ਹਸਪਤਾਲ ’ਚ ਦੋ ਧਿਰਾਂ ਵਿਚਾਲੇ ਝੜਪ, ਛੇ ਜ਼ਖ਼ਮੀ
ਹਰਜੀਤ ਸਿੰਘ
ਡੇਰਾਬੱਸੀ, 12 ਅਪਰੈਲ
ਇੱਥੋਂ ਦੇ ਸਿਵਲ ਹਸਪਤਾਲ ਵਿੱਚ ਲੰਘੀ ਰਾਤ ਦੋ ਧਿਰਾਂ ਵਿਚਕਾਰ ਝੜਪ ਦੌਰਾਨ ਦੋਵਾਂ ਧਿਰਾਂ ਦੇ ਛੇ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਪਿੰਡ ਮੁਕੰਦਪੁਰ ਦੀ ਸਰਪੰਚ ਸੁਮਨ ਦੇਵੀ ਦਾ ਪਤੀ ਮਿੰਟਾ ਗੁੱਜਰ ਅਤੇ ਉਸ ਦੇ ਸਾਥੀ ਸ਼ਾਮਲ ਹਨ। ਐੱਸਐੱਸਪੀ ਮੁਹਾਲੀ ਡਾ. ਦੀਪਕ ਪਾਰਿਕ, ਐੱਸਪੀ ਦਿਹਾਤੀ ਮਨਪ੍ਰੀਤ ਸਿੰਘ ਤੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਮੌਕੇ ਦਾ ਜਾਇਜ਼ਾ ਲਿਆ ਹੈ। ਪਿੰਡ ਮੁਕੰਦਪੁਰ ਵਿੱਚ ਕਾਂਗਰਸ ਦੇ ਆਗੂ ਹਨੀ ਪੰਡਤ ਤੇ ‘ਆਪ’ ਆਗੂ ਤੇ ਸਰਪੰਚ ਸੁਮਨ ਦੇਵੀ ਦੇ ਪਤੀ ਮਿੰਟਾ ਗੁੱਜਰ ਵਿਚਕਾਰ ਲੰਮੇ ਸਮੇਂ ਤੋਂ ਤਕਰਾਰ ਚੱਲ ਰਹੀ ਹੈ। ਲੰਘੇ ਦਿਨੀਂ ਹਨੀ ਪੰਡਤ ਵੱਲੋਂ ਪਿੰਡ ਵਿੱਚ ਟੂਰਨਾਮੈਂਟ ਕਰਵਾਇਆ ਕਰਵਾਉਣ ਕਾਰਨ ਤਕਰਾਰ ਹੋਰ ਵਧ ਗਈ। ਹਨੀ ਪੰਡਤ ਵੱਲੋਂ ਕਈ ਦਿਨਾਂ ਤੋਂ ਦੋਸ਼ ਲਾਇਆ ਜਾ ਰਿਹਾ ਸੀ ਕਿ ਸੱਤਾਧਾਰੀ ਧਿਰ ਤੇ ਹੋਰ ਪਿੰਡ ਵਿੱਚ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਇਸ ਨੂੰ ਲੈ ਕੇ ਕਾਂਗਰਸੀ ਆਗੂ ਉਦੈਵੀਰ ਸਿੰਘ ਢਿੱਲੋਂ ਵੱਲੋਂ ਪਿੰਡ ਵਿੱਚ ਪ੍ਰਦਰਸ਼ਨ ਕਰਦੇ ਹੋਏ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਸੀ। ਸ੍ਰੀ ਢਿੱਲੋਂ ਦੇ ਜਾਣ ਮਗਰੋਂ ਦਿਨੇ ਦੋਵਾਂ ਧਿਰਾਂ ’ਚ ਹੋਏ ਝਗੜੇ ਦੌਰਾਨ ਚਾਰ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸੇ ਨੂੰ ਲੈ ਕੇ ਦੋਵਾਂ ਧਿਰਾਂ ਦੇਰ ਰਾਤ ਹਸਪਤਾਲ ’ਚ ਭਿੜ ਗਈਆਂ। ਇਸ ਦੌਰਾਨ ਹਸਪਤਾਲ ਵਿੱਚ ਭੰਨ-ਤੋੜ ਵੀ ਕੀਤੀ ਗਈ। ਇਸ ਦੌਰਾਨ ਮਿੰਟਾ ਗੁੱਜਰ ਜ਼ਖ਼ਮੀ ਹੋ ਗਿਆ, ਜੋ ਜ਼ੇਰੇ ਇਲਾਜ ਹੈ। ਡੀਐੱਸਪੀ ਬਰਾੜ ਨੇ ਕਿਹਾ ਕਿ ਡਿਊਟੀ ’ਤੇ ਤਾਇਨਾਤ ਡਾਕਟਰ ਦੇ ਬਿਆਨ ’ਤੇ ਦੋਵਾਂ ਧਿਰਾਂ ’ਤੇ ਕੇਸ ਦਰਜ ਕਰ ਕੇ ਕੁਝ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦਿਨ ਵੇਲੇ ਹੋਈ ਝੜਪ ਦੌਰਾਨ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਸਿਵਲ ਹਸਪਤਾਲ ਦੇ ਬਾਹਰ ਪੁਲੀਸ ਤਾਇਨਾਤ ਕੀਤੀ ਸੀ, ਪਰ ਝਗੜੇ ਵੇਲੇ ਪੁਲੀਸ ਗਾਇਬ ਸੀ। ਕਾਂਗਰਸ ਦੇ ਆਗੂ ਹਨੀ ਪੰਡਤ ਨੇ ਕਿਹਾ ਕਿ ਸੱਤਾਧਾਰੀ ਧਿਰ ਵੱਲੋਂ ਪਹਿਲਾਂ ਪਿੰਡ ਅਤੇ ਮਗਰੋਂ ਸਿਵਲ ਹਸਪਤਾਲ ਵਿੱਚ ਹਮਲਾ ਕੀਤਾ ਗਿਆ। ਉੱਧਰ, ਦੂਜੀ ਧਿਰ ਨੇ ਦੋਸ਼ ਲਾਇਆ ਕਿ ਕੁੱਟਮਾਰ ਕਾਂਗਰਸੀ ਧਿਰ ਵੱਲੋਂ ਕੀਤੀ ਗਈ ਹੈ।
ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਮੁਕਾਬਲੇ ’ਚ ਜ਼ਖ਼ਮੀ
ਲਾਲੜੂ (ਸਰਬਜੀਤ ਸਿੰਘ ਭੱਟੀ): ਪੁਲੀਸ ਨੇ ਲਾਲੜੂ ਨੇੜੇ ਮੁਕਾਬਲੇ ਮਗਰੋਂ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਕਾਬੂ ਕਰ ਲਿਆ ਹੈ, ਜੋ ਡੇਰਾਬੱਸੀ ਇਮੀਗ੍ਰੇਸ਼ਨ ਸੈਂਟਰ ਤੋਂ ਫਿਰੌਤੀ ਮੰਗਣ ਦੇ ਮਾਮਲੇ ’ਚ ਲੋੜੀਂਦੇ ਸਨ। ਮੁਕਾਬਲੇ ’ਚ ਦੋਵੇਂ ਗੈਂਗਸਟਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੋਵਾਂ ਦੀ ਪਛਾਣ ਰਵੀ ਨਰਾਇਣਗੜ੍ਹੀਆ ਅਤੇ ਦੀਪਕ ਕੁਮਾਰ ਵਜੋਂ ਹੋਈ ਹੈ। ਐੱਸਪੀ ਦਿਹਾਤੀ ਮੁਹਾਲੀ ਮਨਪ੍ਰੀਤ ਸਿੰਘ ਅਤੇ ਡੀਐੱਸਪੀ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ 8 ਅਪਰੈਲ ਨੂੰ ਡੇਰਾੱਬਸੀ ਕਾਲਜ ਰੋਡ ’ਤੇ ਸਥਿਤ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੋਂ 50 ਲੱਖ ਰੁਪਏ ਫਿਰੌਤੀ ਮੰਗੀ ਗਈ ਸੀ ਤੇ ਫਿਰੌਤੀ ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਮਾਮਲਾ ਧਿਆਨ ’ਚ ਆਉਣ ਮਗਰੋਂ ਪੁਲੀਸ ਰਵੀ ਨਰਾਇਣਗੜ੍ਹੀਆ ਤੇ ਦੀਪਕ ਕੁਮਾਰ ਦੇ ਪਿੱਛੇ ਲੱਗੀ ਹੋਈ ਸੀ। ਅੱਜ ਲਾਲੜੂ ਨੇੜੇ ਐੱਸਐੱਚਓ ਲਾਲੜੂ ਆਕਾਸ਼ ਸ਼ਰਮਾ ਅਤੇ ਐੱਸਐੱਚਓ ਹੰਡੇਸਰਾ ਰਣਬੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਦੋਵਾਂ ਦਾ ਪਿੱਛਾ ਕੀਤਾ, ਜਿਨ੍ਹਾਂ ਨੇ ਰੇਲਵੇ ਲਾਈਨ ਹੇਠਾਂ ਬਣੇ ਅੰਡਰਪਾਥ ਤੋਂ ਅੱਗੇ ਜਾ ਕੇ ਪੁਲੀਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲੀਸ ਦੀ ਜਵਾਬੀ ਕਾਰਵਾਈ ’ਚ ਦੋਵੇਂ ਗੈਂਗਸਟਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਪਿਸਤੌਲ ਤੇ ਪੰਜ ਕਾਰਤੂਸ ਬਰਾਮਦ ਹੋਏ ਹਨ।