ਹਥਿਆਰਬੰਦ ਲੁਟੇਰਿਆਂ ਵੱਲੋਂ ਨੌਜਵਾਨ ਤੋਂ ਗੱਡੀ ਖੋਹਣ ਦੀ ਕੋਸ਼ਿਸ਼
ਹਰਜੀਤ ਸਿੰਘ
ਖਨੌਰੀ, 10 ਜੂਨ
ਇੱਥੇ ਸ਼ਹਿਰ ਵਿੱਚੋਂ ਲੰਘਦੇ ਸੰਗਰੂਰ-ਦਿੱਲੀ ਕੌਮੀ ਮਾਰਗ ‘ਤੇ ਠੇਕੇਦਾਰਾਂ ਵਾਲੀ ਗਲੀ ਦੇ ਸਾਹਮਣੇ ਬੀਤੀ ਰਾਤ ਕਰੀਬ ਨੌਂ ਵਜੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਕਾਰ ਚਾਲਕ ਦੀ ਕੁੱਟਮਾਰ ਕਰਕੇ ਕਾਰ ਖੋਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕਾਰ ਚਾਲਕ ਲੁਟੇਰਿਆਂ ਤੋਂ ਬਚਣ ਲਈ ਆਪਣਾ ਕੱਪੜਿਆਂ ਵਾਲਾ ਬੈਗ ਲੈ ਕੇ ਭੱਜਣ ਲੱਗਾ ਤਾਂ ਲੁਟੇਰੇ ਕਾਰ ਚਾਲਕ ਦੀ ਲੱਤ ਵਿਚ ਗੋਲੀ ਮਾਰ ਕੇ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ। ਕਾਰ ਚਾਲਕ ਹਿਮਾਂਸ਼ੂ ਸਿੰਗਲਾ ਪੁੱਤਰ ਪਰਸ ਰਾਮ ਸਿੰਗਲਾ ਦੇ ਚਾਚਾ ਸੰਜੇ ਸਿੰਗਲਾ ਸੀਮਿੰਟ ਵਾਲਿਆਂ ਵਾਸੀ ਵਾਰਡ ਨੰਬਰ 5 ਖਨੌਰੀ ਨੇ ਦੱਸਿਆ ਉਸ ਦਾ ਭਤੀਜਾ ਹਿਮਾਂਸ਼ੂ ਦੁਪਹਿਰ ਦੇ ਕਰੀਬ ਚਾਰ ਕੁ ਵਜੇ ਕਾਰ ‘ਤੇ ਪਾਤੜਾਂ ਆਪਣੇ ਸਹੁਰੇ ਪਰਿਵਾਰ ਨੂੰ ਮਿਲ ਕੇ ਆਇਆ ਸੀ ਅਤੇ ਗਲੀ ਵਿਚ ਕਾਰ ਖੜਾਉਣ ਲਈ ਜਗ੍ਹਾ ਨਹੀਂ ਹੋਣ ਕਾਰਨ ਉਹ ਆਪਣੀ ਕਾਰ ਸੰਗਰੂਰ-ਦਿੱਲੀ ਮੁੱਖ ਮਾਰਗ ‘ਤੇ ਖੜ੍ਹੀ ਕਰਕੇ ਘਰ ਆ ਗਿਆ। ਰਾਤ ਕਰੀਬ ਨੌਂ ਕੁ ਵਜੇ ਜਦੋਂ ਉਹ ਕਾਰ ਨੂੰ ਦੁਕਾਨ ‘ਤੇ ਖੜੀ ਕਰਨ ਅਤੇ ਕੱਪੜਿਆਂ ਵਾਲਾ ਬੈਗ ਲਿਆਉਣ ਲਈ ਪੁੱਜਿਆ ਤਾਂ ਮੋਟਰਸਾਈਕਲ ‘ਤੇ ਸਵਾਰ ਤਿੰਨ ਲੁਟੇਰਿਆਂ ਨੇ ਘੇਰ ਕੇ ਉਸ ਦੀ ਕੁੱਟਮਾਰ ਕਰਦਿਆਂ ਕਾਰ ਖੋਹਣ ਦੀ ਨੀਅਤ ਨਾਲ ਉਸ ਕੋਲੋਂ ਚਾਬੀ ਮੰਗੀ। ਹਿਮਾਂਸ਼ੂ ਜਦੋਂ ਲੁਟੇਰਿਆਂ ਤੋਂ ਬਚਣ ਲਈ ਆਪਣਾ ਕੱਪੜਿਆਂ ਵਾਲਾ ਬੈਗ ਲੈ ਕੇ ਉੱਥੋਂ ਭੱਜਣ ਲੱਗਾ ਤਾਂ ਲੁਟੇਰਿਆਂ ਨੇ ਉਸ ਦੀ ਲੱਤ ਵਿਚ ਗੋਲੀ ਮਾਰੀ ਅਤੇ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ। ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਹਿਮਾਂਸ਼ੂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਮਗਰੋਂ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਘਟਨਾ ਸਥਾਨ ‘ਤੇ ਪੁਲੀਸ ਪਾਰਟੀ ਸਮੇਤ ਪਹੁੰਚੇ ਡੀਐੱਸਪੀ ਮੂਨਕ ਮਨੋਜ ਗੋਰਸੀ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਪੁਲੀਸ ਟੀਮ ਮੌਕੇ ‘ਤੇ ਪਹੁੰਚ ਗਈ ਸੀ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ ਤੇ ਸਥਾਨਕ ਪੁਲੀਸ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ, ਜੋ ਮੁੱਖ ਮਾਰਗ ਦੇ ਆਸ-ਪਾਸ ਦੁਕਾਨਾਂ ‘ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਖੰਗਾਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।