ਹਰ ਸਾਲ ਕਰਵਾਈ ਜਾਵੇਗੀ ਵਰਲਡ ਭੰਗੜਾ ਲੀਗ: ਪੰਮੀ ਬਾਈ
ਸੁਨਾਮ ਊਧਮ ਸਿੰਘ ਵਾਲਾ, 14 ਅਪਰੈਲ
ਇਸ ਵਰ੍ਹੇ ਤੋਂ ਵਰਲਡ ਭੰਗੜਾ ਲੀਗ ਸ਼ੁਰੂ ਕਰਵਾਉਣ ਲਈ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਭੰਗੜਾ ਖੇਤਰ ਨਾਲ ਜੁੜੇ ਹੋਏ ਕਲਾਕਾਰਾਂ ਤੇ ਸਾਜੀਆਂ ਨੇ ਭਾਗ ਲਿਆ। ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਭੰਗੜੇ ਦੇ ਕੌਮਾਂਤਰੀ ਕਲਾਕਾਰ ਅਤੇ ਗਾਇਕ ਪਰਮਜੀਤ ਸਿੰਘ ਪੰਮੀ ਬਾਈ ਨੇ ਦੱਸਿਆ ਕਿ ਭੰਗੜੇ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਵਾਲੇ ਸੁਨਾਮ ਦੇ ਭੰਗੜਾ ਉਸਤਾਦ ਮਰਹੂਮ ਭਾਨਾ ਰਾਮ, ਮਰਹੂਮ ਮਨੋਹਰ ਦੀਪਕ ਅਤੇ ਮਰਹੂਮ ਅਲਗੋਜਾ ਵਾਦਕ ਮੰਗਲ ਸਿੰਘ ਸੁਨਾਮੀ ਨੂੰ ਸਮਰਪਿਤ ਵਰਲਡ ਭੰਗੜਾ ਲੀਗ ਕਰਵਾਈ ਜਾਵੇਗੀ।
ਨਿਸ਼ਾਨ ਸਿੰਘ ਟੋਨੀ ਨੇ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਇਸ ਵਰਲਡ ਭੰਗੜਾ ਲੀਗ ਨੂੰ ਹਰ ਪੱਖੋਂ ਮਦਦ ਦੇਣ ਦਾ ਵਿਸ਼ਵਾਸ ਦਿਵਾਇਆ ਹੈ ਅਤੇ ਸੁਨਾਮ ਵਿੱਚ ਭੰਗੜੇ ਦੀਆਂ ਤਿੰਨੋਂ ਮਰਹੂਮ ਸ਼ਖ਼ਸੀਅਤਾਂ ਦੇ ਬੁੱਤ ਸਥਾਪਤ ਕੀਤੇ ਜਾਣਗੇ। ਇਸ ਮੌਕੇ ਮੇਜਰ ਸਿੰਘ ਚੱਠਾ, ਜਸਵਿੰਦਰ ਸਿੰਘ ਸੁਨਾਮੀ, ਐਡਵੋਕੇਟ ਤ੍ਰਿਲੋਕ ਸਿੰਘ, ਨਰੇਸ਼ ਸ਼ਰਮਾ, ਰਘਬੀਰ ਸਿੰਘ, ਕੈਲਾਸ ਬੱਤਰਾ, ਹਰਜਿੰਦਰ ਸਿੰਘ ਰਾਣੀਆ, ਕਰਮਜੀਤ ਸਿੰਘ ਕੰਮਾਂ, ਜਰਨੈਲ ਸਿੰਘ ਕੰਨੂ, ਰਮਿੰਦਰ ਸਿੰਘ ਰੰਮੀ ਅਤੇ ਗੁਰਦੀਪ ਸਿੰਘ ਰੇਲਵੇ ਮੌਜੂਦ ਸਨ।