‘ਆਪ’ ਆਗੂਆਂ ਨੇ ਮੰਤਰੀ ਨੂੰ ਦੱਸੀਆਂ ਸਮੱਸਿਆਵਾਂ
ਪੱਤਰ ਪ੍ਰੇਰਕ
ਭੋਗਪੁਰ, 5 ਜੂਨ
ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਆਦਮਪੁਰ ਦੇ 28 ਪਿੰਡ ਲਾਹ ਕੇ ਵਿਧਾਨ ਸਭਾ ਹਲਕਾ ਕਰਤਾਰਪੁਰ ਵਿੱਚ ਸ਼ਾਮਲ ਕੀਤਾ ਗਿਆ ਹੈ। ਇਥੋਂ ਦੇ ‘ਆਪ’ ਦੇ ਆਗੂਆਂ ਡਾ. ਰਣਜੀਤ ਸਿੰਘ ਰਾਣਾ, ਭੁਪਿੰਦਰ ਸਿੰਘ ਟੀਟੂ ਅਤੇ ਕਾਮਰੇਡ ਮੁਹਿੰਦਰ ਸਿੰਘ ਮੁਮੰਦਪੁਰ ਆਦਿ ਨੇ ਕੈਬਨਿਟ ਮੰਤਰੀ ਬਲਕਾਰ ਸਿੰਘ ਨਾਲ ਮੀਟਿੰਗ ਕੀਤੀ। ਉਨ੍ਹਾਂ ਬਲਕਾਰ ਸਿੰਘ ਨੂੰ ਮੰਤਰੀ ਬਣਨ ਦੀ ਵਧਾਈ ਦਿੱਤੀ ਅਤੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਇਹ 28 ਪਿੰਡ ਕਰਤਾਰਪੁਰ ਤੋਂ ਦੂਰ ਭੋਗਪੁਰ ਇਲਾਕੇ ਦੇ ਪਿੰਡ ਹੋਣ ਕਰ ਕੇ ਸਰਬਪੱਖੀ ਵਿਕਾਸ ਪੱਖੋਂ ਪਛੜ ਗਏ। ਉਨ੍ਹਾਂ ਦੱਸਿਆ ਕਿ ਵਫ਼ਦ ਨੇ ਮੰਤਰੀ ਨੂੰ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ, ਸਿਵਲ ਡਿਸਪੈਂਸਰੀ ਭੋਗਪੁਰ ਨੂੰ ਅਪਗ੍ਰੇਡ ਕਰ ਕੇ ਹਸਪਤਾਲ ਬਣਾਉਣ ਅਤੇ ਪਸ਼ੂਆਂ ਦੇ ਹਸਪਤਾਲ ਵਿੱਚ ਡਾਕਟਰ ਤਾਇਨਾਤ ਕਰਨ ਬਾਰੇ ਮੰਗ ਪੱਤਰ ਦਿੱਤਾ। ਉਨ੍ਹਾਂ ਦੱਸਿਆ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਇਲਾਕੇ ਦਾ ਵਿਕਾਸ ਕਰਵਾਉਣ ਦਾ ਵਾਅਦਾ ਕੀਤਾ ਹੈ।