Punjab News: ਪੰਜਾਬ ਸਰਕਾਰ ਦਰਜਾ-4 ਮੁਲਾਜ਼ਮਾਂ ਨੂੰ ਕਣਕ ਖ਼ਰੀਦਣ ਲਈ ਦੇਵੇਗੀ ਵਿਆਜ-ਰਹਿਤ ਕਰਜ਼ਾ
ਸੂਬਾ ਸਰਕਾਰ ਨੇ ਵਿਆਜ-ਮੁਕਤ ਕਰਜ਼ੇ ਵਿੱਚ 600 ਰੁਪਏ ਦਾ ਕੀਤਾ ਵਾਧਾ
ਆਤਿਸ਼ ਗੁਪਤਾ
ਚੰਡੀਗੜ੍ਹ, 22 ਅਪਰੈਲ
Punjab News: ਪੰਜਾਬ ਸਰਕਾਰ ਵੱਲੋਂ ਮਾਲੀ ਸਾਲ 2025-26 ਦੌਰਾਨ ਦਰਜਾ-4 (ਗਰੁੱਪ-ਡੀ) ਮੁਲਾਜ਼ਮਾਂ ਲਈ ਕਣਕ ਖ਼ਰੀਦਣ ਵਾਸਤੇ ਵਿਆਜ ਮੁਕਤ ਕਰਜ਼ਾ ਵਧਾ ਕੇ 9700 ਰੁਪਏ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਹੈ।
ਸ੍ਰੀ ਚੀਮਾ ਨੇ ਕਿਹਾ ਕਿ ਵਿੱਤ ਵਰ੍ਹੇ 2019-20 ਅਤੇ 2020-21 ਦੇ ਚੁਣੌਤੀਪੂਰਨ ਕੋਵਿਡ-19 ਸਾਲਾਂ ਦੌਰਾਨ ਵੀ ਕਾਂਗਰਸ ਸਰਕਾਰ ਵੱਲੋਂ ਕੋਈ ਵਾਧਾ ਕੀਤੇ ਬਿਨਾ ਸਿਰਫ 7500 ਰੁਪਏ ਦੇ ਵਿਆਜ ਰਹਿਤ ਕਣਕ ਕਰਜ਼ ਦੀ ਸਹੂਲਤ ਦਿੱਤੀ ਗਈ। ਇਸ ਨੂੰ ਬਾਅਦ ਵਿੱਚ ਚੋਣ ਵਰ੍ਹੇ 2021-22 ਦੌਰਾਨ ਤਿੰਨ ਸਾਲਾਂ ਉਪਰੰਤ ਸਿਰਫ 500 ਰੁਪਏ ਦਾ ਮਾਮੂਲੀ ਵਾਧਾ ਕਰਦਿਆਂ 8000 ਰੁਪਏ ਕੀਤਾ ਗਿਆ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਇਸ ਵਿਆਜ ਮੁਕਤ ਕਰਜ਼ੇ ਦੀ ਰਕਮ ਨੂੰ ਵਿੱਤੀ ਸਾਲ 2023-24 ਲਈ ਵਧਾ ਕੇ 8500 ਰੁਪਏ, ਸਾਲ 2024-25 ਲਈ 9100 ਰੁਪਏ ਅਤੇ ਹੁਣ 600 ਰੁਪਏ ਵਧਾ ਕੇ ਵਿੱਤੀ ਸਾਲ 2025-26 ਲਈ ਵਧਾ ਕੇ 9700 ਰੁਪਏ ਕਰ ਦਿੱਤਾ ਗਿਆ।
ਵਿੱਤ ਮੰਤਰੀ ਨੇ ਕਿਹਾ ਕਿ ਦਰਜਾ-4 ਦੇ ਹਰੇਕ ਯੋਗ ਮੁਲਾਜ਼ਮ ਨੂੰ 9700 ਰੁਪਏ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ, ਜਿਸ ਨਾਲ ਉਹ ਮੌਜੂਦਾ ਸਰਕਾਰੀ ਦਰ ’ਤੇ 2425 ਰੁਪਏ ਪ੍ਰਤੀ ਕੁਇੰਟਲ ਪ੍ਰਤੀ ਪਰਿਵਾਰ ਚਾਰ ਕੁਇੰਟਲ ਦੇ ਹਿਸਾਬ ਨਾਲ ਕਣਕ ਖ਼ਰੀਦ ਸਕਣਗੇ। ਉਨ੍ਹਾਂ ਕਿਹਾ ਕਿ ਇਹ ਕਰਜ਼ਾ ਜੂਨ 2025 (ਜੁਲਾਈ 2025 ਵਿੱਚ ਭੁਗਤਾਨ ਯੋਗ) ਦੀ ਤਨਖ਼ਾਹ ਤੋਂ ਸ਼ੁਰੂ ਹੋ ਕੇ, ਇਸੇ ਵਿੱਤੀ ਸਾਲ ਦੇ ਅੰਦਰ ਮੁਕੰਮਲ ਵਸੂਲੀ ਨੂੰ ਯਕੀਨੀ ਬਣਾਉਂਦੇ ਹੋਏ ਆਸਾਨ ਅੱਠ ਬਰਾਬਰ ਮਾਸਿਕ ਕਿਸ਼ਤਾਂ ਵਿੱਚ ਵਸੂਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪ੍ਰਵਾਨਿਤ ਰਕਮ 29 ਮਈ, 2025 ਤੱਕ ਸੂਬਾ ਸਰਕਾਰ ਦੇ ਖਜ਼ਾਨੇ ਵਿੱਚੋਂ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਮੁਲਾਜ਼ਮਾਂ ’ਤੇ ਪੈ ਰਹੇ ਆਰਥਿਕ ਬੋਝ ਨੂੰ ਘੱਟ ਕੀਤਾ ਜਾਵੇ ਤਾਂ ਜੋ ਉਹ ਆਪਣੇ ਘਰੇਲੂ ਖਰਚਿਆਂ ਦਾ ਬਿਹਤਰ ਢੰਗ ਨਾਲ ਪ੍ਰਬੰਧਨ ਕਰ ਸਕਣ ਅਤੇ ਉਨ੍ਹਾਂ ਦੀ ਸਮੁੱਚੀ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ।