ਸੰਸਦੀ ਕਮੇਟੀ ਵੱਲੋਂ ਆਯੂਸ਼ ਲਈ ਸਿੰਗਲ ਸੁਤੰਤਰ ਡਰੱਗ ਕੰਟਰੋਲਰ ਦੀ ਸਿਫ਼ਾਰਿਸ਼
ਨਵੀਂ ਦਿੱਲੀ, 16 ਮਾਰਚ
ਸੰਸਦੀ ਕਮੇਟੀ ਨੇ ਡਰੱਗਜ਼ ਤੇ ਕਾਸਮੈਟਿਕ ਸਮੱਗਰੀ ਐਕਟ, 1940 ਅਤੇ ਇਸ ਨਾਲ ਸਬੰਧਤ ਨੇਮਾਂ ਮੁਤਾਬਕ ਸਾਰੀਆਂ ਆਯੂਸ਼ ਦਵਾਈਆਂ-ਸਬੰਧਤ ਮਾਪਦੰਡ ਨਿਰਧਾਰਣ ਪ੍ਰਕਿਰਿਆਵਾਂ ਨੂੰ ਸਿੰਗਲ ਸੁਤੰਤਰ ਡਰੱਗ ਕੰਟਰੋਲਰ ਅਧੀਨ ਲਿਆਉਣ ਦੀ ਸਿਫ਼ਾਰਿਸ਼ ਕੀਤੀ ਹੈ। ਕਮੇਟੀ ਨੇ ਇਹ ਵੀ ਕਿਹਾ ਕਿ ਅਰੋਗਿਆ ਮੇਲਾ/ਆਯੁਰਵੈਦ ਪਰਵ ਦੀ ਸੂਬਿਆਂ ਮੁਤਾਬਕ ਪਹੁੰਚ ਭਾਰਤ ਦੇ ਆਕਾਰ ਦੇ ਮੁਕਾਬਲੇ ਘੱਟ ਹੈ, ਜਿਸ ਵਿੱਚ 28 ਸੂਬੇ ਅਤੇ ਅੱਠ ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਇਸ ਨੇ ਸਿਫਾਰਿਸ਼ ਕੀਤੀ ਕਿ ਆਮ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਲਈ ਆਯੂਸ਼ ਪ੍ਰਣਾਲੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਆਗਾਮੀ ਵਰ੍ਹੇ ਇਸ ਦੀ ਪਹੁੰਚ 50 ਫੀਸਦ ਭਾਰਤੀ ਸੂਬਿਆਂ ਅਤੇ ਅਖ਼ੀਰ ਨੇੜ ਭਵਿੱਖ ਵਿੱਚ ਪੂਰੇ ਦੇਸ਼ ’ਚ ਹੋਣੀ ਚਾਹੀਦੀ ਹੈ।
ਇਸ ਹਫ਼ਤੇ ਰਾਜ ਸਭਾ ਵਿੱਚ ਪੇਸ਼ ਕੀਤੀ ਗਈ ਇਕ ਰਿਪੋਰਟ ਵਿੱਚ ਸਿਹਤ ਤੇ ਪਰਿਵਾਰ ਭਲਾਈ ਬਾਰੇ ਸੰਸਦੀ ਸਥਾਈ ਕਮੇਟੀ ਨੇ ਕਿਹਾ ਹੈ ਕਿ ਮੰਤਰਾਲੇ ਨੂੰ ਇਕ ਵਿਵਸਥਿਤ ਤੇ ਸੰਮਲਿਤ ਵਿਧੀ ਸਥਾਪਤ ਕਰਨੀ ਚਾਹੀਦੀ ਹੈ ਜੋ ਕਿ ਫਾਰਮਾਕੋਪੀਅਲ ਮਾਣਕਾਂ ਦੇ ਵਿਕਾਸ ਵਿੱਚ ਹਿੱਤਧਾਰਕਾਂ ਨੂੰ ਸਰਗਰਮ ਤੌਰ ’ਤੇ ਸ਼ਾਮਲ ਕਰੇ, ਜਿਸ ਨਾਲ ਵਧੇਰੇ ਸਮਰੱਥਾ ਅਤੇ ਸਾਂਝੀਵਾਲਤਾ ਯਕੀਨੀ ਬਣਾਈ ਜਾ ਸਕੇ। ਇਸ ਤੋਂ ਇਲਾਵਾ, ਭਾਰਤੀ ਮੈਡੀਸਨ ਅਤੇ ਹੋਮਿਓਪੈਥੀ ਲਈ ਫਾਰਮਾਕੋਪੀਆ ਕਮਿਸ਼ਨ (ਪੀਸੀਆਈਐੱਮ ਐਂਡ ਐੱਚ) ਅਤੇ ਕੇਂਦਰੀ ਆਯੂਰਵੈਦਿਕ ਵਿਗਿਆਨ ਖੋਜ ਕੌਂਸਲ (ਸੀਸੀਆਰਏਐੱਸ) ਇਸ ਪਹਿਲ ਵਿੱਚ ਤਾਲਮੇਲ ਤੇ ਸਹਿਯੋਗ ਕਰਨ ਲਈ ਇਕੱਠੇ ਆ ਸਕਦੇ ਹਨ। ਇਸ ਨਾਲ ਵੱਡੀ ਗਿਣਤੀ ਏਐੱਸਯੂ ਐਂਡ ਐੱਚ (ਆਯੁਰਵੈਦ, ਸਿੱਧ, ਯੂਨਾਨੀ ਅਤੇ ਹੋਮਿਓਪੈਥੀ) ਦਵਾਈਆਂ ਦੇ ਨਮੂਨਿਆਂ ਦੀ ਵਿਗਿਆਨਕ ਜਾਂਚ ਅਤੇ ਮੁਲਾਂਕਣ ਵਿੱਚ ਵਾਧਾ ਹੋਵੇਗਾ, ਜਿਸ ਨਾਲ ਸੁਰੱਖਿਆ, ਪ੍ਰਭਾਵਸ਼ੀਲਤਾ ਤੇ ਗੁਣਵੱਤਾ ਯਕੀਨੀ ਬਣੇਗੀ ਅਤੇ ਇਸ ਖੇਤਰ ਵਿੱਚ ਖੋਜ ਤੇ ਮਾਨਕੀਕਰਨ ਦੀ ਨੀਂਹ ਮਜ਼ਬੂਤ ਹੋਵੇਗੀ। -ਪੀਟੀਆਈ