ਵਿਸਾਖੀ ਮੌਕੇ ਵੈਨਕੂਵਰ ’ਚ ਸਜਿਆ ਵਿਸ਼ਾਲ ਨਗਰ ਕੀਰਤਨ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 13 ਅਪਰੈਲ
ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਵੱਲੋਂ ਹਰ ਸਾਲ ਦੀ ਤਰ੍ਹਾਂ ਵਿਸਾਖੀ ਨਗਰ ਕੀਰਤਨ ਸਜਾਇਆ ਗਿਆ। ਬੇਸ਼ੱਕ ਇਸ ਵਾਰ ਵੀ ਲੋਕਾਂ ਦੇ ਮਨਾਂ ਵਿੱਚ ਉਤਸ਼ਾਹ ਪਹਿਲਾਂ ਵਾਂਗ ਸੀ, ਪਰ ਅਮਰੀਕਨ ਸ਼ਰਧਾਲੂਆਂ ਦੀ ਘਾਟ ਰੜਕਦੀ ਰਹੀ। ਫੈਡਰਲ ਚੋਣਾਂ ਨੇੜੇ ਹੋਣ ਕਰਕੇ ਕੌਮੀ ਪਾਰਟੀਆਂ ਦੇ ਆਗੂ ਰੁੱਝੇ ਹੋਣ ਕਰਕੇ ਉਹ ਪਹਿਲਾਂ ਵਾਂਗ ਬਹੁਤਾ ਸਮਾਂ ਮੌਜੂਦ ਰਹਿਣ ਦੀ ਥਾਂ ਹਾਜ਼ਰੀ ਭਰ ਕੇ ਤੁਰਦੇ ਬਣੇ। 46 ਸਾਲ ਪਹਿਲਾਂ 1979 ਵਿੱਚ ਸ਼ੁਰੂ ਹੋਇਆ ਵਿਸਾਖੀ ਨਗਰ ਕੀਰਤਨ ਵਿਸਾਖੀ ਤੋਂ ਪਹਿਲੇ ਐਤਵਾਰ ਨੂੰ ਸਜਾਇਆ ਜਾਂਦਾ ਹੈ।
ਗੁਰਦੁਆਰਾ ਸਾਹਿਬ ਵਿਖੇ ਸਜੇ ਦੀਵਾਨ ਤੋਂ ਬਾਅਦ ਨਗਰ ਕੀਰਤਨ ਦੀ ਅਰੰਭਤਾ ਅਰਦਾਸ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੜੇ ਮਨਮੋਹਕ ਢੰਗ ਨਾਲ ਸਜਾਈ ਗਈ ਪਾਲਕੀ ਵਿਚ ਬਿਰਾਜਮਾਨ ਕਰਕੇ ਚੁਫੇਰਿਓਂ ਖੁੱਲ੍ਹੇ ਤੇ ਸਜੇ ਹੋਏ ਵਾਹਨ ਵਿਚ ਸੁਸ਼ੋਭਿਤ ਕੀਤਾ ਗਿਆ, ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਪ੍ਰਸ਼ਾਸਨ ਵਲੋਂ ਨਗਰ ਕੀਰਤਨ ਦੇ ਨਿਰਧਾਰਿਤ ਰੂਟ ਬਾਰੇ ਲੋਕਾਂ ਨੂੰ ਅਗਾਊਂ ਸੂਚਿਤ ਕਰ ਦਿੱਤਾ ਗਿਆ ਸੀ।
ਦੁਪਹਿਰੇ 11-30 ਵਜੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਸ਼ਹਿਰ ਦੀ ਰੌਸ ਸਟਰੀਟ, ਮਰੀਨ ਡਰਾਈਵ, ਮੇਨ ਸਟਰੀਟ, 49 ਸਟਰੀਟ ਤੋਂ ਮੁੜ ਕੇ ਫਰੇਜਰ ਸਟਰੀਟ ਰਸਤੇ ਹੁੰਦੇ ਹੋਏ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਵੈਨਕੂਵਰ ਪੁਲੀਸ ਟੁਕੜੀ ਵੱਲੋਂ ਵੀ ਸਲਾਮੀ ਦਿੱਤੀ ਗਈ ਤੇ ਬੈਂਡ ਧੁਨਾਂ ਨਾਲ ਸਵਾਗਤ ਕੀਤਾ ਗਿਆ। ਗਤਕਾ ਪਾਰਟੀਆਂ ਨੇ ਵੀ ਆਪਣੇ ਜੌਹਰ ਵਿਖਾਏ। ਸਾਰੇ ਰਸਤੇ ’ਚ ਸ਼ਰਧਾਲੂਆਂ ਨੇ ਵੱਖ ਵੱਖ ਸਵਾਦੀ ਪਕਵਾਨਾਂ ਦੇ ਲੰਗਰ ਲਾਏ ਹੋਏ ਸਨ। ਰੂਟ ਦੇ ਪਾਸਿਆਂ ਤੇ ਕਈ ਵਪਾਰਕ ਅਦਾਰਿਆਂ ਵਲੋਂ ਸਟੇਜਾਂ ਲਾਈਆਂ ਗਈਆਂ ਸੀ, ਜਿਥੋਂ ਉਨ੍ਹਾਂ ਦੇ ਵਪਾਰਕ ਪ੍ਰਚਾਰ ਦੇ ਨਾਲ ਨਾਲ ਗੁਰਬਾਣੀ ਸੰਦੇਸ਼ਾਂ ਦੀ ਵਰਖਾ ਹੋ ਰਹੀ ਸੀ। ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਗੁਰਬਾਣੀ ਜਾਪ ਕਰਦੀ ਹੋਈ ਨਾਲ ਨਾਲ ਪੈਦਲ ਚਲ ਰਹੀ ਸੀ। ਨਗਰ ਕੀਰਤਨ ਵਿਚ ਸ਼ਾਮਲ ਲੋਕਾਂ ਨੇ ਸਿਰਾਂ ’ਤੇ ਕੇਸਰੀ ਦਸਤਾਰਾਂ ਤੇ ਰੁਮਾਲੇ ਸਜਾਏ ਹੋਏ ਸਨ ਤੇ ਬੀਬੀਆਂ ਦੇ ਸਿਰਾਂ ’ਤੇ ਕੇਸਰੀ ਚੁੰਨੀਆਂ ਸੀ।
ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਦੇ ਪ੍ਰਧਾਨ ਅਤੇ ਖੇਤਰ ਤੋਂ ਚੋਣਾਂ ਵਿੱਚ ਕੁੱਦੇ ਉਮੀਦਵਾਰਾਂ ਨੇ ਵੀ ਨਗਰ ਕੀਰਤਨ ਦੇ ਰਸਤਿਆਂ ਤੇ ਲਗਾਈਆਂ ਸਟੇਜਾਂ ਤੋਂ ਲੋਕਾਂ ਨਾਲ ਆਪਣੀਆਂ ਪਾਰਟੀਆਂ ਦੀ ਨੀਤੀਆਂ ਤੇ ਚੋਣ ਪ੍ਰੋਗਰਾਮਾਂ ਦੀ ਗੱਲ ਕੀਤੀ ਤੇ ਲੋਕਾਂ ਨਾਲ ਸਾਂਝ ਵਧਾਉਣ ਦੇ ਯਤਨ ਕੀਤੇ। ਬਹੁਤ ਸਾਲਾਂ ਬਾਅਦ ਅੱਜ ਦੇ ਨਗਰ ਕੀਰਤਨ ਮੌਕੇ ਮੌਸਮ ਸਾਫ ਰਿਹਾ ਅਤੇ ਸਰਦੀ ਪੱਖੋਂ ਖੁਸ਼ਗਵਾਰ ਰਿਹਾ। ਪਿਛਲੇ ਸਾਲਾਂ ਵਿੱਚ ਕਈ ਵਾਰ ਬਾਰਸ਼ ਨਗਰ ਕੀਰਤਨ ਵਿੱਚ ਵਿਘਨ ਦਾ ਕਾਰਣ ਬਣਦੀ ਰਹੀ ਹੈ। ਟਰੰਪ ਟੈਰਿਫ ਝੰਜਟ ਦਾ ਪ੍ਰਛਾਵਾਂ ਨਗਰ ਕੀਰਤਨ ’ਤੇ ਵੀ ਪਿਆ। ਅਮਰੀਕਨ ਸ਼ਰਧਾਲੂਆਂ ਦੀ ਘਾਟ ਰੜਕਦੀ ਰਹੀ। ਸ਼ਾਇਦ ਅਮਰੀਕਨ ਸਰਹੱਦੀ ਚੌਕੀਆਂ ਉੱਤੇ ਸਖਤਾਈ ਇਸ ਦਾ ਕਾਰਨ ਬਣੀ ਹੋਵੇ। ਗੁਰਦੁਆਰਾ ਕਮੇਟੀ ਪ੍ਰਧਾਨ ਨੇ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਲਈ ਧੰਨਵਾਦ ਕੀਤਾ ਗਿਆ। ਸੂਬਾਈ ਟਰਾਂਸਪੋਰਟ ਵਿਭਾਗ ਟਰਾਂਸਲਿੰਕ ਨੇ ਬੱਸਾਂ ’ਤੇ ਵਧਾਈ ਸੰਦੇਸ਼ ਲਿਖੇ ਹੋਏ ਸਨ।
ਕੈਪਸ਼ਨ: ਵੈਨਕੂਵਰ ਵਿਸਾਖੀ ਨਗਰ ਕੀਰਤਨ ਦੀ ਝਲਕੀਆਂ ਤੇ ਟਰਾਂਸਲਿੰਕ ਵਲੋਂ ਬੱਸਾਂ ਪਿੱਛੇ ਲਿਖੇ ਵਧਾਈ ਸੰਦੇਸ਼।