ਬਿਹਾਰ: ਭੀੜ ਦੇ ਹਮਲਿਆਂ ’ਚ ਸੱਤ ਪੁਲੀਸ ਮੁਲਾਜ਼ਮ ਜ਼ਖ਼ਮੀ
ਭਾਗਲਪੁਰ/ਮਧੂਬਨੀ/ਨਵਾਦਾ, 16 ਮਾਰਚ
ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਵਿੱਚ ਭੀੜ ਦੇ ਵੱਖ-ਵੱਖ ਹਮਲਿਆਂ ਵਿੱਚ ਸੱਤ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉੱਧਰ, ਇਸ ਸਬੰਧੀ ਡੀਜੀਪੀ ਵਿਨੈ ਕੁਮਾਰ ਨੇ ਕਿਹਾ ਕਿ ਸਾਰੇ ਥਾਣਿਆਂ ਦੀ ਪੁਲੀਸ ਨੂੰ ਕਿਧਰੇ ਵੀ ਛਾਪੇ ਮਾਰਨ ਤੋਂ ਪਹਿਲਾਂ ਹਾਲਾਤ ਦੀ ਸਮੀਖਿਆ ਕਰਨ ਦੀ ਹਦਾਇਤ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਘਟਨਾ ਕਹਾਲਗਾਓਂ ਉਪ ਮੰਡਲ ਦੇ ਅੰਤੀਚੱਕ ਵਿੱਚ ਸ਼ਨਿਚਰਵਾਰ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਦੋ ਸਮੂਹਾਂ ਵਿਚਾਲੇ ਝਗੜੇ ਦੀ ਸੂਚਨਾ ਮਿਲਣ ’ਤੇ ਪੁਲੀਸ ਦੀ ਇਕ ਪਾਰਟੀ ਉੱਥੇ ਪੁੱਜੀ। ਇਹ ਪਿਛਲੇ ਪੰਜ ਦਿਨਾਂ ਵਿੱਚ ਸੂਬੇ ’ਚ ਪੁਲੀਸ ’ਤੇ ਹਮਲੇ ਦੀ ਤੀਜੀ ਘਟਨਾ ਹੈ। ਮੁੰਗੇਰ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਨੂੰ ਲੋਕਾਂ ਦੇ ਇਕ ਸਮੂਹ ਦੇ ਹਮਲੇ ’ਚ ਇਕ ਸਹਾਇਕ ਸਬ ਇੰਸਪੈਕਟਰ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਰਰੀਆ ਜ਼ਿਲ੍ਹੇ ਵਿੱਚ ਪੁਲੀਸ ਤੇ ਲੋਕਾਂ ਦੀ ਭੀੜ ਵਿਚਾਲੇ ਝੜਪ ਵਿੱਚ ਇਕ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਤਾਜ਼ਾ ਘਟਨਾ ’ਚ ਇਕ ਸਬ- ਇੰਸਪੈਕਟਰ, ਤਿੰਨ ਸਿਪਾਹੀ ਤੇ ਇਕ ਚੌਕੀਦਾਰ ਨੂੰ ਸੱਟਾਂ ਲੱਗੀਆਂ ਹਨ।
ਅੰਤੀਚੱਕ ਦੇ ਥਾਣਾ ਮੁਖੀ ਆਸ਼ੂਤੋਸ਼ ਕੁਮਾਰ ਨੇ ਕਿਹਾ, ‘‘ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲੀਸ ਦੀ ਇਕ ਪਾਰਟੀ ਦੋ ਮੁੰਡਿਆਂ ਵਿਚਾਲੇ ਝਗੜੇ ਦੇ ਮਾਮਲੇ ਦੀ ਜਾਂਚ ਕਰਨ ਗਈ ਸੀ। ਮੁੰਡਿਆਂ ’ਚੋਂ ਇਕ ਨੇ ਪੁਲੀਸ ਪਾਰਟੀ ’ਤੇ ਪਥਰਾਅ ਕੀਤਾ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਵੀ ਪਥਰਾਅ ਸ਼ੁਰੂ ਕਰ ਦਿੱਤਾ।’’ ਉਨ੍ਹਾਂ ਕਿਹਾ, ‘‘ਵਾਧੂ ਪੁਲੀਸ ਫੋਰਸ ਤੁਰੰਤ ਇਲਾਕੇ ਵਿੱਚ ਭੇਜੀ ਗਈ ਅਤੇ ਸਥਿਤੀ ਨੂੰ ਕੰਟਰੋਲ ਕੀਤਾ ਗਿਆ।’’ ਇਸੇ ਤਰ੍ਹਾਂ ਨਵਾਦਾ ਦੇ ਕਾਵਾਕੋਲ ਪੁਲੀਸ ਥਾਣਾ ਖੇਤਰ ਵਿੱਚ ਪੈਂਦੇ ਸ਼ੇਖੋਦੇਵਰਾ ’ਚ ਇਕ ਹਮਲੇ ਵਿੱਚ ਇਕ ਹੋਰ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਇਸ ਤੋਂ ਕੁਝ ਘੰੰਟੇ ਪਹਿਲਾਂ ਨੰਦਲਾਲਪੁਰ ਪਿੰਡ ਵਿੱਚ ਹੋਏ ਇਕ ਹਮਲੇ ’ਚ ਇਕ ਏਐੱਸਆਈ ਦੀ ਮੌਤ ਹੋ ਗਈ ਸੀ। -ਪੀਟੀਆਈ