ਹਸਪਤਾਲ ’ਚ ਝੜਪ: ਗੁੱਜਰ ਭਾਈਚਾਰੇ ਵੱਲੋਂ ਸੜਕ ਜਾਮ ਕਰ ਕੇ ਧਰਨਾ
ਹਰਜੀਤ ਸਿੰਘ
ਡੇਰਾਬੱਸੀ, 14 ਅਪਰੈਲ
ਸਿਵਲ ਹਸਪਤਾਲ ਵਿੱਚ ਪਿੰਡ ਮੁਕੰਦਪੁਰ ਦੇ ਦੋ ਧੜਿਆਂ ਵਿਚਕਾਰ ਹੋਈ ਝੜਪ ਦੇ ਮਾਮਲੇ ’ਚ ਅੱਜ ਗੁੱਜਰ ਭਾਈਚਾਰੇ ਅਤੇ ਹੋਰਨਾਂ ਪਿੰਡਾਂ ਦੇ ਸਰਪੰਚਾਂ-ਪੰਚਾਂ ਵੱਲੋਂ ਥਾਣੇ ਦੇ ਬਾਹਰ ਸੜਕ ’ਤੇ ਜਾਮ ਕਰ ਕੇ ਧਰਨਾ ਦਿੱਤਾ ਗਿਆ। ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਮੁਜ਼ਾਹਰਾਕਾਰੀਆਂ ਤੋਂ ਮੰਗ ਪੱਤਰ ਲੈ ਕੇ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ। ਮੁਜ਼ਹਰਾਕਾਰੀਆਂ ਨੇ ਮੰਗ ਕੀਤੀ ਕਿ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਦੇ ਲੜਕੇ ਉਦੈਵੀਰ ਸਿੰਘ ਢਿੱਲੋਂ ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲੀਸ ਨੂੰ ਉਦੈਵੀਰ ਦਾ ਨਾਂ ਐੱਫਆਈਆਰ ’ਚ ਸ਼ਾਮਲ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ ਜੇ ਅਜਿਹਾ ਨਹੀਂ ਹੁੰਦਾ ਤਾਂ ਉਹ ਮੁੜ ਤੋਂ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਉਨ੍ਹਾਂ ਦੀਪਇੰਦਰ ਸਿੰਘ ਅਤੇ ਉਦੈਵੀਰ ਦਾ ਪੁਤਲਾ ਵੀ ਸਾੜਿਆ।
ਜਾਣਕਾਰੀ ਅਨੁਸਾਰ ਧਰਨੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਦੀਪ ਚੌਧਰੀ ਮੀਆਂਪੁਰ, ਕੰਵਰਪਾਲ ਖੇੜੀ ਗੁੱਜਰਾਂ, ਜਸਮੇਰ ਸਿੰਘ ਕੁੜਾਵਾਲਾ, ਤਰਸੇਮ ਹਰੀਪੁਰ, ਗੁਰਤੇਜ ਸਿੰਘ ਤੇਜੀ ਖੇੜੀ ਗੁਜਰਾਂ, ਬਲਕਾਰ ਬਿਜਨਪੁਰ, ਮਾਮਰਾਜ ਸਾਬਕਾ ਸਰਪੰਚ ਮੁਕੰਦਪੁਰ, ਸਿਉਂ ਰਾਮ ਮੁਕੰਦਪੁਰ, ਸਰਿੰਦਰ ਸਿੰਘ ਸਰਪੰਚ ਪੁਰਾਗਪੁਰ, ਸੰਜੂ ਖੇੜੀ ਗੁਜਰਾਂ ਸਣੇ ਹੋਰ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਹ ਝਗੜਾ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਤੇ ਉਨ੍ਹਾਂ ਦੇ ਲੜਕੇ ਉਦੈਵੀਰ ਸਿੰਘ ਢਿੱਲੋਂ ਵੱਲੋਂ ਆਪਣੇ ਸਿਆਸਤ ਚਮਕਾਉਣ ਲਈ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਪਿਓ ਪੁੱਤਰ ਇਲਾਕੇ ਵਿੱਚ ਧੜੇਬਾਜ਼ੀ ਪੈਦਾ ਰਹੇ ਹਨ।
ਸਭ ਕੁਝ ਸਿਆਸੀ ਦਬਾਅ ਹੇਠ ਕਰਵਾਇਆ ਜਾ ਰਿਹੈ: ਢਿੱਲੋਂ
ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਿਆਸੀ ਦਬਾਅ ਹੇਠ ਇਹ ਸਭ ਕੁਝ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਾਜਾਇਜ਼ ਖਣਨ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਸੱਤਾਧਾਰੀ ਧਿਰ ਵੱਲੋਂ ਸ਼ਿਕਾਇਤਕਰਤਾ ਧਿਰ ’ਤੇ ਪਹਿਲਾਂ ਪਿੰਡ ਵਿੱਚ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਹਮਲਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੁਲੀਸ ਨੇ ਸੱਤਾਧਾਰੀ ਧਿਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਸਗੋਂ ਮਾਮਲੇ ਨੂੰ ਦਬਾਉਣ ਲਈ ਉਨ੍ਹਾਂ ਦੇ ਲੜਕੇ ਦੇ ਨਾਂਅ ’ਤੇ ਸਿਆਸਤ ਕੀਤੀ ਜਾ ਰਹੀ ਹੈ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਡੀਐੱਸਪੀ
ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇ ਸ੍ਰੀ ਢਿੱਲੋਂ ਜਾਂ ਕੋਈ ਹੋਰ ਵੀ ਦੋਸ਼ੀ ਪਾਇਆ ਗਿਆ ਉਸ ਦਾ ਨਾਂਅ ਸ਼ਾਮਲ ਕੀਤਾ ਜਾਵੇਗਾ।