Amarnath registration: ਐੱਸਬੀਆਈ ਬੈਂਕ ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ
ਮੋਹਿਤ ਖੰਨਾ
ਪਟਿਆਲਾ, 16 ਅਪਰੈਲ
ਇਸ ਸਾਲ ਜੁਲਾਈ ਵਿਚ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਦਾ ਅਮਲ ਸ਼ੁਰੂ ਹੋ ਗਿਆ ਹੈ। ਰਜਿਸਟਰੇਸ਼ਨ ਭਾਰਤੀ ਸਟੇਟ ਬੈਂਕ (SBI) ਦੀਆਂ ਬਰਾਂਚਾਂ ਵਿਚ ਵੀ ਕੀਤੀ ਜਾ ਸਕਦੀ ਹੈ। ਪਟਿਆਲਾ ਵਿਚ ਅਜਿਹੀ ਹੀ ਇਕ ਸ਼ਾਖਾ ਦੇ ਬਾਹਰ ਅੱਜ ਦੁਚਿੱਤੀ ਅਤੇ ਹਫੜਾ-ਦਫੜੀ ਦਾ ਮਾਹੌਲ ਦੇਖਣ ਨੂੰ ਮਿਲਿਆ, ਜਿੱਥੇ ਲੋਕ ਆਪਣੇ ਫਾਰਮ ਜਮ੍ਹਾਂ ਕਰਾਉਣ ਲਈ ਭੱਜ-ਦੌੜ ਕਰਦੇ ਦਿਸੇ।
ਕੁਝ ਲੋਕ ਸਵੇਰੇ 6 ਵਜੇ ਤੋਂ ਹੀ ਲੰਮੀ ਕਤਾਰ ਵਿੱਚ ਖੜ੍ਹੇ ਬੈਂਕ ਦੇ ਦਰਵਾਜ਼ੇ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬੈਂਕ ਛੁੱਟੀਆਂ ਅਤੇ ਵੈੱਬਸਾਈਟ ਵਿੱਚ ਗੜਬੜੀ ਕਾਰਨ ਭਾਰੀ ਭੀੜ ਦੇਖੀ ਜਾ ਰਹੀ ਹੈ ਜਿਸ ਕਾਰਨ ਔਨਲਾਈਨ ਰਜਿਸਟਰੇਸ਼ਨ ਪ੍ਰਕਿਰਿਆ ਵਿੱਚ ਰੁਕਾਵਟ ਆ ਰਹੀ ਹੈ। ਝੌਰੀਆਂ ਭਾਟੀਆਂ ਇਲਾਕੇ ਦੇ ਸੰਜੇ ਅਤੇ ਤਿਰਲੋਕੀ ਨੇ ਕਿਹਾ ਕਿ ਕਤਾਰ ਵਿੱਚ ਖੜ੍ਹੇ ਲੋਕਾਂ ਰਜਿਸਟਰੇਸ਼ਨ ਸੀਮਤ ਹੋਣ ਕਾਰਨ ਭੰਬਲਭੂਸੇ ਵਿਚ ਹਨ। ਹਰੇਕ ਬੈਂਕ ਨੂੰ ਇੱਕ ਦਿਨ ਵਿੱਚ ਸਿਰਫ਼ 30 ਫਾਰਮ ਰਜਿਸਟਰ ਕਰਨ ਲਈ ਕਿਹਾ ਗਿਆ ਹੈ। ਤਿਰਲੋਕੀ ਨੇ ਕਿਹਾ, ‘‘ਕਤਾਰ ਵਿੱਚ ਖੜ੍ਹੇ 100 ਤੋਂ ਵੱਧ ਲੋਕਾਂ ਬਾਰੇ ਕੀ? ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇ ਅਤੇ ਪ੍ਰਕਿਰਿਆ ਨੂੰ ਸੁਚਾਰੂ ਬਣਾਏ।’’
ਤਿੰਨ ਜੁਲਾਈ ਨੂੰ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ 9 ਅਗਸਤ ਨੂੰ ਸਮਾਪਤ ਹੋਵੇਗੀ। ਯਾਤਰਾ ਲਈ ਰਜਿਸਟਰੇਸ਼ਨ 14 ਅਪਰੈਲ ਨੂੰ ਸ਼ੁਰੂ ਹੋਈ ਸੀ ਅਤੇ ਲਾਜ਼ਮੀ ਮੈਡੀਕਲ ਫਿਟਨੈਸ ਸਰਟੀਫਿਕੇਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਇਸ ਹਫ਼ਤੇ ਤੋਂ ਸਰਕਾਰੀ ਹਸਪਤਾਲਾਂ ਵਿੱਚ ਸ਼ੁਰੂ ਹੋ ਗਈ ਹੈ। ਅਮਰਨਾਥ ਯਾਤਰਾ ਕਰਨ ਦੇ ਚਾਹਵਾਨ ਸ਼ਰਧਾਲੂ ਸਿਵਲ ਹਸਪਤਾਲ ਵਿੱਚ ਫਿਟਨੈੱਸ ਸਰਟੀਫਿਕੇਟ ਪ੍ਰਾਪਤ ਕਰਨ ਲਈ ਕਤਾਰਾਂ ਵਿੱਚ ਖੜ੍ਹੇ ਸਨ। ਯਾਤਰਾ ਲਈ ਫਿਟਨੈੱਸ ਸਰਟੀਫਿਕੇਟ ਵੀ ਲਾਜ਼ਮੀ ਸ਼ਰਤ ਹੈ। ਅੱਜ ਸਵੇਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਂਕਾਂ ਦੇ ਰਜਿਸਟਰੇਸ਼ਨ ਕਾਊਂਟਰਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਔਰਤਾਂ ਲੰਮੀਆਂ ਕਤਾਰਾਂ ਵਿੱਚ ਉਡੀਕ ਕਰਦੀਆਂ ਵੇਖੀਆਂ ਗਈਆਂ। ਤੀਰਥ ਯਾਤਰਾ ਦੀ ਰਜਿਸਟਰੇਸ਼ਨ ਦੋ ਰੂਟਾਂ, ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਰਵਾਇਤੀ 48 ਕਿਲੋਮੀਟਰ ਪਹਿਲਗਾਮ ਰਸਤਾ ਅਤੇ ਗੰਦਰਬਲ ਜ਼ਿਲ੍ਹੇ ਵਿੱਚ 14 ਕਿਲੋਮੀਟਰ ਛੋਟਾ ਪਰ ਖੜ੍ਹਵਾਂ ਬਾਲਟਾਲ ਰਸਤਾ, ’ਤੇ ਕੀਤੀ ਜਾ ਰਹੀ ਹੈ।