ਸਹਿਕਾਰੀ ਸਭਾ ਦੇ ਪ੍ਰਧਾਨ ਤੇ ਕਮੇਟੀ ਮੈਂਬਰ ਖ਼ਿਲਾਫ ਕੇਸ ਦਰਜ
ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 6 ਜੂਨ
ਸਹਿਕਾਰੀ ਸੁਸਾਇਟੀ ਪਿੰਡ ਹੱਲੋਤਾਲੀ ਦੇ ਕਾਰਵਾਈ ਰਜਿਸਟਰ ‘ਤੇ ਲਾਈਨਾਂ ਮਾਰ ਕੇ ਮਤੇ ਨੂੰ ਖ਼ਰਾਬ ਕਰਨ ਦੇ ਦੋਸ਼ ਹੇਠ ਪੁਲੀਸ ਵੱਲੋਂ ਸਹਿਕਾਰੀ ਸਭਾ ਦੇ ਪ੍ਰਧਾਨ ਤੇ ਕਮੇਟੀ ਮੈਂਬਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਲਗਪਗ ਇੱਕ ਸਾਲ ਪੁਰਾਣਾ ਹੈ। ਸਹਿਕਾਰੀ ਸੁਸਾਇਟੀ ਪਿੰਡ ਹੱਲੋਤਾਲੀ ਦੇ ਸੇਲਮਜ਼ਮੈਨ, ਪ੍ਰਧਾਨ ਅਤੇ ਕਮੇਟੀ ਮੈਂਬਰ ਦਰਮਿਆਨ ਝਗੜੇ ਦੇ ਮਾਮਲੇ ਵਿੱਚ ਮੂਲੇਪੁਰ ਪੁਲੀਸ ਵੱਲੋਂ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਕਮੇਟੀ ਮੈਂਬਰ ਅਵਤਾਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿੱਚ ਜਸਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਸੀ ਕਿ ਉਹ ਸਹਿਕਾਰੀ ਸੁਸਾਇਟੀ ਹੱਲੋਤਾਲੀ ਵਿੱਚ ਨੌਕਰੀ ਕਰਦਾ ਹੈ ਤੇ ਸੁਸਾਇਟੀ ‘ਚ ਕੋਈ ਸੈਕਟਰੀ ਨਾ ਹੋਣ ਕਾਰਨ ਸੈਕਟਰੀ ਦਾ ਕੰਮ ਵੀ ਉਹੀ ਦੇਖਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਿਤੀ 7 ਮਈ 2022 ਨੂੰ ਜਦੋਂ ਉਹ ਸੁਸਾਇਟੀ ਵਿੱਚ ਕੰਮਕਾਰ ਕਰ ਰਿਹਾ ਸੀ ਤਾਂ ਉੱਥੇ ਪਹੁੰਚੇ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਨੇ ਕਮੇਟੀ ਮੈਂਬਰ ਅਵਤਾਰ ਸਿੰਘ ਦੇ ਉਕਸਾਉਣ ‘ਤੇ ਉਸ ਤੋਂ ਸੁਸਾਇਟੀ ਦਾ ਰਜਿਸਟਰ ਖੋਹ ਲਿਆ ਤੇ ਰਜਿਸਟਰ ਵਿੱਚ ਪਾਏ ਮਤੇ ਉੱਤੇ ਲਾਈਨਾਂ ਮਾਰ ਦਿੱਤੀਆਂ। ਇਸ ਸ਼ਿਕਾਇਤ ਦੀ ਪੜਤਾਲ ਐੱਸਪੀ ਪੱਧਰ ਦੇ ਅਧਿਕਾਰੀ ਵੱਲੋਂ ਕੀਤੀ ਗਈ। ਇਸ ਪੜਤਾਲੀਆ ਰਿਪੋਰਟ ਦੇ ਆਧਾਰ ‘ਤੇ ਥਾਣਾ ਮੂਲੇਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਥਾਣਾ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।