ਬੀਡੀਪੀਓ ਦਫ਼ਤਰ ਫੰਡ ਘਪਲੇ ਦੀ ਉੱਚ ਪੱਧਰੀ ਜਾਂਚ ਮੰਗੀ
ਨਿੱਜੀ ਪੱਤਰ ਪ੍ਰੇਰਕ
ਹੁਸ਼ਿਆਰਪੁਰ, 16 ਮਾਰਚ
ਕੁੱਲ ਹਿੰਦ ਕਿਸਾਨ ਸਭਾ ਨੇ ਬੀਡੀਪੀਓ ਦਫ਼ਤਰ ਮਾਹਿਲਪੁਰ ਵਿੱਚ ਸਾਹਮਣੇ ਆਏ ਕਰੀਬ ਇੱਕ ਕਰੋੜ ਦੇ ਕਥਿਤ ਘਪਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸਭਾ ਦੇ ਸੂਬਾ ਮੀਤ ਪ੍ਰਧਾਨ ਗੁਰਨੇਕ ਸਿੰਘ ਭੱਜਲ ਨੇ ਇਸ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿਆਸੀ ਸਰਪ੍ਰਸਤੀ ਹੇਠ ਵਾਪਰਿਆ ਘਪਲਾ ਕਰਾਰ ਦਿੱਤਾ ਹੈ।
ਕਾਮਰੇਡ ਭੱਜਲ ਨੇ ਕਿਹਾ ਕਿ ਇੱਕ ਛੋਟੇ ਜਿਹੇ ਸਮੇਂ ਅੰਦਰ ਹੀ ਵਿੱਤ ਕਮਿਸ਼ਨ ਦੇ ਕਰੀਬ ਇੱਕ ਕਰੋੜ ਦੇ ਫੰਡ ਬੀਡੀਪੀਓ ਵੱਲੋਂ ਖ਼ਰਚ ਲੈਣੇ ਅਤੇ ਉਨ੍ਹਾਂ ਵਿੱਚੋਂ ਕਈਆਂ ਦੇ ਬਿੱਲ ਵੀ ਨਾ ਹੋਣੇ ਸਾਬਤ ਕਰਦਾ ਹੈ ਇਸ ਦੀਆਂ ਤੰਦਾਂ ਬੀਡੀਪੀਓ ਦਫ਼ਤਰ ਹੀ ਨਹੀਂ ਸਿਆਸੀ ਘਰਾਂ ਨਾਲ ਵੀ ਜੁੜੀਆਂ ਹੋ ਸਕਦੀਆਂ ਹਨ। ਅਜਿਹੇ ਘਪਲੇ ਦੂਜੇ ਬੀਡੀਪੀਓ ਦਫ਼ਤਰਾਂ ਵਿੱਚ ਵੀ ਹੋਏ ਹੋ ਸਕਦੇ ਹਨ, ਜਿਨ੍ਹਾਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਕਿਸਾਨ ਸਭਾ ਦੇ ਆਗੂ ਨੇ ਕਿਹਾ ਕਿ ਇਸ ਘਪਲੇ ਨੂੰ ਅੰਦਰਖਾਤੇ ਦਬਾਉਣ ਲਈ ਕਈ ਸਿਆਸੀ ਧਿਰਾਂ ’ਤੇ ਪ੍ਰਸ਼ਾਸਨਿਕ ਅਧਿਕਾਰੀ ਤਰਲੋਮੱਛੀ ਹੋ ਰਹੇ ਹਨ ਕਿਉਂਕਿ ਸ਼ੱਕ ਦੀ ਸੂਈ ਕਈ ਅਧਿਕਾਰੀਆਂ ਤੇ ਰਾਜਸੀ ਆਗੂਆਂ ਵੱਲ ਵੀ ਜਾ ਰਹੀ ਹੈ। ਇਸ ਕਾਰਨ ਇਸ ਮਾਮਲੇ ਨੂੰ ਥੋਥੀ ਜਾਂਚ ਰਾਹੀਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਨਾ ਦਿੱਤੀ ਗਈ ਅਤੇ ਸਮੁੱਚੇ ਜ਼ਿਲ੍ਹੇ ਅੰਦਰ ਬੀਡੀਪੀਓ ਦਫ਼ਤਰਾਂ ਵੱਲੋਂ ਵਰਤੇ ਗਏ ਅਜਿਹੇ ਫੰਡਾਂ ਦੀ ਘੋਖ ਨਾ ਕੀਤੀ ਗਈ ਤਾਂ ਕਿਸਾਨ ਸਭਾ ਤਿੱਖਾ ਸੰਘਰਸ਼ ਵਿੱਢ ਦੇਵੇਗੀ।