ਗਬਨ ਦੇ ਦੋਸ਼ ਹੇਠ ਕੇਸ ਦਰਜ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 16 ਮਾਰਚ
ਬਲਾਕ ਭੋਗਪੁਰ ਦੇ ਪਿੰਡ ਖਰਲ ਕਲਾਂ ਦੇ ਸਾਬਕਾ ਸਰਪੰਚ ਸੁਖਚੈਨ ਸਿੰਘ, ਪੰਚ ਸਵਰਨ ਸਿੰਘ, ਅਨਮੋਲਕ ਸਿੰਘ ਅਤੇ ਪੰਚਾਇਤ ਸਕੱਤਰ ਪਰਮਜੀਤ ਸਿੰਘ ਵਿਰੁੱਧ 16,86,120 ਰੁਪਏ ਦਾ ਗਬਨ, ਧੋਖਾਧੜੀ, ਜਾਅਲੀ ਰਿਕਾਰਡ ਤਿਆਰ ਕਰਨ ਤਹਿਤ ਥਾਣਾ ਭੋਗਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪਿੰਡ ਖਰਲ ਕਲਾਂ ਵਾਸੀ ਸਰਬਣ ਸਿੰਘ ਨੇ ਦੱਸਿਆ ਕਿ ਸਾਲ 2013 ਤੋਂ 2018 ਤੱਕ ਸਾਬਕਾ ਸਰਪੰਚ ਸੁਖਚੈਨ ਸਿੰਘ, ਪੰਚ ਸਵਰਨ ਸਿੰਘ, ਪੰਚ ਅਨਮੋਲਕ ਸਿੰਘ ਅਤੇ ਪੰਚਾਇਤ ਸਕੱਤਰ ਪਰਮਜੀਤ ਸਿੰਘ ਸਰਕਾਰੀ ਗਰਾਂਟਾਂ ਹੜੱਪ ਕਰ ਗਏ। ਪੰਚਾਇਤ ਦਾ ਕੋਰਮ ਪੂਰਾ ਰੱਖਣ ਲਈ ਸਾਬਕਾ ਪੰਚ ਸੁਖਵਿੰਦਰ ਕੌਰ ਦੇ 46 ਵਾਰ ਵੱਖ-ਵੱਖ ਮਤਿਆਂ ਉਪਰ ਜਾਅਲੀ ਦਸਤਖ਼ਤ ਕੀਤੇ।
ਇਸ ਸਬੰਧੀ ਸਾਬਕਾ ਸਰਪੰਚ ਸੁਖਚੈਨ ਸਿੰਘ ਨੇ ਆਪਣੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਇਸ ਗਬਨ ਦੀ ਦੁਬਾਰਾ ਜਾਂਚ ਕਰਨ ਲਈ ਐੱਸਐੱਸਪੀ ਜਲੰਧਰ ਨੂੰ ਅਰਜ਼ੀ ਦਿੱਤੀ ਹੈ। ਸਾਬਕਾ ਪੰਚ ਸਵਰਨ ਸਿੰਘ ਅਤੇ ਪੰਚ ਅਨਮੋਲਕ ਸਿੰਘ ਨੇ ਕਿਹਾ ਕਿ ਪਹਿਲਾਂ ਡੀਡੀਪੀਓ ਜਲੰਧਰ, ਡਿਪਟੀ ਡਾਇਰੈਕਟਰ, ਦੋ ਡੀਐੱਸਪੀਜ਼ ਨੇ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਸੀ ਜਿਸ ਵਿੱਚ ਕੇਵਲ ਸਰਪੰਚ ਸੁਖਚੈਨ ਸਿੰਘ ਅਤੇ ਪੰਚਾਇਤ ਸਕੱਤਰ ਪਰਮਜੀਤ ਸਿੰਘ ਹੀ ਦੋਸ਼ੀ ਪਾਏ ਗਏ ਸਨ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਵਿਰੁੱਧ ਵੀ ਉਨ੍ਹਾਂ ਨੇ ਵੀ ਮਾਣਹਾਨੀ ਕਰਨ ਦਾ ਕੇਸ ਕੀਤਾ ਹੋਇਆ ਹੈ। ਇਸ ਲਈ ਸਰਬਣ ਸਿੰਘ ਨੇ ਉਨ੍ਹਾਂ ਨੂੰ ਇਸ ਗਬਨ ਦੇ ਕੇਸ ਵਿੱਚ ਸ਼ਾਮਲ ਕਰ ਦਿੱਤਾ। ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਰੇ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਸਾਬਕਾ ਸਰਪੰਚ ਸੁਖਚੈਨ ਸਿੰਘ ਨੇ ਇਸ ਮਾਮਲੇ ਦੀ ਦੁਬਾਰਾ ਜਾਂਚ ਕਰਨ ਲਈ ਐੱਸਐੱਸਪੀ ਜਲੰਧਰ ਨੂੰ ਅਰਜ਼ੀ ਦਿੱਤੀ ਹੈ। ਇਸ ਲਈ ਹਾਲ ਦੇ ਸਮੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ।