Terrorist Attack in Pahalgam: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਦਹਿਸ਼ਤੀ ਹਮਲੇ ’ਚ 27 ਮੌਤਾਂ, ਮ੍ਰਿਤਕਾਂ ਵਿਚ ਬਹੁਤੇ ਸੈਲਾਨੀ
ਸ੍ਰੀਨਗਰ, 22 ਅਪਰੈਲ
Terrorist Attack in Pahalgam: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਮੰਗਲਵਾਰ ਸ਼ਾਮੀਂ ਹੋਏ ਦਹਿਸ਼ਤੀ ਹਮਲੇ ਵਿੱਚ 27 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਬਹੁਗਿਣਤੀ ਸੈਲਾਨੀ ਦੱਸੇ ਜਾਂਦੇ ਹਨ। ਇਕ ਉੱਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਵਿਚ ਦੋ ਵਿਦੇਸ਼ੀ ਤੇ ਦੋ ਸਥਾਨਕ ਵਿਅਕਤੀ ਵੀ ਸ਼ਾਮਲ ਹਨ।
ਪਾਕਿਸਤਾਨ ਅਧਾਰਿਤ ਪਾਬੰਦੀਸ਼ੁਦਾ ਦਹਿਸ਼ਤੀ ਸਮੂਹ ਲਸ਼ਕਰ-ਏ-ਤਇਬਾ ਨਾਲ ਸਬੰਧਤ ਸਮੂਹ ਦਿ ਰਜ਼ਿਸਟੈਂਸ ਫਰੰਟ (TRF) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਸੰਭਵ ਹੈ ਕਿ ਅਤਿਵਾਦੀ ਸਮੂਹ ਜੰਮੂ ਦੇ ਕਿਸ਼ਤਵਾੜ ਤੋਂ ਪਾਰ ਹੋ ਕੇ ਦੱਖਣੀ ਕਸ਼ਮੀਰ ਦੇ ਕੋਕਰਨਾਗ ਰਾਹੀਂ ਬੈਸਰਨ ਪਹੁੰਚਿਆ ਹੋਵੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਊਦੀ ਅਰਬ ਦੇ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਹਿਸ਼ਤੀ ਹਮਲੇ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਤੋਂ ਤੁਰੰਤ ਬਾਅਦ ਸਾਰੀਆਂ ਏਜੰਸੀਆਂ ਨਾਲ ਇੱਕ ਜ਼ਰੂਰੀ ਸੁਰੱਖਿਆ ਸਮੀਖਿਆ ਮੀਟਿੰਗ ਕਰਨ ਲਈ ਸ੍ਰੀਨਗਰ ਰਵਾਨਾ ਹੋ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜ਼ਖਮੀ ਜਲਦੀ ਤੋਂ ਜਲਦੀ ਠੀਕ ਹੋ ਜਾਣ। ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।’’ ਸ੍ਰੀ ਮੋਦੀ ਨੇ ਕਿਹਾ, ‘‘ਇਸ ਘਿਨਾਉਣੇ ਕਾਰੇ ਦੇ ਪਿੱਛੇ ਜਿਹੜੇ ਲੋਕ ਹਨ, ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ... ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ! ਉਨ੍ਹਾਂ ਦੇ ਮਾੜੇ ਇਰਾਦੇ ਕਦੇ ਵੀ ਸਫ਼ਲ ਨਹੀਂ ਹੋਣਗੇ। ਅਤਿਵਾਦ ਨਾਲ ਲੜਨ ਦਾ ਸਾਡਾ ਇਰਾਦਾ ਅਟੱਲ ਹੈ ਅਤੇ ਇਹ ਹੋਰ ਵੀ ਮਜ਼ਬੂਤ ਹੋਵੇਗਾ।’’
