹਾਣੀਆਂ ਅਤੇ ਪੰਜਾਂ ਵਿੱਚ ਪਰਮੇਸ਼ਰ ਪੁਸਤਕਾਂ ਰਚ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਉਸ ਨੇ ਬਹੁਤ ਸਾਰੀਆਂ ਪੁਸਤਕਾਂ ਦੇ ਅਨੁਵਾਦ ਵੀ ਕੀਤੇ; ਜਿਨ੍ਹਾਂ ਵਿੱਚ ਕਥਾ ਭਾਰ (ਨਾਮਵਰ ਸਿੰਘ ਵੱਲੋਂ ਸੰਪਾਦਿਤ ਹਿੰਦੀ ਕਹਾਣੀਆਂ), ਪਾਤੁੱਮਾ ਦੀ ਬੱਕਰੀ ਅਤੇ ਬਚਪਨ ਦੀ ਸਹੇਲੀ (ਵੈਦ ਮੁਹੰਮਦ ਬਸ਼ੀਰ ਦੀ ਮਲਿਆਲਮ ਪੁਸਤਕ), ਤੁਲਸੀ ਦਾਸ (ਦਵਿੰਦਰ ਸਿੰਘ ਦੀ ਹਿੰਦੀ ਪੁਸਤਕ), ਪ੍ਰੇਮ ਚੰਦ ਦੀਆਂ ਚੋਣਵੀਆਂ ਕਹਾਣੀਆਂ (ਰਾਧਾ ਕ੍ਰਿਸ਼ਨ ਵੱਲੋਂ ਸੰਪਾਦਿਤ ਹਿੰਦੀ ਕਹਾਣੀਆਂ) ਆਦਿ ਸ਼ਾਮਿਲ ਹਨ। ਨੰਗੇ ਪੈਰਾਂ ਦਾ ਸਫ਼ਰ ਅਤੇ ਤੁਰਦਿਆਂ ਤੁਰਦਿਆਂ ਉਸ ਦੀਆਂ ਸਵੈ ਜੀਵਨੀਆਂ ਹਨ। ਪੂਛਤੇ ਹੋ ਤੋ ਸੁਨੋ ਉਸ ਦੀ ਸਾਹਿਤਕ ਸਵੈ-ਜੀਵਨੀ ਹੈ। ਉਸ ਦੀਆਂ ਬਹੁਤ ਸਾਰੀਆਂ ਲਿਖਤਾਂ ਦੇ ਅੰਗਰੇਜ਼ੀ ਅਤੇ ਕਈ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਹੋਏ।
ਡਾਕਟਰ ਦਲੀਪ ਕੌਰ ਟਿਵਾਣਾ ਨੇ 1980 ਵਿੱਚ ਲੰਡਨ ਅਤੇ 1990 ਵਿੱਚ ਸਕਾਟਲੈਂਡ ਵਿੱਚ ਹੋਈਆਂ ਕੌਮਾਂਤਰੀ ਪੰਜਾਬੀ ਕਾਨਫਰੰਸਾਂ ਦੀ ਪ੍ਰਧਾਨਗੀ ਕੀਤੀ। ਉਸ ਨੂੰ ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਬਹੁਤ ਸਾਰੇ ਮਾਣ ਸਨਮਾਨ ਮਿਲੇ। ਡਾਕਟਰ ਦਲੀਪ ਕੌਰ ਟਿਵਾਣਾ ਦੀ ਸਵੈ-ਜੀਵਨੀ ਨੰਗੇ ਪੈਰਾਂ ਦਾ ਸਫ਼ਰ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ 1982 ਵਿੱਚ ਗੁਰਮਖ ਸਿੰਘ ਮੁਸਾਫਿਰ ਐਵਾਰਡ ਪ੍ਰਦਾਨ ਕੀਤਾ ਗਿਆ। ਉਸ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੀਲੇ ਪੱਤਿਆਂ ਦੀ ਦਾਸਤਾਨ ਪੁਸਤਕ ਲਈ ਨਾਨਕ ਸਿੰਘ ਪੁਰਸਕਾਰ ਦਿੱਤਾ ਗਿਆ। ‌ਉਸ ਨੂੰ ਕੈਨੇਡੀਅਨ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਵੱਲੋਂ ਵੀ ਲੇਖਕ ਅਤੇ ਕਲਾਕਾਰ ਐਵਾਰਡ ਨਾਲ ਨਿਵਾਜ਼ਿਆ ਗਿਆ।
1987 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਨੂੰ ਸ਼੍ਰੋਮਣੀ ਸਾਹਿਤਕਾਰ ਐਵਾਰਡ ਦਿੱਤਾ ਗਿਆ। 