ਦਿੱਲੀ ’ਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰਪਤੀ ਭਵਨ ਦਾ ਦੌਰਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਮਾਰਚ
ਸੈਂਟਰ ਫਾਰ ਇੰਡੀਪੈਂਡੈਂਸ ਐਂਡ ਪਾਰਟੀਸ਼ਨ ਸਟੱਡੀਜ਼, ਦਿੱਲੀ ਯੂਨੀਵਰਸਿਟੀ ਨੇ ਵਿਦਿਆਰਥੀ ਭਲਾਈ ਦੇ ਡੀਨ ਦੇ ਦਫ਼ਤਰ ਦੇ ਸਹਿਯੋਗ ਨਾਲ ਰਾਸ਼ਟਰਪਤੀ ਭਵਨ ਅਤੇ ਰਾਸ਼ਟਰਪਤੀ ਭਵਨ ਅਜਾਇਬਘਰ ਦਾ ਵਿਦਿਆਰਥੀਆਂ ਨੂੰ ਦੌਰਾ ਕਰਵਾਇਆ। ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਰਵਿੰਦਰ ਰਵੀ, ਡਾਇਰੈਕਟਰ, ਸੀਆਈਪੀਐੱਸ ਅਤੇ ਪ੍ਰੋ. ਰੰਜਨ ਕੁਮਾਰ ਤ੍ਰਿਪਾਠੀ ਦੀ ਟੀਮ ਵਿੱਚ ਪ੍ਰੋਫੈਸਰ ਜੋਤੀ ਤ੍ਰੇਹਨ ਸ਼ਰਮਾ, ਸੰਯੁਕਤ ਨਿਰਦੇਸ਼ਕ, ਸੀਆਈਪੀਐੱਸ, ਪ੍ਰੋ. ਸੰਗੀਤਾ ਗਦਰੇ, ਜੁਆਇੰਟ ਡੀਨ, ਡੀਐੱਸਡਬਲਿਊ, ਪ੍ਰੋਫੈਸਰ ਹੇਨਾ ਸਿੰਘ, ਜੁਆਇੰਟ ਡੀਨ, ਡੀਐਸਡਬਲਿਊ ਤੇ ਡਾ. ਹੇਮੰਤ ਵਰਮਾ, ਸੰਯੁਕਤ ਡੀਨ, ਕਲਚਰਲ ਕੌਂਸਲ ਅਤੇ ਦਿੱਲੀ ਯੂਨੀਵਰਸਿਟੀ ਦੇ 28 ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੇ ਇਸ ਵਿੱਚ ਸ਼ਿਰਕਤ ਕੀਤੀ। ਸ੍ਰੀ ਅਨੂਪ ਲਾਥਰ ਨੇ ਦਿੱਲੀ ਯੂਨੀਵਰਸਿਟੀ ਵੱਲੋਂ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਇੱਕ ਯਾਦਗਾਰੀ ਚਿੰਨ੍ਹ ਭੇਟ ਕੀਤਾ। ਪ੍ਰੋ. ਰਵਿੰਦਰ ਕੁਮਾਰ ਨੇ ਰਾਸ਼ਟਰਪਤੀ ਭਵਨ ਦੀ ਫੇਰੀ ਦੇ ਉਦੇਸ਼ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਦੇ ਸਸ਼ਕਤੀਕਰਨ ਦੀ ਪਹਿਲਕਦਮੀ ਦੇ ਤੌਰ ‘ਤੇ ਅਨਾਥ ਸ਼੍ਰੇਣੀ ਦੀ ਸ਼ੁਰੂਆਤ ਤੋਂ ਇਲਾਵਾ ਹੋਰ ਪਹਿਲਕਦਮੀਆਂ ‘ਤੇ ਚਾਨਣਾ ਪਾਇਆ। ਰਾਸ਼ਟਰਪਤੀ ਨੇ ਦਿੱਲੀ ਯੂਨੀਵਰਸਿਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਵਿਦਿਆਰਥੀਆਂ ਨੂੰ ਦਿੱਲੀ ਯੂਨੀਵਰਸਿਟੀ ਦੇ ਆਪਣੇ ਤਜਰਬੇ ਸਾਂਝੇ ਕਰਨ ਲਈ ਪ੍ਰੇਰਿਤ ਕੀਤਾ। ਗੱਲਬਾਤ ਦੀ ਸਮਾਪਤੀ ਸਮੂਹ ਫੋਟੋ ਤੋਂ ਬਾਅਦ ਰਾਸ਼ਟਰਪਤੀ ਭਵਨ ਵੱਲੋਂ ਕੀਤੀ ਗਈ ਚਾਹ ਪਾਰਟੀ ਨਾਲ ਹੋਈ। ਟੀਮ ਨੂੰ ਰਾਸ਼ਟਰਪਤੀ ਭਵਨ ਦੀ ਸ਼ਾਨ ਨੂੰ ਦੇਖਣ ਲਈ ਇੱਕ ਗਾਈਡ ਟੂਰ ਦਿੱਤਾ ਗਿਆ। ਇਸ ਤੋਂ ਬਾਅਦ ਟੀਮ ਨੂੰ ਰਾਸ਼ਟਰਪਤੀ ਭਵਨ ਦੇ ਮਿਊਜ਼ੀਅਮ ਦਾ ਦੌਰਾ ਕਰਨ ਦਾ ਮੌਕਾ ਵੀ ਮਿਲਿਆ। ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਨੇ ਬਹੁਤ ਹੀ ਨਿਮਰਤਾ ਅਤੇ ਲਗਨ ਨਾਲ ਦਿੱਲੀ ਯੂਨੀਵਰਸਿਟੀ ਦੀ ਪੂਰੀ ਟੀਮ ਦੀ ਮੇਜ਼ਬਾਨੀ ਕੀਤੀ। ਇਸ ਦੌਰੇ ਦਾ ਵਿਜ਼ਨ ਪ੍ਰੋ. ਪ੍ਰਕਾਸ਼ ਸਿੰਘ, ਡਾਇਰੈਕਟਰ ਸਾਊਥ ਕੈਂਪਸ ਵੱਲੋਂ ਤਿਆਰ ਕੀਤਾ ਗਿਆ ਸੀ।