16 ਸਾਲਾ ਲੜਕੇ ਦੀ ਚਾਕੂ ਮਾਰ ਕੇ ਹੱਤਿਆ; 3 ਨਾਬਾਲਗ ਕਾਬੂ
ਨਵੀਂ ਦਿੱਲੀ, 26 ਮਾਰਚ
ਉੱਤਰੀ ਦਿੱਲੀ ਦੇ ਵਜ਼ੀਰਾਬਾਦ ਖੇਤਰ ਵਿਚ 10 ਲੱਖ ਰੁਪਏ ਦੀ ਫਿਰੌਤੀ ਲਈ ਇਕ 16 ਸਾਲਾ ਲੜਕੇ ਨੂੰ ਅਗਵਾ ਕਰਕੇ ਮਾਰ ਦਿੱਤਾ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਤਲ ਦੇ ਸਬੰਧ ਵਿੱਚ ਤਿੰਨ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 9ਵੀਂ ਜਮਾਤ ਦੇ ਵਿਦਿਆਰਥੀ ਨੂੰ ਭਲਸਵਾ ਝੀਲ ਦੇ ਨੇੜੇ ਇਕ ਸੁੰਨਸਾਨ ਇਲਾਕੇ ਵਿੱਚ ਲਿਜਾਇਆ ਗਿਆ ਸੀ, ਜਿਥੇ ਉਸਨੂੰ ਕਈ ਵਾਰ ਚਾਕੂ ਮਾਰਿਆ ਗਿਆ ਸੀ। ਅਧਿਕਾਰੀ ਨੇ ਕਿਹਾ ਕਿ, "ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ 10 ਲੱਖ ਰੁਪਏ ਦੀ ਫਿਰੌਤੀ ਬਾਰੇ ਇੱਕ ਫੋਨ ਆਇਆ ਸੀ। ਬਾਅਦ ਵਿੱਚ ਉਨ੍ਹਾਂ ਨੇ ਉਸਦੀ ਲਾਸ਼ ਲੱਭੀ।’’
ਇਸ ਸਬੰਧੀ ਸੋਮਵਾਰ ਨੂੰ ਸਥਾਨਕ ਪੁਲੀਸ ਸਟੇਸ਼ਨ ਵਿਚ ਐਤਵਾਰ ਤੋਂ ਲਾਪਤਾ ਇਕ ਲੜਕੇ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਲਾਪਤਾ/ਅਗਵਾ ਕੀਤਾ ਗਿਆ ਲੜਕਾ ਆਖਰੀ ਵਾਰ ਝੜੋਦਾ ਪੁਸ਼ਤ ਰੋਡ ’ਤੇ ਇਕ ਮੋਟਰਸਾਈਕਲ ’ਤੇ ਤਿੰਨ ਲੜਕਿਆਂ, ਜਿਨ੍ਹਾਂ ਵਿੱਚੋਂ ਦੋ 16 ਅਤੇ 17 ਸਾਲ ਦੇ ਸਨ, ਨਾਲ ਦੇਖਿਆ ਗਿਆ ਸੀ।’’ ਇਲਾਕੇ ਦੇ ਸੀਸੀਟੀਵੀ ਫੁਟੇਜ ਰਾਹੀਂ ਇਸ ਘਟਨਾ ਦੀ ਪੁਸ਼ਟੀ ਹੋਈ। ਪੁਲੀਸ ਨੇ ਤਿੰਨਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਨ੍ਹਾਂ ਨੇ 10 ਲੱਖ ਦੀ ਫਿਰੌਤੀ ਲਈ ਲੜਕੇ ਨੂੰ ਅਗਵਾ ਕੀਤਾ ਸੀ।
ਘੁੰਮਣ ਦਾ ਕਹਿ ਕੇ ਨਾਲ ਲੈ ਗਏ
ਕਾਬੂ ਕੀਤੇ ਲੜਕਿਆਂ ਨੇ ਦੱਸਿਆ ਕਿ ਐਤਵਾਰ ਨੂੰ ਉਹ ਉਸਨੂੰ (ਮ੍ਰਿਤਕ ਲੜਕੇ) ਘੁੰਮਣ ਲਈ ਮੋਟਰਸਾਈਕਲ ’ਤੇ ਆਪਣੇ ਨਾਲ ਲੈ ਗਏ ਅਤੇ ਭਾਲਸਵਾ ਝੀਲ ਦੇ ਨੇੜੇ ਇਕ ਜੰਗਲੀ ਖੇਤਰ ਵਿੱਚ ਲਿਜਾ ਕੇ ਚਾਕੂ ਮਾਰਿਆ ਅਤੇ ਉਸ ਨੂੰ ਮਾਰ ਦਿੱਤਾ। ਅਗਲੇ ਦਿਨ ਉਨ੍ਹਾਂ ਨੇ ਲੜਕੇ ਦੇ ਸਿਮ ਦੀ ਵਰਤੋਂ ਕਰਕੇ ਉਸਦੇ ਪਿਤਾ, ਜੋ ਕਿ ਪੇਸ਼ੇ ਤੋਂ ਡਰਾਈਵਰ ਸੀ, ਨੂੰ ਫ਼ੋਨ ਕੀਤਾ ਅਤੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਅਧਿਕਾਰੀ ਨੇ ਦੱਸਿਆ, "ਪੀੜਤ ਦੀ ਲਾਸ਼ ਪੁਲੀਸ ਟੀਮ ਨੂੰ ਫੜੇ ਗਏ ਨਾਬਾਲਗਾਂ ਦੇ ਦੱਸਣ ’ਤੇ ਮਿਲੀ।" ਪੁਲੀਸ ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਨੇ ਲੜਕੇ ਦੇ ਸਰੀਰ ਨੂੰ ਟੁਕੜਿਆਂ ਵਿੱਚ ਕੱਟਣ ਦੀ ਵੀ ਕੋਸ਼ਿਸ਼ ਕੀਤੀ ਸੀ।-ਪੀਟੀਆਈ