‘ਆਪ’ ਸਰਕਾਰ ਨੇ ਖ਼ਜ਼ਾਨਾ ਲੁਟਾਇਆ: ਸੁਖਬੀਰ
ਪੱਤਰ ਪ੍ਰੇਰਕ
ਪਟਿਆਲਾ, 9 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਦੀ ਸਰਕਾਰ ਮੁਲਕ ਵਿੱਚ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਸੂਬੇ ਦੇ ਖ਼ਜ਼ਾਨੇ ਨੂੰ ਲੁਟਾਇਆ ਜਾ ਰਿਹਾ ਹੈ। ਉਨ੍ਹਾਂ ਇੱਥੇ ਅਕਾਲੀ ਆਗੂੁ ਲਖਬੀਰ ਸਿੰਘ ਲੋਟ ਦੀ ਧੀ ਹਰਸਿਮਰਨਜੀਤ ਕੌਰ ਦੀ ਅੰਤਿਮ ਅਰਦਾਸ ਵਿੱਚ ਸ਼ਿਰਕਤ ਕਰਨ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਬਾਹਰੀ ਸੂੁਬਿਆਂ ਵਿੱਚ ਜਾਣ ਲਈ ਟਰਾਂਸਪੋਰਟ ਦਾ ਖ਼ਰਚਾ ਪੰਜਾਬ ਸਰਕਾਰ ਦੇ ਸਿਰ ‘ਤੇ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਨਾਲ ਭਗਵੰਤ ਮਾਨ ਦੀ ਪਾਰਟੀ ਮਜ਼ਬੂਤ ਹੋ ਜਾਵੇਗੀ ਪਰ ਪੰਜਾਬ ਹੋਰ ਕਰਜ਼ਈ ਹੋ ਜਾਵੇਗਾ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਕਿਸਾਨਾਂ ਤੋਂ ਲੈ ਕੇ ਮੁਲਾਜ਼ਮ ਵਰਗ ਸਮੇਤ ਹਰ ਵਰਗ ਸੜਕਾਂ ‘ਤੇ ਬੈਠਾ ਹੈ, ਪਰ ਭਗਵੰਤ ਮਾਨ ਕੋਲ ਪੰਜਾਬੀਆਂ ਲਈ ਸਮਾਂ ਨਹੀਂ ਹੈ।
ਉਨ੍ਹਾਂ ਕਿਹਾ ਮੁੱਖ ਮੰਤਰੀ ਆਪਣੇ ਸਿਆਸੀ ਆਕਾ ਨੂੰ ਖ਼ੁਸ਼ ਕਰਨ ਲਈ ਪੰਜਾਬ ਦੇ ਲੋਕਾਂ ਦੀ ਕਮਾਈ ਲੁਟਾ ਰਹੇ ਹਨ ਅਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਮਸ਼ਰੂਫ ਹਨ। ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਚਾਹੁਣ ਤਾਂ ਪੰਜਾਬ ਵਿੱਚ ਵੀ ਸਭ ਠੀਕ ਹੋ ਸਕਦਾ ਪਰ ਉਨ੍ਹਾਂ ਦੀ ਪੰਜਾਬ ਲਈ ਕੰਮ ਕਰਨ ਦੀ ਕੋਈ ਇੱਛਾ ਨਹੀਂ ਹੈ। ਇਸ ਕਰਕੇ ਪੰਜਾਬ ਅੱਜ ਲਾਵਾਰਿਸ ਹੋ ਗਿਆ ਹੈ ਤੇ ਪੰਜਾਬ ਦੇ ਲੋਕ ‘ਆਪ’ ਵੱਲੋਂ ਲਿਆਂਦੇ ਗਏ ਬਦਲਾਅ ਨੂੰ ਦੇਖ ਕੇ ਪਛਤਾ ਰਹੇ ਹਨ। ਇਸ ਮਗਰੋਂ ਸੁਖਬੀਰ ਬਾਦਲ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਚਲੇ ਗਏ।