ਉਧਰ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਮੌਤਾਂ ਦੀ ਗਿਣਤੀ ਦਾ ਪਤਾ ਲਗਾਇਆ ਜਾ ਰਿਹਾ ਹੈ। ਅਬਦੁੱਲਾ ਨੇ ਐਕਸ 'ਤੇ ਕੀਤੀ ਇੱਕ ਪੋਸਟ ਵਿੱਚ ਕਿਹਾ, "ਇਹ ਹਮਲਾ ਹਾਲ ਹੀ ਦੇ ਸਾਲਾਂ ਦੌਰਾਨ ਆਮ ਲੋਕਾਂ 'ਤੇ ਕੀਤੇ ਗਏ ਕਿਸੇ ਵੀ ਹਮਲੇ ਨਾਲੋਂ ਕਿਤੇ ਵੱਡਾ ਹੈ।"
ਹਮਲਾ ਸੈਲਾਨੀਆਂ ਦੇ ਪਸੰਦੀਦਾ ਘਾਹ ਦੇ ਬੈਸਰਨ (Baisaran) ਵਿੱਚ ਬਾਅਦ ਦੁਪਹਿਰ ਕਰੀਬ 3 ਵਜੇ ਹੋਇਆ। ਉਥੇ ਸਿਰਫ਼ ਪੈਦਲ ਜਾਂ ਘੋੜਿਆਂ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਉਥੇ ਸਵੇਰੇ ਸੈਲਾਨੀਆਂ ਦਾ ਇੱਕ ਟੋਲਾ ਘੁੰਮਣ ਗਿਆ ਸੀ।
ਇੱਕ ਚਸ਼ਮਦੀਦ ਗਵਾਹ ਦੇ ਅਨੁਸਾਰ, ਅਣਪਛਾਤੇ ਬੰਦੂਕਧਾਰੀਆਂ ਨੇ ਸੈਲਾਨੀਆਂ 'ਤੇ ਨੇੜਿਓਂ ਗੋਲੀਬਾਰੀ ਕੀਤੀ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। ਹਮਲੇ ਵਿਚ ਵਾਲ-ਵਾਲ ਬਚੀ ਇੱਕ ਔਰਤ ਨੇ ਫ਼ੋਨ 'ਤੇ ਪੀਟੀਆਈ ਨੂੰ ਦੱਸਿਆ, "ਮੇਰੇ ਪਤੀ ਦੇ ਸਿਰ ਵਿੱਚ ਗੋਲੀ ਲੱਗੀ ਹੈ, ਜਦੋਂ ਕਿ ਹਮਲੇ ਵਿੱਚ ਸੱਤ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਸਨ।" ਔਰਤ ਨੇ ਆਪਣੀ ਪਛਾਣ ਨਹੀਂ ਦੱਸੀ ਪਰ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਵਿੱਚ ਮਦਦ ਦੀ ਬੇਨਤੀ ਕੀਤੀ।
ਅਧਿਕਾਰੀਆਂ ਨੇ ਕਿਹਾ ਕਿ ਜ਼ਖਮੀਆਂ ਨੂੰ ਸੁਰੱਖਿਅਤ ਕੱਢਣ ਲਈ ਇੱਕ ਹੈਲੀਕਾਪਟਰ ਸੇਵਾ ਵਿੱਚ ਲਗਾਇਆ ਗਿਆ ਹੈ ਅਤੇ ਕੁਝ ਜ਼ਖਮੀਆਂ ਨੂੰ ਸਥਾਨਕ ਲੋਕਾਂ ਨੇ ਆਪਣੇ ਘੋੜਿਆਂ ਰਾਹੀਂ ਘਾਹ ਦੇ ਮੈਦਾਨਾਂ ਤੋਂ ਹੇਠਾਂ ਲਿਆਂਦਾ।
ਪਹਿਲਗਾਮ ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ 12 ਜ਼ਖਮੀ ਸੈਲਾਨੀਆਂ ਨੂੰ ਉੱਥੇ ਦਾਖਲ ਕਰਵਾਇਆ ਗਿਆ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਇਸ ਤੋਂ ਪਹਿਲਾਂ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਇੱਥੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣਾਈ ਦੇਣ ਤੋਂ ਬਾਅਦ ਸੁਰੱਖਿਆ ਬਲ ਪਹਿਲਗਾਮ ਦੇ ਬੈਸਰਨ ਮੈਦਾਨ ਵਿੱਚ ਪਹੁੰਚੇ।
ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਭਾਰਤ ਦੇ ਚਾਰ-ਰੋਜ਼ਾ ਸਰਕਾਰੀ ਦੌਰੇ ਉਤੇ ਆਏ ਹੋਏ ਹਨ। ਉਹ ਮੰਗਲਵਾਰ ਨੂੰ ਰਾਜਸਥਾਨ ਦੀ ਯਾਤਰਾ ਉਤੇ ਸਨ। ਇਹ ਘਟਨਾ ਉਦੋਂ ਵਾਪਰੀ ਹੈ ਜਦੋਂ ਕਸ਼ਮੀਰ ਸਾਲਾਂ ਤੋਂ ਅਤਿਵਾਦ ਦੀ ਮਾਰ ਝੱਲਣ ਤੋਂ ਬਾਅਦ ਸੈਲਾਨੀਆਂ ਦੀ ਆਮਦ ਵਿੱਚ ਵਾਧਾ ਦੇਖ ਰਿਹਾ ਹੈ। ਇਸ ਤੋਂ ਇਲਾਵਾ, 38 ਦਿਨਾਂ ਦੀ ਅਮਰਨਾਥ ਯਾਤਰਾ ਵੀ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਹੈ। ਦੇਸ਼ ਭਰ ਤੋਂ ਲੱਖਾਂ ਸ਼ਰਧਾਲੂ ਦੋ ਰੂਟਾਂ - ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਰਵਾਇਤੀ 48 ਕਿਲੋਮੀਟਰ ਪਹਿਲਗਾਮ ਰਸਤਾ ਅਤੇ ਗੰਦਰਬਲ ਜ਼ਿਲ੍ਹੇ ਵਿੱਚ ਛੋਟਾ 14 ਕਿਲੋਮੀਟਰ ਦਾ ਪਰ ਖੜ੍ਹਵਾਂ ਬਾਲਟਾਲ ਰਸਤਾ, ਰਾਹੀਂ ਗੁਫਾ ਤੀਰਥ ਸਥਾਨ ਦੀ ਯਾਤਰਾ ਕਰਦੇ ਹਨ।
ਵਿਰੋਧ ਪ੍ਰਦਰਸ਼ਨਾਂ ਦੇ ਸੱਦੇ ਨੂੰ ਲੈ ਕੇ ਜੰਮੂ ਵਿਚ ਸੁਰੱਖਿਆ ਵਧਾਈ
ਹਮਲੇ ਦੇ ਵਿਰੋਧ ਵਿਚ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਵਿਰੋਧ ਪ੍ਰਦਰਸ਼ਨਾਂ ਦੇ ਸੱਦੇ ਦੇ ਮੱਦੇਨਜ਼ਰ ਜੰਮੂ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਤੇ ਕਈ ਸੱਜੇ-ਪੱਖੀ ਸਮੂਹਾਂ ਨੇ ਜੰਮੂ ਸ਼ਹਿਰ ਤੇ ਹੋਰ ਕਈ ਥਾਵਾਂ ’ਤੇ ਵੱਡੇ ਰੋਸ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਤੇ ਆਈਜੀਪੀ ਜੰਮੂ ਭੀਮ ਸੇਨ ਟੂਟੀ ਦੀ ਸਾਂਝੀ ਅਗਵਾਈ ਵਿਚ ਉੱਚ ਪੱਧਰੀ ਸੁਰੱਖਿਆ ਬੈਠਕ ਹੋਈ, ਜਿਸ ਵਿਚ ਹਾਲਾਤ ਨਾਲ ਸਿੱਝਣ ਬਾਰੇ ਰਣਨੀਤੀ ਘੜੀ ਗਈ। ਅਧਿਕਾਰੀਆਂ ਨੇ ਕਿਹਾ ਕਿ ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ਇਹਤਿਆਤ ਵਜੋਂ ਸੰਵੇਦਨਸ਼ੀਲ ਇਲਾਕਿਆਂ ਵਿਚ ਵਾਧੂ ਪੁਲੀਸ ਤੇ ਨੀਮ ਫੌਜੀ ਬਲ ਤਾਇਨਾਤ ਕੀਤੇ ਗਏ ਹਨ। ਕਾਂਗਰਸ ਨੇ ਆਪਣੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਜੰਮੂ ਸ਼ਹਿਰੀ ਤੇ ਗ੍ਰਾਮੀਣ ਬਲਾਕਾਂ ਤੇ ਮੂਹਰਲੇ ਵਿੰਗਾਂ ਨੂੰ ਪਾਰਟੀ ਹੈੱਡਕੁਆਰਟਰ ’ਤੇ ਇਕੱਠੇ ਹੋਣ ਲਈ ਕਿਹਾ ਹੈ। -ਪੀਟੀਆਈ