‘ਆਪ’ ਨੇ ਔਰਤਾਂ ਵਿਰੁੱਧ ਹਿੰਸਾ ਲਈ ਪ੍ਰਧਾਨ ਮੰਤਰੀ ਨੂੰ ਘੇਰਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਕੈਬਨਿਟ ਮੰਤਰੀ ਆਤਿਸ਼ੀ ਨੇ ਮਨੀਪੁਰ ਵਿੱਚ ਔਰਤਾਂ ਵਿਰੁੱਧ ਹਿੰਸਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਕੀਤਾ। ਪ੍ਰੈੱਸ ਕਾਨਫਰੰਸ ‘ਚ ਆਤਿਸ਼ੀ ਨੇ ਕਿਹਾ ਕਿ ਨਰਿੰਦਰ ਮੋਦੀ ਕੋਲ ਵਿਦੇਸ਼ਾਂ ਦਾ ਦੌਰਾ ਕਰਨ ਦਾ ਸਮਾਂ ਹੈ, ਪਰ ਉਹ ਅਜੇ ਤੱਕ ਸੰਘਰਸ਼ ਪ੍ਰਭਾਵਿਤ ਉੱਤਰ-ਪੂਰਬੀ ਰਾਜ ਨਹੀਂ ਗਏ। ਉਨ੍ਹਾਂ ਕਿਹਾ ਕਿ ਕੱਲ੍ਹ ਔਰਤਾਂ ਦੀ ਨਗਨ ਅਵਸਥਾ ਵਿੱਚ ਪਰੇਡ ਵਾਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਨੀਪੁਰ ਦੀਆਂ ਪਹਾੜੀਆਂ ‘ਚ ਤਣਾਅ ਵਧ ਗਿਆ, ਪਰ ਸੱਤਾ ਧਾਰੀ ਧਿਰ ਚੁੱਪ ਕਰਕੇ ਬੈਠੀ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੀ ਮੁੱਖ ਬੁਲਾਰੇ ਪ੍ਰਿਅੰਕਾ ਕੱਕੜ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਜਬਰ-ਜਨਾਹ ਦੀ ਘਟਨਾ ਦਬਾਉਣ ਲਈ ਮਨੀਪੁਰ ‘ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ। ਇਸ ਤੋਂ ਬਾਅਦ ਵੀ ਕੇਂਦਰ ਸਰਕਾਰ ਇਸ ਘਟਨਾ ਨੂੰ ਸਾਹਮਣੇ ਆਉਣ ਤੋਂ ਨਹੀਂ ਰੋਕ ਸਕੀ ਪਰ ਜਿਸ ਟਵਿੱਟਰ ਨੇ ਇਸ ਸੱਚਾਈ ਨੂੰ ਦੇਸ਼ ਦੇ ਸਾਹਮਣੇ ਰੱਖਿਆ, ਉਸ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੀਡੀਓ ‘ਚ ਚਿਹਰੇ ਸਾਫ ਦਿਖਾਈ ਦੇਣ ਦੇ ਬਾਵਜੂਦ ਮਨੀਪੁਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਦੌਰਾਨ ਭਾਜਪਾ ’ਤੇ ਮੁਲਜ਼ਮਾਂ ਨੂੰ ਬਚਾਉਣ ਦੇ ਦੋਸ਼ ਲਾਏ।