ਹਾਰਡਵੇਅਰ ਸਟੋਰ ’ਚ ਅੱਗ ਲੱਗਣ ਕਾਰਨ ਸਾਮਾਨ ਸੁਆਹ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 8 ਅਪਰੈਲ
ਦਿੜ੍ਹਬਾ ਵਿੱਚ ਹਾਰਡਵੇਅਰ ਦੇ ਸਟੋਰ ’ਚ ਅੱਗ ਲੱਗਣ ਕਾਰਨ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਸਟੋਰ ਅੰਦਰ ਪਿਆ ਸਾਮਾਨ ਸੜ ਗਿਆ ਅਤੇ ਅੱਗ ’ਤੇ ਮੁਸ਼ਕੱਤ ਨਾਲ ਕਾਬੂ ਪਾਇਆ ਗਿਆ। ਜਾਣਕਾਰੀ ਅਨੁਸਾਰ ਸੰਜੀਵ ਹਾਰਡਵੇਅਰ ਦੇ ਸਟੋਰ ਵਿੱਚ ਅਚਾਨਕ ਅੱਗ ਦੀਆਂ ਲਪਟਾ ਨਿਕਲਦੀਆਂ ਵੇਖ ਕੇ ਸ਼ਹਿਰ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਅੱਗ ਬੁਝਾਉਣ ਦਾ ਯਤਨ ਕਰਨ ਲੱਗੇ ਪਰ ਅੱਗ ’ਤੇ ਕਾਬੂ ਪੈਂਦਾ ਨਾ ਦੇਖ ਕੇ ਪੁਲੀਸ ਪ੍ਰਸ਼ਾਸਨ ਦੇ ਮੌਕੇ ’ਤੇ ਪੁੱਜਣ ਤੋਂ ਬਾਅਦ ਅੱਗ ਬੁਝਾਉਣ ਲਈ ਸੰਗਰੂਰ ਅਤੇ ਸੁਨਾਮ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਤੇ ਲੋਕਾਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਸਟੋਰ ਦੇ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਿਆ ਪਰ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ। ਉਧਰ ਨਗਰ ਪੰਚਾਇਤ ਦਿੜ੍ਹਬਾ ਦੇ ਸਾਬਕਾ ਪ੍ਰਧਾਨ ਬਿੱਟੂ ਖਾਨ ਨੇ ਦੱਸਿਆ ਕਿ ਦਿੜ੍ਹਬਾ ਵਿੱਚ ਫਾਇਰ ਬ੍ਰਿਗੇਡ ਦੀ ਵੱਡੀ ਘਾਟ ਹੈ ਕਿਉਂਕਿ ਜਦੋਂ ਵੀ ਕਿਤੇ ਅੱਗ ਲੱਗਦੀ ਹੈ ਤਾਂ ਅੱਗ ਬੁਝਾਉਣ ਲਈ ਸੰਗਰੂਰ ਜਾਂ ਸੁਨਾਮ ਤੋਂ ਫਾਇਰ ਬ੍ਰਿਗੇਡ ਮਗਵਾਉਣੀ ਪੈਂਦੀ ਹੈ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਆਉਂਦੀ ਹੈ ਉਦੋਂ ਤੱਕ ਕਾਫੀ ਨੁਕਸਾਨ ਹੋ ਜਾਂਦਾ ਹੈ। ਬਿੱਟੂ ਖਾਨ ਅਤੇ ਸ਼ਹਿਰ ਵਾਸੀਆਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਿੜ੍ਹਬਾ ਮੰਡੀ ਵਿੱਚ ਤੁਰੰਤ ਫਾਇਰ ਬ੍ਰਿਗੇਡ ਦਿੱਤੀ ਜਾਵੇ।
ਕਬਾੜ ਦੀ ਦੁਕਾਨ ’ਚ ਅੱਗ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੇ ਬਲਿਆਲ ਰੋਡ ’ਤੇ ਕਬਾੜ ਦੀ ਦੁਕਾਨ ’ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਦੇ ਮਾਲਕ ਦੇਸ਼ ਰਾਜ ਵਾਸੀ ਗਾਂਧੀ ਨਗਰ ਦੇ ਪੁੱਤਰ ਗਗਨਦੀਪ ਨੇ ਦੱਸਿਆ ਕਿ ਜਦੋਂ ਉਸ ਦਾ ਪਿਤਾ ਰੋਟੀ ਖਾਣ ਲਈ ਆਪਣੀ ਦੁਕਾਨ ਨੂੰ ਬੰਦ ਕਰਕੇ ਘਰ ਆਇਆ ਤਾਂ ਉਨ੍ਹਾਂ ਦੀ ਦੁਕਾਨ ਦੀ ਖੁੱਲ੍ਹੀ ਚਾਰਦੀਵਾਰੀ ’ਚ ਪਏ ਕਬਾੜ ਦੇ ਸਾਮਾਨ ਨੂੰ ਅਚਾਨਕ ਅੱਗ ਲੱਗ ਗਈ। ਨੇੜਲੇ ਦੁਕਾਨਦਾਰਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਦੁਕਾਨਦਾਰ ਨੂੰ ਦਿੱਤੀ ਤੇ ਨਾਲ ਹੀ ਇਸ ਸਬੰਧੀ ਪੁਲੀਸ ਨੂੰ ਵੀ ਸੂਚਿਤ ਕੀਤਾ। ਇਸੇ ਦੌਰਾਨ ਰੌਲਾ ਪੈਣ ’ਤੇ ਇਕੱਠੇ ਹੋਏ ਲੋਕਾਂ ਨੇ ਕਾਫ਼ੀ ਜਦੋ ਜਹਿਦ ਕਰਕੇ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਵੀ ਅੱਗ ਉਪਰ ਕਾਬੂ ਪਾਇਆ ਗਿਆ। ਦੁਕਾਨਦਾਰ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਲਗਪਗ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਕ ਮੌਕੇ ਪੁਲੀਸ ਪਾਰਟੀ ਵੱਲੋਂ ਵੀ ਘਟਨਾ ਦਾ ਜਾਇਜ਼ਾ ਲਿਆ ਗਿਆ।