ਅਮਿਤਾਭ ਨੇ ਟਰੋਲਰ ’ਤੇ ਕੱਢਿਆ ਗੁੱਸਾ
ਮੁੰਬਈ, 28 ਜੁਲਾਈ
ਅਮਿਤਾਭ ਬੱਚਨ ਨੇ ਅੱਜ ਸੋਸ਼ਲ ਮੀਡੀਆ ’ਤੇ ਉਸ ਅਣਜਾਣ ਟਰੋਲਰ ਨੂੰ ਕਰਾਰਾ ਜਵਾਬ ਦਿੱਤਾ ਜਿਸ ਨੇ ਉਨ੍ਹਾਂ ਦੀ ਕਰੋਨਾਵਾਇਰਸ ਕਾਰਨ ਮੌਤ ਹੋਣ ਦੀ ਦੁਆ ਮੰਗੀ ਸੀ।
ਅਮਿਤਾਭ ਨੇ ਲਿਖਿਆ ਕਿ ਇਹ ਟਰੋਲਰ ਉਨ੍ਹਾਂ ਜਿਹੇ ਸਿਤਾਰੇ ’ਤੇ ਸ਼ਬਦੀ ਹਮਲਾ ਕਰਕੇ ਮਸ਼ਹੂਰੀ ਖੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਲਿਖਿਆ, ‘ਜੇਕਰ ਮੈਂ ਮਰ ਗਿਆ ਤਾਂ ਤੁਸੀਂ ਇੱਕ ਸੈਲੇਬ੍ਰਿਟੀ ਦੇ ਨਾਂ ’ਤੇ ਆਪਣੀ ਭੜਾਸ ਕੱਢਣ ਤੇ ਨਿੰਦਾ ਕਰਨ ਦਾ ਕੰਮ ਅੱਗੇ ਨਹੀਂ ਕਰ ਸਕੋਗੇ। ਅਫਸੋਸ ਤੁਹਾਡੇ ਲਿਖੇ ਨੂੰ ਧਿਆਨ ’ਚ ਲਿਆਉਣ ਵਾਲਾ ਕੋਈ ਨਹੀਂ ਰਹੇਗਾ ਕਿਉਂਕਿ ਜਿਸ ਅਮਿਤਾਭ ਬੱਚਨ ਬਾਰੇ ਤੁਸੀਂ ਟਿੱਪਣੀ ਕੀਤੀ ਹੈ ਉਹ ਜ਼ਿੰਦਾ ਹੀ ਨਹੀਂ ਰਹੇਗਾ।’ ਉਨ੍ਹਾਂ ਅੱਗੇ ਲਿਖਿਆ, ‘ਪਰ ਰੱਬ ਦੀ ਮਿਹਰ ਨਾਲ ਜੇ ਮੈਂ ਬਚ ਗਿਆ ਤਾਂ ਫਿਰ ਤੁਸੀਂ ਲੋਕਾਂ ਦੇ ਗੁੱਸੇ ਦਾ ਤੂਫ਼ਾਨ ਝੱਲੋਂਗੇ। ਮੇਰੇ ਵੱਲੋਂ ਹੀ ਨਹੀਂ ਬਲਕਿ ਮੇਰੇ 9 ਕਰੋੜ ਫਾਲੋਅਰਜ਼ ਵੱਲੋਂ ਅਤੇ ਇਹ ਜਾਣ ਲਵੋ ਕਿ ਦੁਨੀਆਂ ਭਰ ’ਚ, ਹਰ ਕੋਨੇ ’ਚ, ਉੱਤਰ ਤੋਂ ਦੱਖਣ ਤੇ ਪੂਰਬ ਤੋਂ ਪੱਛਮ ਤੱਕ ਤੁਸੀਂ ਗੁੱਸਾ ਝੱਲੋਗੇ।’ ਅਮਿਤਾਭ ਨੇ ਇਸ ਟਰੋਲਰ ਨੂੰ ਸਮਾਜ ਲਈ ਸਰਾਪ ਦੱਸਿਆ। –ਪੀਟੀਆਈ