Punjab News: ਮੰਤਰੀ ਵੱਲੋਂ ਬੱਸ ਅੱਡੇ ਦੀ ਅਚਨਚੇਤ ਚੈਕਿੰਗ, ਕੁਤਾਹੀ ਵਰਤਣ ਵਾਲੇ ਇੰਸਪੈਕਟਰ ਨੂੰ ਮੁਅੱਤਲ ਕੀਤਾ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 5 ਅਪਰੈਲ
ਕੈਬਿਨਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨੇ ਬੀਤੀ ਸ਼ਾਮ ਅਚਨਚੇਤ ਹੀ ਜੀਟੀ ਰੋਡ ਜੰਡਿਆਲਾ ਗੁਰੂ ਵਿਖੇ ਬਣੇ ਬੱਸ ਅੱਡੇ 'ਤੇ ਚੈਕਿੰਗ ਕੀਤੀ ਅਤੇ ਸਰਕਾਰ ਵਲੋਂ ਤਾਇਨਾਤ ਕੀਤੇ ਪੰਜਾਬ ਰੋਡਵੇਜ਼ ਦੇ ਇੰਸਪੈਕਟਰ ਰਜਿੰਦਰ ਸਿੰਘ ਦੇ ਗੈਰਹਾਜ਼ਰ ਪਾਏ ਜਾਣ 'ਤੇ ਨੌਕਰੀ ਤੋਂ ਕੁਤਾਹੀ ਵਰਤਣ ਦੇ ਦੋਸ਼ਾਂ ਤਹਿਤ ਉਸ ਨੂੰ ਮੁਅੱਤਲ ਕਰ ਦਿੱਤਾ।
ਇਸ ਬੰਦੀ ਜਾਣਕਾਰੀ ਦਿੰਦਿਆਂ ਕੈਬਨਟ ਮੰਤਰੀ ਈਟੀਓ ਨੇ ਕਿਹਾ ਉਨ੍ਹਾਂ ਨੂੰ ਜੰਡਿਆਲਾ ਗੁਰੂ ਤੋਂ ਅੰਮ੍ਰਿਤਸਰ ਜਾਣ ਲਈ ਵਿਦਿਆਰਥੀਆਂ ਅਤੇ ਹੋਰਾਂ ਨੂੰ ਆਉਂਦੀਆਂ ਮੁਸ਼ਕਲਾਂ ਦੀ ਸ਼ਿਕਾਇਤ ਮਿਲੀ ਸੀ, ਕਿ ਇੱਥੇ ਰੋਡਵੇਜ਼ ਕਰਮਚਾਰੀ ਆਪਣੀਆਂ ਬੱਸਾਂ ਖੜ੍ਹੀਆਂ ਨਹੀਂ ਕਰਦੇ ਅਤੇ ਸਵਾਰੀਆਂ ਨਹੀਂ ਬਿਠਾਉਂਦੇ। ਇਸ ਕਾਰਨ ਉਨ੍ਹਾਂ ਪਹਿਲਾਂ ਵੀ ਦੋ ਵਾਰ ਸਵੇਰੇ ਆ ਕੇ ਇੱਥੇ ਚੈਕਿੰਗ ਕੀਤੀ ਅਤੇ ਬੱਸ ਸਾਡੇ ਉੱਪਰ ਪੰਜਾਬ ਰੋਡਵੇਜ਼ ਦੇ ਇੱਕ ਇੰਸਪੈਕਟਰ ਦੀ ਡਿਊਟੀ ਲਗਾਈ ਗਈ ਸੀ, ਜੋ ਬੱਸਾਂ ਰੋਕ ਕੇ ਸਵਾਰੀਆਂ ਬਿਠਾਏਗਾ। ਉਨ੍ਹਾਂ ਫਿਰ ਅਚਨਚੇਤ ਬੱਸ ਅੱਡੇ ਦੀ ਚੈਕਿੰਗ ਕੀਤੀ ਪਰ ਮੌਕੇ ’ਤੇ ਰੋਡਵੇਜ਼ ਇੰਸਪੈਕਟਰ ਡਿਊਟੀ ਤੋਂ ਗੈਰਹਾਜ਼ਰ ਪਾਇਆ ਗਿਆ, ਜਿਸ ਕਾਰਨ ਉਸਨੂੰ ਤੁਰੰਤ ਮੁਅਤਲ ਕਰ ਦਿੱਤਾ ਗਿਆ ਹੈ।