ਉਰਦੂ ਅਕਾਦਮੀ ਵਿੱਚ ਨਸ਼ਿਆਂ ਖ਼ਿਲਾਫ਼ ਨੁੱਕੜ ਨਾਟਕ ਖੇਡਿਆ
ਮਾਲੇਰਕੋਟਲਾ, 5 ਮਈ
ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਕਰਨ ਲਈ ਪੰਜਾਬ ਉਰਦੂ ਅਕਾਦਮੀ ਵਿੱਚ ‘ਨਸ਼ੇ ਦੀ ਲੱਤ, ਮਾਰ ਦੇਵੇ ਮੱਤ’ ਨੁੱਕੜ ਨਾਟਕ ਖੇਡਿਆ ਗਿਆ। ਰਾਜਨ ਪ੍ਰੀਤ ਸਿੰਘ ਬੈਂਸ ਨੇ ‘ਨਸ਼ਿਆਂ ਦਾ ਕਹਿਰ’ ਗੀਤ ਅਤੇ ਕਵਿਤਾ ‘ਨਾ ਰੋਲ ਜਵਾਨੀ ਨੂੰ’ ਪੇਸ਼ ਕੀਤੀ। ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ‘ਸਿਰਫ਼ ਸਰਕਾਰ ਜਾਂ ਪੁਲੀਸ ਹੀ ਨਹੀਂ, ਸਗੋਂ ਸਮਾਜ ਦੀ ਹਰ ਇਕ ਬਸਰ ਖ਼ਾਸ ਤੌਰ ’ਤੇ ਔਰਤਾਂ ਨੂੰ ਨਸ਼ਿਆਂ ਖ਼ਿਲਾਫ਼ ਮੋਹਰੀ ਵਾਲੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਘਰ ਦੀ ਮਾਂ ਜਦੋਂ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਦੀ ਹੈ ਤਾਂ ਉਹ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ। ਸਮਾਗਮ ਦੌਰਾਨ ਸਥਾਨਕ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀ ਮੁਹੰਮਦ ਤਨਵੀਰ ਅਤੇ ਸਰਕਾਰੀ ਹਾਈ ਸਕੂਲ ਖੁਰਦ ਦੇ ਵਿਦਿਆਰਥੀ ਅੰਗਰੇਜ਼ ਅਲੀ ਨੇ ਗੀਤ, ਸਕੂਲ ਆਫ਼ ਐਮੀਨੈਂਸ ਸੰਦੌੜ ਦੀ ਦੀਪਤੀ ਕੁਮਾਰੀ ਸਰਕਾਰੀ ਹਾਈ ਸਕੂਲ ਜਮਾਲਪੁਰਾ ਦੀ ਵਿਦਿਆਰਥਣ ਸੁਹਾਲੀਆ ਨੇ ਨਸ਼ਿਆਂ ਦੀ ਅਲਾਮਤ ਵਿਰੁੱਧ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ, ਸਿਵਲ ਸਰਜਨ ਡਾ. ਸੰਜੇ ਗੋਇਲ, ਡੀਐੱਸਪੀ ਰਣਜੀਤ ਸਿੰਘ, ਡਾ. ਰੇਸ਼ਮਾ ਭੌਰਾ, ਮੁਹੰਮਦ ਅਖ਼ਲਾਕ ਤੇ ਪ੍ਰਿੰਸੀਪਲ ਕਮਲੇਸ਼ ਆਦਿ ਹਾਜ਼ਰ ਸਨ।