ਦੋਹਰੇ ਕਤਲ ਮਾਮਲੇ ’ਚ ਤਿੰਨ ਗ੍ਰਿਫ਼ਤਾਰ
ਜਸਬੀਰ ਸਿੰਘ ਚਾਨਾ
ਫਗਵਾੜਾ, 7 ਮਈ
ਇੱਥੋਂ ਦੇ ਏਜੀਆਈ ਫ਼ਲੈਟ ’ਚੋਂ ਇੱਕ ਵਕੀਲ ਤੇ ਉਸਦੀ ਮਹਿਲਾ ਮਿੱਤਰ ਨੂੰ ਅਗਵਾ ਕਰਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ’ਚ ਫਗਵਾੜਾ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਮ੍ਰਿਤਕਾ ਦੀਆਂ ਲਾਸ਼ਾ ਬਰਾਮਦ ਕਰ ਲਈਆਂ ਹਨ। ਐੱਸਐੱਸਪੀ ਗੌਰਵ ਤੂਰਾ ਤੇ ਐੱਸਪੀ ਰੁਪਿੰਦਰ ਭੱਟੀ ਨੇ ਦੱਸਿਆ ਕਿ 24 ਅਪਰੈਲ ਨੂੰ ਸਦਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸੰਜੀਵ ਕੁਮਾਰ ਤੇ ਉਸਦੀ ਦੋਸਤ ਅੰਜੂਪਾਲ ਜੋ ਫ਼ਲੈਟ ’ਚ ਰਹਿ ਰਹੇ ਸਨ ਉਨ੍ਹਾਂ ਨੂੰ 19 ਅਪਰੈਲ ਨੂੰ ਕੁੱਝ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ ਹੈ, ਜਿਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਦੌਰਾਨ ਗੁਜਰਾਤ ਤੋਂ ਹਰਵਿੰਦਰ ਸਿੰਘ ਉਰਫ਼ ਪਿੰਦਰ ਨੂੰ ਗ੍ਰਿਫ਼ਤਾਰ ਕੀਤਾ, ਜੋ ਕਿ ਦੋਹਰੇ ਕਤਲ ਕੇਸ ’ਚ ਜੇਲ੍ਹ ’ਚ ਬੰਦ ਹੈ ਤੇ ਪੈਰੋਲ ’ਤੇ ਬਾਹਰ ਆਇਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਦਾ ਅੰਜੂ ਨਾਲ ਵਿਆਹ 2019 ’ਚ ਹੋਇਆ ਸੀ ਜਿਸ ਤੋਂ ਬਾਅਦ ਉਹ ਜਦੋਂ ਵੀ ਪੈਰੋਲ ’ਤੇ ਬਾਹਰ ਆਉਂਦਾ ਸੀ ਤਾਂ ਉਸ ਨੂੰ ਮਿਲਣ ਆਉਂਦਾ ਸੀ ਤੇ ਹੁਣ ਕੁੱਝ ਸਮੇਂ ਤੋਂ ਅੰਜੂ ਨੇ ਉਸ ਨਾਲ ਗੱਲਬਾਤ ਬੰਦ ਕਰ ਦਿੱਤੀ ਸੀ ਤੇ ਉਸ ਖਿਲਾਫ਼ ਚੱਲ ਰਹੇ ਕੇਸਾਂ ’ਚ ਪੈਰਵਾਈ ਵੀ ਬੰਦ ਕਰ ਦਿੱਤੀ ਸੀ। ਜਿਸ ਦੀ ਰੰਜਿਸ਼ ਤਹਿਤ 19 ਅਪਰੈਲ ਦੀ ਰਾਤ ਨੂੰ ਉਹ ਅੰਜੂਪਾਲ ਦੇ ਫ਼ਲੈਟ ’ਚ ਆਪਣੇ ਸਾਥੀਆਂ ਨਾਲ ਦਾਖ਼ਲ ਹੋਇਆ ਤਾਂ ਉਨ੍ਹਾਂ ਦੇ ਹੱਥ ਬੰਨ੍ਹ ਦਿੱਤੇ ਤੇ ਉਨ੍ਹਾਂ ਨੂੰ ਲੁਧਿਆਣਾ ਦੇ ਇੱਕ ਖੇਤ ’ਚ ਲੈ ਗਏ ਜਿਥੇ ਉਨ੍ਹਾਂ ਦਾ ਕਤਲ ਕਰ ਦਿੱਤਾ।
ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਨੇ ਜਸ਼ਨਪ੍ਰੀਤ ਸਿੰਘ ਉਰਫ਼ ਜੱਸੂ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਤੇ ਦੋ ਕਾਰਾਂ ਬਰਾਮਦ ਕੀਤੀਆਂ ਹਨ ਜਿਸ ’ਚੋਂ ਇੱਕ ਸੰਜੀਵ ਕੁਮਾਰ ਦੀ ਸੀ ਜਿਸ ’ਚ ਪੀੜਤਾ ਨੂੰ ਅਗਵਾ ਕੀਤਾ ਗਿਆ ਸੀ।