ਆਤਮ ਸਿੰਘ ਰੰਧਾਵਾ ਬਣੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 22 ਮਾਰਚ
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਪੰਜਾਬੀ ਅਧਿਐਨ ਦੇ ਵਿਦਵਾਨ ਡਾ. ਆਤਮ ਸਿੰਘ ਰੰਧਾਵਾ ਨੂੰ ਖਾਲਸਾ ਕਾਲਜ ਦਾ ਨਵਾਂ ਪ੍ਰਿੰਸੀਪਲ ਨਿਯੁਕਤ ਕੀਤਾ ਹੈ। ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਸ੍ਰੀ ਰੰਧਾਵਾ ਨੂੰ ਕੌਂਸਲ ਦੇ ਉਚ ਅਹੁਦੇਦਾਰਾਂ, ਸਮੂਹ ਕਾਲਜ ਸਟਾਫ਼ ਦੀ ਮੌਜ਼ੂਦਗੀ ’ਚ ਪ੍ਰਿੰਸੀਪਲ ਵਜੋਂ ਕਾਰਜਭਾਰ ਸੌਂਪਿਆ। ਡਾ. ਰੰਧਾਵਾ ਜੋ ਕਿ ਪੰਜਾਬੀ ’ਚ ਪੀ. ਐਚ. ਡੀ. ਹਨ, ਦਾ ਅਧਿਆਪਨ ’ਚ 25 ਸਾਲ ਤੋਂ ਵਧੇਰੇ ਦਾ ਤਜਰਬਾ ਹੈ। ਡਾ. ਰੰਧਾਵਾ ਕਾਲਜ ਵਿੱਚ ਐਸੋਸੀਏਟ ਪ੍ਰੋਫੈਸਰ ਅਤੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ 200 ਤੋਂ ਵੱਧ ਪ੍ਰਕਾਸ਼ਨ ਅਤੇ ਖੋਜ ਪੱਤਰ ਆਪਣੇ ਨਾਂ ਦਰਜ ਕਰਵਾਏ ਹਨ। ਇਸ ਮੌਕੇ ਸ੍ਰੀ. ਰੰਧਾਵਾ ਨੇ ਦਫ਼ਤਰ ਵਿੱਚ ਅਹੁਦਾ ਸੰਭਾਲਣ ਉਪਰੰਤ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਸ੍ਰੀ ਛੀਨਾ ਸਮੇਤ ਸਮੂਹ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਸਾਲ 1892 ’ਚ ਸਥਾਪਿਤ ਇਸ ਇਤਿਹਾਸਕ ਖ਼ਾਲਸਾ ਕਾਲਜ ਦੀ ਸੇਵਾ ਕਰਨ ਲਈ ਵਿਸ਼ਵਾਸ ਪ੍ਰਗਟਾਉਂਦਿਆਂ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦਾ ਵਾਅਦਾ ਕੀਤਾ। ਇਸ ਮੌਕੇ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਅਤੇ ਹੋਰ ਸੀਨੀਅਰ ਫੈਕਲਟੀ ਮੈਂਬਰ, ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਵੱਲੋਂ ਡਾ. ਰੰਧਾਵਾ ਦਾ ਪ੍ਰਿੰਸੀਪਲ ਵਜੋਂ ਅਹੁੱਦੇ ’ਤੇ ਬਿਰਾਜਮਾਨ ਹੋਣ ’ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਸ. ਛੀਨਾ ਨੇ ਡਾ. ਰੰਧਾਵਾ ’ਤੇ ਉਮੀਦ ਜਾਹਿਰ ਕਰਦਿਆਂ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਪੜ੍ਹਾਉਣ ਦਾ ਬਹੁਤ ਵੱਡਾ ਤਜਰਬਾ ਹੈ ਅਤੇ ਕਾਲਜ ਦੇ ਪ੍ਰਸ਼ਾਸ਼ਨਿਕ ਮਾਮਲਿਆਂ ’ਚ ਵੀ ਉਨ੍ਹਾਂ ਦਾ ਯੋਗਦਾਨ ਅਹਿਮ ਰਿਹਾ ਹੈ। ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਜੁਆਇੰਟ ਸਕੱਤਰ ਪਰਮਜੀਤ ਸਿੰਘ ਬੱਲ, ਰਾਜਬੀਰ ਸਿੰਘ, ਲਖਵਿੰਦਰ ਸਿੰਘ ਢਿੱਲੋਂ ਹਾਜ਼ਰ ਸਨ।