ਔਜਲਾ ਵੱਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਜੁਲਾਈ
ਵਿਧਾਇਕ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਤੋਂ ਬਾਅਦ ਉਨ੍ਹਾਂ ਦੇ ਹਲਕੇ ਵਿੱਚ ਚਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਅੱਜ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਨਿੇਸ਼ ਬੱਸੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਮੀਟਿੰਗ ਤੋਂ ਸ੍ਰੀ ਔਜਲਾ ਨੇ ਦੱਸਿਆ ਕਿ ਸ੍ਰੀ ਸਿੱਧੂ ਦੇ ਹਲਕੇ ਵਿੱਚ ਪੁਲ ਬਣਾਉਣ ਦੇ ਕੰਮਾਂ ਸਬੰਧੀ ਲੋੜੀਂਦੀ ਕਾਰਵਾਈ ਜਾਰੀ ਹੈ। ਜੌੜਾ ਫਾਟਕ ਅਤੇ ਵੱਲਾ ਕੋਲ ਬਣਨ ਵਾਲੇ ਰੇਲਵੇ ਪੁਲ ਦੇ ਟੈਂਡਰ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਕੁਝ ਕੰਮ ਭਾਰਤੀ ਫੌਜ ਦਾ ਇਲਾਕਾ ਲੱਗਦਾ ਹੋਣ ਕਾਰਨ ਉਸ ਲਈ ਲੋੜੀਂਦੀ ਐੱਨਓਸੀ ਜ਼ਰੂਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੌੜਾ ਫਾਟਕ ਅਤੇ ਵੱਲਾ ਪੁਲ ਵਾਸਤੇ 24 ਕਰੋੜ ਰੁਪਏ ਦੇ ਟੈਂਡਰ ਲਾਉਣ ਦੀ ਤਿਆਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਟਰੱਸਟ ਦੇ ਚੇਅਰਮੈਨ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਤਾਲਮੇਲ ਦੀ ਕਮੀ ਦੇ ਕਾਰਨ ਅਜਿਹਾ ਹੋਇਆ ਹੈ। ਇਸ ਦੌਰਾਨ ਟਰੱਸਟ ਦੇ ਚੇਅਰਮੈਨ ਦਨਿੇਸ਼ ਬੱਸੀ ਨੇ ਦਾਅਵਾ ਕੀਤਾ ਕਿ ਉਹ ਟਰੱਸਟ ਦੀਆਂ ਉਨ੍ਹਾਂ ਦੇ ਹਲਕੇ ਨਾਲ ਸਬੰਧਤ ਮੀਟਿੰਗਾਂ ਬਾਰੇ ਸ੍ਰੀ ਸਿੱਧੂ ਨੂੰ ਜਾਣਕਾਰੀ ਭੇਜਦੇ ਰਹੇ ਹਨ। ਟਰੱਸਟ ਨੇ ਇਸ ਸਬੰਧ ਵਿੱਚ ਸਰਕਾਰ ਨੂੰ ਪੱਤਰ ਭੇਜ ਕੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਾਇਆ ਹੈ।