ਲਾਂਘਾ ਬਣਾਉਣ ਦੇ ਮਾਮਲੇ ’ਚ ਸਰਪੰਚ ਤੇ ਜ਼ਮੀਨ ਮਾਲਕਾਂ ’ਚ ਝਗੜਾ
ਦੀਪਕ ਠਾਕੁਰ
ਤਲਵਾੜਾ, 16 ਮਾਰਚ
ਇੱਥੇ ਨੇੜਲੇ ਪਿੰਡ ਮੰਗੂ ਮੈਰ੍ਹਾ ਵਿੱਚ ਰਸਤਾ ਬਣਾਉਣ ਤੋਂ ਪੰਚਾਇਤ ਅਤੇ ਜ਼ਮੀਨ ਦੀ ਮਾਲਕੀ ਦੇ ਦਾਅਵੇਦਾਰਾਂ ਦਰਮਿਆਨ ਕੱਲ੍ਹ ਝਗੜਾ ਹੋ ਗਿਆ। ਸਰਪੰਚ ਨੇ ਖ਼ੁਦ ਸਣੇ ਆਪਣੀ ਪਤਨੀ, ਭਰਾ ਅਤੇ ਭਰਜਾਈ ਨੂੰ ਕੁੱਟਣ ਦੇ ਦੋਸ਼ ਲਗਾਏ ਹਨ। ਸਥਾਨਕ ਬੀਬੀਐੱਮਬੀ ਹਸਪਤਾਲ ’ਚ ਜ਼ੇਰੇ ਇਲਾਜ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਸੜਕ ਦਾ ਕੰਮ ਕਰੀਬ ਤਿੰਨ ਸਾਲ ਤੋਂ ਸੰਦਲਾ ਦੇਵੀ ਪਤਨੀ ਲੇਖ ਰਾਜ ਤੇ ਉਸ ਦੇ ਪੁੱਤਰਾਂ ਸੁਸ਼ੀਲ ਕੁਮਾਰ ਤੇ ਸੁਰੇਸ਼ ਕੁਮਾਰ ਨੇ ਰੋਕਿਆ ਹੋਇਆ ਹੈ। ਹੁਣ ਜਦੋਂ ਲੋਕ ਨਿਰਮਾਣ ਵਿਭਾਗ ਨੇ ਸੜਕ ਦਾ ਕੰਮ ਸ਼ੁਰੂ ਕੀਤਾ ਤਾਂ ਉਨ੍ਹਾਂ ਸੜਕ ’ਚ ਆਪਣੀ ਚਾਰ ਮਰਲੇ ਜ਼ਮੀਨ ਦੀ ਮਾਲਕੀ ਦੱਸ ਕੇ ਕੰਮ ਮੁੜ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਸਤਾਵੇਜ਼ ਦਿਖਾਉਣ ਲਈ ਦਸ ਦਿਨਾਂ ਦਾ ਸਮਾਂ ਮੰਗਿਆ ਪਰ ਅਗਲੇ ਦਿਨ ਸਵੇਰੇ ਠੇਕੇਦਾਰ ਵੱਲੋਂ ਸੁੱਟੀ ਸਮੱਗਰੀ ਚੁੱਕਵਾਉਣੀ ਸ਼ੁਰੂ ਕਰ ਦਿੱਤੀ। ਸਰਪੰਚ ਵੱਲੋਂ ਰੋਕਣ ’ਤੇ ਉਨ੍ਹਾਂ ਝਗੜਾ ਸ਼ੁਰੂ ਕਰ ਦਿੱਤਾ। ਗੁਰਦੀਪ ਸਿੰਘ ਨੂੰ ਬਚਾਉਣ ਲਈ ਉਸ ਦੀ ਪਤਨੀ ਰਾਜ ਕੁਮਾਰੀ, ਭਰਾ ਹਰਦੀਪ ਸਿੰਘ ਅਤੇ ਭਰਜਾਈ ਮਨਜੀਤ ਕੌਰ ਨੂੰ ਵੀ ਕੁੱਟਿਆ ਗਿਆ।
ਇਸ ਸਬੰਧੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਰਪੰਚ ਗੁਰਦੀਪ ਸਿੰਘ ਸੜਕ ਉਸਾਰੀ ਦੀ ਓਟ ਵਿੱਚ ਉਨ੍ਹਾਂ ਦੀ ਜ਼ਮੀਨ ਵਿੱਚੋਂ ਆਪਣੇ ਘਰ ਨੂੰ ਰਸਤਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਮਾਮਲੇ ’ਚ ਉਨ੍ਹਾਂ ਨੇ ਸਿਵਲ ਕੋਰਟ ਮੁਕੇਰੀਆਂ ਤੋਂ ਸਟੇਅ ਲਿਆ ਹੋਇਆ ਹੈ। ਲੰਘੇ ਸ਼ਨਿਚਰਵਾਰ ਨੂੰ ਸਰਪੰਚ ਨੇ ਉਨ੍ਹਾਂ ਦੀ ਜ਼ਮੀਨ ’ਚ ਸਮੱਗਰੀ ਸੁੱਟ ਦਿੱਤੀ। ਜਿਸ ਨੂੰ ਚੁੱਕਵਾਉਣ ਤੋਂ ਹੋਏ ਝਗੜੇ ’ਚ ਉਨ੍ਹਾਂ ਦੀ ਮਾਤਾ, ਭਰਾ ਸੁਰੇਸ਼ ਕੁਮਾਰ ਅਤੇ ਉਸ ਨੂੰ ਖ਼ੁਦ ਨੂੰ ਸੱਟਾਂ ਲੱਗੀਆਂ ਹਨ।
ਸਰਪੰਚ ’ਤੇ ਹਮਲੇ ਦੇ ਦੋਸ਼ ਹੇਠ ਇੱਕ ਗ੍ਰਿਫ਼ਤਾਰ
ਜਲੰਧਰ (ਪੱਤਰ ਪ੍ਰੇਰਕ): ਥਾਣਾ ਆਦਮਪੁਰ ਦੇ ਅਧੀਨ ਆਉਂਦੇ ਪਿੰਡ ਮਦਾਰ ਵਿੱਚ ਪਾਰਕ ਬਣਾਉਣ ਤੋਂ ਹੋਏ ਵਿਵਾਦ ਦੌਰਾਨ ਸਰਪੰਚ ’ਤੇ ਜਾਨਲੇਵਾ ਹਮਲਾ ਹੋਣ ’ਤੇ ਪੁਲੀਸ ਨੇ ਕੇ ਕੇਸ ਦਰਜ ਕਰ ਕੇ ਇੱਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਪੰਚ ਰਕੇਸ਼ ਕਟਾਰੀਆ ਨੇ ਦੱਸਿਆ ਕਿ ਪਿੰਡ ਮਦਾਰ ’ਚ ਪਾਰਕ ਦੀ ਉਸਾਰੀ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ ਸੀ। ਇਸ ਲਈ ਇਸ ਪਲਾਟ ਦੀ ਸਫਾਈ ਲਈ ਤੇ ਭਰਤੀ ਲਈ ਜੇਸੀਬੀ ਲਗਾਈ ਸੀ। ਪਿੰਡ ਦੇ ਹੀ ਵਿਜੈ ਕੁਮਾਰ ਤੇ ਰਾਣੀ ਸਣੇ ਕਰੀਬ 10 ਹੋਰ ਵਿਅਕਤੀਆਂ ਨੇ ਚਲਦਾ ਕੰਮ ਬੰਦ ਕਰਵਾ ਦਿੱਤਾ। ਉਹ ਜਦੋਂ ਮੌਕੇ ’ਤੇ ਗਿਆ ਤਾਂ ਵਿਜੈ ਕੁਮਾਰ ਨੇ ਉਸ ਦੇ ਚਪੇੜ ਮਾਰੀ ਤੇ ਬਾਕੀਆਂ ਨੇ ਵੀ ਕੁੱਟਮਾਰ ਕੀਤੀ। ਰਸਤੇ ’ਚ ਵਿਜੈ ਕੁਮਾਰ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਸਰਪੰਚ ਨੂੰ ਜ਼ਖ਼ਮੀ ਕਰ ਦਿੱਤਾ। ਥਾਣਾ ਮੁੱਖੀ ਆਦਮਪੁਰ ਇੰਸਪੈਕਟਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਪੰਚ ਦੇ ਬਿਆਨਾਂ ’ਤੇ ਕੇਸ ਦਰਜ ਕਰ ਵਿਜੈ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।