1991 ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਉਸ ਨੂੰ ਧਾਲੀਵਾਲ ਐਵਾਰਡ ਪ੍ਰਦਾਨ ਕੀਤਾ ਗਿਆ। ਉਸ ਨੂੰ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਦਹਾਕੇ ਦੀ ਸਰਵੋਤਮ ਨਾਵਲਕਾਰ ਦਾ ਐਵਾਰਡ 1993 ਵਿੱਚ ਦਿੱਤਾ ਗਿਆ। ਕਰਨਾਟਕ ਸਰਕਾਰ ਵੱਲੋਂ 1994 ਵਿੱਚ ਉਸ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ। 1998 ਵਿੱਚ ਭਾਰਤੀ ਭਾਸ਼ਾ ਪਰਿਸ਼ਦ ਕਲਕੱਤਾ ਵੱਲੋਂ ਉਸ ਨੂੰ ‘ਦੁਨੀ ਸੁਹਾਵਾ ਬਾਗ’ ਪੁਸਤਕ ਲਈ ਵਾਗਦੇਵੀ ਸਨਮਾਨ ਦਿੱਤਾ ਗਿਆ। ਖਾਲਸਾ ਪੰਥ ਦੀ ਤੀਸਰੀ ਜਨਮ ਸ਼ਤਾਬਦੀ ਸਮੇਂ 11 ਅਪਰੈਲ 1999 ਨੂੰ ਉਸ ਨੂੰ ਮਾਤਾ ਸਾਹਿਬ ਕੌਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕੇ.ਕੇ. ਬਿਰਲਾ ਫਾਊਂਡੇਸ਼ਨ ਵੱਲੋਂ 2001 ਵਿੱਚ ਉਸ ਨੂੰ ਸਰਸਵਤੀ ਐਵਾਰਡ ਪ੍ਰਦਾਨ ਕੀਤਾ ਗਿਆ। 2005 ਵਿੱਚ ਜਲੰਧਰ ਦੂਰਦਰਸ਼ਨ ਨੇ ਉਸ ਨੂੰ ਪੰਜ ਪਾਣੀ ਐਵਾਰਡ ਦਿੱਤਾ। 2008 ਵਿੱਚ ਪੰਜਾਬ ਸਰਕਾਰ ਵੱਲੋਂ ਉਸ ਨੂੰ ਪੰਜਾਬੀ ਸਾਹਿਤ ਰਤਨ ਐਵਾਰਡ ਦਿੱਤਾ ਗਿਆ। 2011 ਵਿੱਚ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਡੀ.ਲਿਟ ਦੀ ਉਪਾਧੀ ਪ੍ਰਦਾਨ ਕੀਤੀ ਗਈ। 2004 ਵਿੱਚ ਉਸ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਦੇ ਸਨਮਾਨ ਨਾਲ ਨਿਵਾਜਿਆ ਗਿਆ, ਪਰ 2015 ਵਿੱਚ ਉਸ ਨੇ ਪ੍ਰਗਟਾਵੇ ਦੀ ਆਜ਼ਾਦੀ ਦੇ ਸਵਾਲ ਤੇ ਫਾਸ਼ੀਵਾਦੀ ਹਮਲੇ ਵਿਰੁੱਧ ਰੋਸ ਪ੍ਰਗਟਾਉਂਦੇ ਹੋਏ ਪਦਮ ਸ੍ਰੀ ਸਨਮਾਨ ਵਾਪਸ ਕਰ ਦਿੱਤਾ ਸੀ।
ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਪ੍ਰਧਾਨ ਬਣਨ ਵਾਲੀ ਪਹਿਲੀ ਔਰਤ ਸੀ। ਉਸ ਦੀਆਂ ਕਹਾਣੀਆਂ ਤੇ ਨਾਵਲਾਂ ਦੇ ਪਾਤਰ ਦੱਬੇ ਕੁਚਲੇ ਅਤੇ ਮਜ਼ਲੂਮ ਲੋਕ ਸਨ। ਉਸ ਨੇ ਆਪਣੀਆਂ ਰਚਨਾਵਾਂ ਵਿੱਚ ਨਾਰੀ ਵੇਦਨਾ ਨੂੰ ਬੜੀ ਸ਼ਿੱਦਤ ਨਾਲ ਬਿਆਨਿਆ ਹੈ। ਅੰਤ ਸੰਖੇਪ ਬਿਮਾਰੀ ਪਿੱਛੋਂ ਉਹ 31 ਜਨਵਰੀ 2020 ਨੂੰ ਮੈਕਸ ਸੁਪਰ ਸਪੈਸ਼ਲਟੀ ਹਸਪਤਾਲ, ਮੁਹਾਲੀ ਵਿਖੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ। ਪੰਜਾਬੀ ਗਲਪ ਦੇ ਖੇਤਰ ਵਿੱਚ ਵਿਲੱਖਣ ਪਛਾਣ ਸਥਾਪਿਤ ਕਰਨ ਵਾਲੀ ਲੇਖਿਕਾ ਡਾਕਟਰ ਦਲੀਪ ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਸੰਪਰਕ: 97812-00168

Advertisement
Advertisement