ਟਰੈਵਲ ਏਜੰਟਾਂ ’ਤੇ ਠੱਗੀ ਮਾਰਨ ਦੇ ਦੋਸ਼
ਪੱਤਰ ਪ੍ਰੇਰਕ
ਤਰਨ ਤਾਰਨ, 10 ਜੂਨ
ਟਰੈਵਲ ਏਜੰਟਾਂ ਵਲੋਂ ਭੋਲੇਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਸਬਜ਼ਬਾਗ ਦਿਖਾਏ ਜਾ ਰਹੇ ਹਨ। ਇਲਾਕੇ ਦੇ ਪਿੰਡ ਲੁਹਾਰ ਦੇ ਵਾਸੀ ਹਰਪਿੰਦਰ ਸਿੰਘ ਅਤੇ ਉਸ ਦੇ ਲੜਕੇ ਕੰਵਲਬੀਰ ਸਿੰਘ ਵਲੋਂ ਆਪਣੇ ਹੀ ਪਿੰਡ ਲੁਹਾਰ ਦੇ ਦਿਲਰਾਜ ਸਿੰਘ ਨਾਲ ਕਥਿਤ 38.5 ਲੱਖ ਰੁਪਏ ਅਤੇ ਨੇੜੇ ਦੇ ਪਿੰਡ ਰਾਹਲ ਚਾਹਲ ਦੇ ਹਰਪ੍ਰੀਤ ਸਿੰਘ ਨਾਲ 40.50 ਲੱਖ ਰੁਪਏ ਦੀ ਠੱਗੀ ਮਾਰਨ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ| ਦਿਲਰਾਜ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਪੁਲੀਸ ਨੂੰ ਕੀਤੀਆਂ ਸ਼ਿਕਾਇਤਾਂ ਵਿੱਚ ਦੱਸਿਆ ਕਿ ਉਕਤ ਦੋਵਾਂ ਨੇ ਉਨ੍ਹਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਇੰਡੋਨੇਸ਼ੀਆ ਭੇਜ ਦਿੱਤਾ। ਇਥੇ ਏਜੰਟਾਂ ਦੇ ਗੁੰਡਿਆਂ ਵਲੋਂ ਉਨ੍ਹਾਂ ਨੂੰ ਕਈ ਕਈ ਦਿਨਾਂ ਤੱਕ ਬੰਦੀ ਬਣਾ ਕੇ ਉਨ੍ਹਾਂ ‘ਤੇ ਭਾਰੀ ਤਸ਼ੱਦਦ ਕੀਤਾ ਗਿਆ ਅਤੇ ਆਪਣੇ ਮੋਬਾਈਲਾਂ ਤੋਂ ਉਨ੍ਹਾਂ ਦੇ ਪਰਿਵਾਰਾਂ ਵਾਲਿਆਂ ਨੂੰ ਫੋਨ ਕਰਵਾ ਕੇ ਆਪਣੇ ਅਮਰੀਕਾ ਪਹੁੰਚ ਜਾਣ ਦੀ ਝੂਠੀ ਇਤਲਾਹ ਦੇ ਕੇ ਆਪਣੇ ਖਾਤਿਆਂ ਵਿੱਚ ਮੋਟੀਆਂ ਰਕਮਾਂ ਟਰਾਂਸਫਰ ਕਰਵਾਈਆਂ ਗਈਆਂ| ਗੋਇੰਦਵਾਲ ਸਾਹਿਬ ਦੇ ਡੀਐਸਪੀ ਨੇ ਮਾਮਲਿਆਂ ਦੀ ਜਾਂਚ ਕੀਤੀ ਅਤੇ ਉਥੋਂ ਦੀ ਪੁਲੀਸ ਨੇ ਦਫ਼ਾ 420 ਅਤੇ 120 ਅਧੀਨ ਕੇਸ ਦਰਜ ਕੀਤੇ| ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਮਾਪੇ ਪਿਛਲੇ ਕਈ ਕਈ ਮਹੀਨਿਆਂ ਤੋਂ ਟਰੈਵਲ ਏਜੰਟਾਂ ਦੀ ਭੇਟ ਚੜ੍ਹ ਕੇ ਆਪਣੇ ਲੜਕਿਆਂ ਤੋਂ ਸੰਪਰਕ ਗੁਆ ਬੈਠੇ ਹਨ|