‘ਆਪ’ ਸਰਕਾਰ ਨੇ ਪੰਜਾਬ ਨੂੰ ਤਬਾਹੀ ਵੱਲ ਧੱਕਿਆ: ਸੁਖਬੀਰ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਜਲੰਧਰ/ਸ਼ਾਹਕੋਟ, 6 ਸਤੰਬਰ
ਜ਼ਿਲ੍ਹਾ ਜਲੰਧਰ ਤੇ ਕਪੂਰਥਲਾ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਹੜ੍ਹ ਪੀੜਤਾਂ ਨੂੰ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਿੰਡ ਗਿੱਦੜਪਿੰਡੀ ਦੀ ਅਨਾਜ ਮੰਡੀ ’ਚ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ‘ਆਪ’ ਸਰਕਾਰ ਨੇ ਥੋੜ੍ਹੇ ਸਮੇਂ ਦੇ ਕਾਰਜਕਾਲ ’ਚ ਹੀ ਪੰਜਾਬ ਨੂੰ 50 ਸਾਲ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਸੂਬੇ ਅੰਦਰ ਉਦਯੋਗ ਲੱਗਣੇ ਬੰਦ ਹੋ ਗਏ ਹਨ। ਇਸ ਦੌਰਾਨ ਪਾਰਟੀ ਪ੍ਰਧਾਨ ਨੇ ਹਰਿਆਣਾ ਦੀ ਉਦਾਹਰਨ ਦਿੱਤੀ ਤੇ ਕਿਹਾ ਕਿ ਹਰਿਆਣਾ, ਪੰਜਾਬ ਨਾਲੋਂ ਛੋਟਾ ਸੂਬਾ ਹੈ ਪਰ ਪਿਛਲੇ ਮਹੀਨੇ 7000 ਕਰੋੜ ਦਾ ਜੀਐਸਟੀ ਇਕੱਠਾ ਕੀਤਾ, ਜਦੋਂ ਕਿ ਪੰਜਾਬ ਮਹਿਜ਼ 1700 ਕਰੋੜ ਹੀ ਇਕੱਠਾ ਕਰ ਸਕਿਆ। ਸੁਖਬੀਰ ਨੇ ਪੰਜਾਬੀਆਂ ਨੂੰ ਉਲਾਂਭਾ ਦਿੰਦੇ ਕਿਹਾ ਕਿ ਉਨ੍ਹਾਂ ਨੇ ਝਾੜੂ ਵਾਲਿਆਂ ਦੀ ਸਰਕਾਰ ਬਣਾ ਕੇ ਆਪਣੇ ਘਰਾਂ ’ਚ ਖੁਦ ਹੀ ਝਾੜੂ ਫੇਰ ਲਿਆ। ਉਨ੍ਹਾਂ ਅਕਾਲੀ ਸਰਕਾਰ ਵੇਲੇ ਹੋਏ ਵਿਕਾਸ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਅਕਾਲੀ ਸਰਕਾਰ ’ਚ ਹੀ ਹੋਇਆ ਹੈ। ਜਦੋਂ ਦੀ ‘ਆਪ’ ਨੇ ਸੱਤਾ ਸੰਭਾਲੀ ਹੈ, ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲ ਦਲ ਓਨਾ ਚਿਰ ਧਰਨੇ ਜਾਰੀ ਰੱਖੇਗਾ, ਜਿੰਨਾ ਚਿਰ ਹੜ੍ਹ ਪੀੜਤਾਂ ਨੂੰ ਨੁਕਸਾਨ ਦਾ ਯੋਗ ਮੁਆਵਜ਼ਾ ਨਹੀਂ ਮਿਲ ਜਾਂਦਾ। ਇਸ ਦੌਰਾਨ ਗੁਰਪ੍ਰਤਾਪ ਸਿੰਘ ਵਡਾਲਾ, ਬਚਿੱਤਰ ਸਿੰਘ ਕੋਹਾੜ, ਗੁਰਪ੍ਰੀਤ ਕੌਰ, ਬਲਦੇਵ ਸਿੰਘ ਕਲਿਆਣ, ਅਵਤਾਰ ਸਿੰਘ ਕਲੇਰ, ਰਣਜੀਤ ਸਿੰਘ ਕਾਹਲੋਂ ਅਤੇ ਕੁਲਵੰਤ ਸਿੰਘ ਮੰਨਣ ਨੇ ਵੀ ਸੰਬੋਧਨ ਕੀਤਾ।