ਕਿੱਕ-ਬਾਕਸਿੰਗ ’ਚ ਹੁਸ਼ਿਆਰਪੁਰ ਦੇ ਖਿਡਾਰੀ ਅੱਵਲ
ਹੁਸ਼ਿਆਰਪੁਰ, 7 ਮਈ
ਬਠਿੰਡਾ ਵਿੱਚ ਕਰਵਾਏ ਕਿੱਕ-ਬਾਕਸਿੰਗ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚੋਂ ਬੀਤੇ ਦਿਨ ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਕਿੱਕ-ਬਾਕਸਿੰਗ ਐਸੋਸੀਏਸ਼ਨ ਵੱਲੋਂ 26 ਤੋਂ 28 ਅਪਰੈਲ ਤੱਕ ਬਠਿੰਡਾ ਵਿੱਚ ਰਾਜ ਪੱਧਰੀ ਕਿੱਕਬਾਕਸਿੰਗ ਮੁਕਾਬਲੇ ਕਰਵਾਏ ਗਏ ਸਨ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਹੁਸ਼ਿਆਰਪੁਰ ਤੋਂ 36 ਖਿਡਾਰੀਆਂ ਨੇ ਭਾਗ ਲਿਆ ਸੀ। ਖਿਡਾਰੀਆਂ ਨੇ ਆਪਣੀ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ 18 ਸੋਨ, ਛੇ ਚਾਂਦੀ ਅਤੇ ਨੌਂ ਕਾਂਸੀ ਦੇ ਤਗ਼ਮੇ ਜਿੱਤਣ ਵਿੱਚ ਕਾਮਯਾਬੀ ਹਾਸਲ ਕੀਤੀ। ਇਨ੍ਹਾਂ ਪ੍ਰਦਰਸ਼ਨਾਂ ਦੇ ਆਧਾਰ ’ਤੇ ਹੁਸ਼ਿਆਰਪੁਰ ਨੇ ਓਵਰਆਲ ਟਰਾਫੀ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੂਬੇ ਪੱਧਰ ’ਤੇ ਆਪਣੀ ਵਿਲੱਖਣ ਪਛਾਣ ਬਣਾਈ। ਮੁਕਾਬਲੇ ਤੋਂ ਵਾਪਸੀ ’ਤੇ ਜਦੋਂ ਖਿਡਾਰੀ ਜ਼ਿਲ੍ਹੇ ਵਿੱਚ ਪਰਤੇ ਤਾਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਖੇਡ ਅਫ਼ਸਰ ਸ੍ਰੀ ਬਾਜਵਾ ਨੇ ਟੀਮ ਦੇ ਕੋਚ ਜੋਗੀ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਕੋਚ ਹੀ ਬੱਚਿਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਲੈ ਜਾਣ ਦੀ ਸਮਰੱਥਾ ਰੱਖਦੇ ਹਨ।