‘ਆਪ’ ਸਰਕਾਰ ਨੇ ਤਿੰਨ ਸਾਲਾਂ ’ਚ ਕੋਈ ਵੀ ਸ਼ਲਾਘਾਯੋਗ ਕੰਮ ਨਹੀਂ ਕੀਤਾ: ਵੜਿੰਗ
ਬਹਾਦਰਜੀਤ ਸਿੰਘ
ਬਲਾਚੌਰ, 16 ਮਾਰਚ
Punjab news ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ(ਆਪ) ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਦੀ ਸ਼ਲਾਘਾ ਕੀਤੀ ਜਾ ਸਕੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਰਾਜ ਅੰਦਰ ਨਸ਼ਾ ਬਹੁਤ ਵਧਿਆ ਹੋਇਆ ਹੈ, ਸਮਾਜ ਦਾ ਹਰੇਕ ਵਰਗ ਸੜਕਾਂ ’ਤੇ ਅੰਦੋਲਨ ਕਰ ਰਿਹਾ ਹੈ, ਕਾਨੂੰਨ ਵਿਵਸਥਾ ਦੀ ਸਥਿਤੀ ਚਰਮਰਾਈ ਹੋਈ ਹੈ ਅਤੇ ਪੁਲੀਸ ਚੌਕੀਆਂ ਅਤੇ ਮੰਦਰਾਂ ’ਤੇ ਗ੍ਰਨੇਡ ਹਮਲੇ ਹੋ ਰਹੇ ਹਨ।
ਵੜਿੰਗ ਨੇ ਕਿਹਾ ਕਿ ਰਾਜ ਅੰਦਰ ਕੋਈ ਵੀ ਸੁਰੱਖਿਅਤ ਨਹੀਂ ਹੈ ਅਤੇ ਗੈਂਗਸਟਰਾਂ ਦਾ ਬੋਲਬਾਲਾ ਹੈ। ਗੈਂਗਸਟਰ ਆਮ ਸ਼ਹਿਰੀਆਂ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਇਕੱਠੀ ਕਰ ਚੁੱਕੇ ਹਨ ਅਤੇ ਕੋਈ ਸਨਅਤ ਲਗਾਉਣ ਲਈ ਤਿਆਰ ਨਹੀਂ ਹੈ ਅਤੇ ਮੌਜੂਦਾ ਸਨਅਤ ਰਾਜ ਤੋਂ ਬਾਹਰ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਕਰੀ ਲੈਣ ਵਾਲੇ ਸੜਕਾਂ ’ਤੇ ਧੱਕੇ ਖਾ ਰਹੇ ਹਨ ਅਤੇ ਪਿਛਲੇ ਤਿੰਨ ਸਾਲਾਂ ਦੌਰਾਨ ਸਰਕਾਰ ਵੱਲੋਂ 95000 ਕਰੋੜ ਰੁਪਏ ਦਾ ਹੋਰ ਕਰਜ਼ਾ ਲੈ ਕੇ ਰਾਜ ਦੇ ਲੋਕਾਂ ਨੂੰ ਕਰਜ਼ੇ ਦੇ ਬੋਝ ਹੇਠਾਂ ਦਬਾ ਦਿੱਤਾ ਗਿਆ ਹੈ ਜਦੋਂ ਕਿ ਕੋਈ ਵੀ ਢਾਂਚਾਗਤ ਵਿਕਾਸ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਰਾਜ ਅੰਦਰ 16 ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਸੀ। ਜੋ ਪੂਰਾ ਨਹੀਂ ਕੀਤਾ ਗਿਆ।
ਇੱਕ ਸਵਾਲ ਦੇ ਜਵਾਬ ਵਿੱਚ ਵੜਿੰਗ ਨੇ ਸਰਕਾਰ ਵੱਲੋਂ ਨਸ਼ੇ ਖਤਮ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੇ ਮਕਾਨ ਢਾਹੇ ਜਾਣ ਨੂੰ ਅੱਖਾਂ ਪੂੰਝਣ ਵਾਲੀ ਕਾਰਵਾਈ ਕਰਾਰ ਦਿੱਤਾ। ਵੜਿੰਗ ਬਲਾਚੌਰ ਵਿੱਚ ‘ਜੁੜੇਗਾ ਬਲਾਕ ਜਿੱਤੇਗੀ ਕਾਂਗਰਸ’ ਮੁਹਿੰਮ ਤਹਿਤ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਰਾਜ ਅੰਦਰ ਕਿਸੇ ਕਾਰਨ ਨਿਰਾਸ਼ ਹੋ ਕੇ ਘਰਾਂ ’ਚ ਬੈਠੇ ਕਾਂਗਰਸੀ ਵਰਕਰਾਂ ਨੂੰ ਮੁੜ ਸਰਗਰਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ‘ਜੁੜੇਗਾ ਬਲਾਕ ਜਿੱਤੇਗੀ ਕਾਂਗਰਸ’ ਮੁਹਿੰਮ ਤਹਿਤ ਸਮੁੱਚੇ ਪੰਜਾਬ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਹਨ ਤਾਂ ਜੋ ਵਰਕਰਾਂ ਦੀ ਰਾਏ ਲੈ ਕੇ ਕਾਂਗਰਸ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਇਸ ਮੌਕੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਰਵਿੰਦਰ ਉੱਤਮ ਰਾਓ ਡਾਲਵੀ, ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ, ਸੰਸਦ ਮੈਂਬਰ ਅਮਰ ਸਿੰਘ, ਸਾਬਕਾ ਸਪੀਕਰ ਰਾਣਾ ਕੇ.ਪੀ., ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਜੇ ਮੰਗੂਪੁਰ, ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਕਾਂਗਰਸ ਦੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਕੋਆਰਡੀਨੇਟਰ ਸੁਖਦੇਵ ਸਿੰਘ, ਗਗਨਦੀਪ ਬੌਬੀ ਤੇ ਅਸਵਨੀ ਸ਼ਰਮਾ ਨੇ ਵੀ ਸੰਬੋਧਨ ਕੀਤਾ।