ਸਫ਼ਾਈ ਮੁਹਿੰਮ ’ਚ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ
ਪੱਤਰ ਪ੍ਰੇਰਕ
ਯਮੁਨਾਨਗਰ, 12 ਜੂਨ
ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਸਫ਼ਾਈ ਪੰਦਰਵਾੜੇ ਤਹਿਤ, ਨਗਰ ਨਿਗਮ ਦੀ ਸਫਾਈ ਟੀਮ ਨੇ ਵੱਖ-ਵੱਖ ਸੰਸਥਾਵਾਂ ਦੇ ਨਾਲ ਮਿਲ ਕੇ ਵਾਰਡ-8 ਅਤੇ 9 ਵਿੱਚ ਸਫਾਈ ਮੁਹਿੰਮ ਚਲਾਈ। ਮੇਅਰ ਸੁਮਨ ਬਾਹਮਣੀ ਅਤੇ ਨਿਗਮ ਕਮਿਸ਼ਨਰ ਅਖਿਲ ਪਿਲਾਨੀ ਦੇ ਨਿਰਦੇਸ਼ਾਂ ‘ਤੇ ਚਲਾਈ ਗਈ ਇਸ ਮੁਹਿੰਮ ਤਹਿਤ, ਨਿਗਮ ਕਰਮਚਾਰੀਆਂ ਨੇ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਕਲੋਨੀ ਵਾਸੀਆਂ ਦੇ ਨਾਲ ਮਿਲ ਕੇ ਵਾਰਡ-9 ਵਿੱਚ ਲਾਲ ਦਵਾਰਾ ਮੰਦਰ ਅਤੇ ਵਾਰਡ-8 ਵਿੱਚ ਨਹਿਰੂ ਪਾਰਕ ਅਤੇ ਇਸ ਦੇ ਆਲੇ ਦੁਆਲੇ ਸਫਾਈ ਮੁਹਿੰਮ ਚਲਾਈ ਗਈ।
ਮੁਹਿੰਮ ਦੌਰਾਨ, ਲੋਕਾਂ ਨੂੰ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ ਅਤੇ ਪਾਬੰਦੀਸ਼ੁਦਾ ਪੋਲੀਥੀਨ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਗਿਆ। ਅਖਿਲ ਭਾਰਤੀ ਸਮਾਜ ਸੇਵਾ ਕੇਂਦਰ ਦੇ ਪ੍ਰਧਾਨ ਮਨਮੋਹਨ ਸਿੰਘ, ਸ੍ਰਿਸ਼ਟੀ ਜਨ ਕਲਿਆਣ ਸਮਿਤੀ ਦੀ ਪ੍ਰਧਾਨ ਮੀਨੂੰ ਚਾਸਵਾਲ, ਸੁਦਰਸ਼ਨ ਫਾਊਂਡੇਸ਼ਨ ਦੇ ਪ੍ਰਧਾਨ ਸੰਦੀਪ ਬਜਾਜ, ਸਨੇਹ ਸੇਵਾ ਟਰੱਸਟ ਦੀ ਰਾਸ਼ਟਰੀ ਪ੍ਰਧਾਨ ਮਮਤਾ ਸੇਨ, ਸ੍ਰੀ ਜੀ ਸੇਵਾ ਟਰੱਸਟ ਦੀ ਪ੍ਰਧਾਨ ਨੀਰੂ ਚੌਹਾਨ, ਸਕੱਤਰ ਨੀਰਜ ਕਾਲੜਾ ਅਤੇ ਨਗਰ ਨਿਗਮ ਆਈਈਸੀ ਮਾਹਿਰ ਪੂਜਾ ਅਗਰਵਾਲ ਨੇ ਮੁਹਿੰਮ ਵਿੱਚ ਯੋਗਦਾਨ ਪਾਇਆ।
ਮੇਅਰ ਸੁਮਨ ਬਾਹਮਣੀ ਅਤੇ ਨਗਰ ਨਿਗਮ ਕਮਿਸ਼ਨਰ ਅਖਿਲ ਪਿਲਾਨੀ ਦੇ ਨਿਰਦੇਸ਼ਾਂ ’ਤੇ ਸਵੱਛਤਾ ਪੰਦਰਵਾੜਾ 21 ਜੂਨ ਤੱਕ ਚਲਾਇਆ ਜਾ ਰਿਹਾ ਹੈ। ਇਸ ਤਹਿਤ ਵਾਰਡ 1 ਤੋਂ 7 ਤੱਕ ਮੁੱਖ ਸੈਨੀਟੇਸ਼ਨ ਇੰਸਪੈਕਟਰ ਹਰਜੀਤ ਸਿੰਘ, ਵਾਰਡ 8 ਤੋਂ 15 ਤੱਕ ਮੁੱਖ ਸੈਨੀਟੇਸ਼ਨ ਇੰਸਪੈਕਟਰ ਵਿਨੋਦ ਬੇਨੀਵਾਲ ਅਤੇ ਵਾਰਡ 16 ਤੋਂ 22 ਤੱਕ ਮੁੱਖ ਸੈਨੀਟੇਸ਼ਨ ਇੰਸਪੈਕਟਰ ਅਨਿਲ ਨੈਣ ਦੀ ਅਗਵਾਈ ਹੇਠ ਇਹ ਮੁਹਿੰਮ ਚਲਾਈ ਜਾ ਰਹੀ ਹੈ। ਵਧੀਕ ਨਿਗਮ ਕਮਿਸ਼ਨਰ ਧੀਰਜ ਕੁਮਾਰ ਨੇ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ।