ਅਮਰ ਗਰਗ ਦਾ ਕਹਾਣੀ ਸੰਗ੍ਰਹਿ ‘ਸਲੋਚਨਾ’ ਲੋਕ ਅਰਪਣ
ਪਵਨ ਕੁਮਾਰ ਵਰਮਾ
ਧੂਰੀ, 23 ਅਪਰੈਲ
ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਗਰੀਨ ਵੁੱਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੂਰੀ ’ਚ ਸਾਹਿਤਕ ਸਮਾਗਮ ਦੌਰਾਨ ਅਮਰ ਗਰਗ ਕਲਮਦਾਨ ਦਾ ਕਹਾਣੀ ਸੰਗ੍ਰਹਿ ‘ਸਲੋਚਨਾ’ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਚਿੰਤਕ ਡਾ. ਸਵਰਾਜ ਸਿੰਘ, ਡਾ. ਲਖਵਿੰਦਰ ਜੌਹਲ, ਡਾ. ਤੇਜਵੰਤ ਮਾਨ, ਬਾਲ ਲੇਖਕ ਡਾ. ਦਰਸ਼ਨ ਸਿੰਘ ਆਸ਼ਟ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ, ਸੁਰਿੰਦਰ ਨਾਗਰਾ ਅਤੇ ਡਾ. ਭਗਵੰਤ ਸਿੰਘ ਸ਼ਾਮਲ ਸਨ। ਕਹਾਣੀ ਸੰਗ੍ਰਹਿ ਸਲੋਚਨਾ ’ਤੇ ਪਹਿਲਾ ਪਰਚਾ ਡਾ. ਜਗਦੀਪ ਕੌਰ ਅਹੂਜਾ ਨੇ ਪੜ੍ਹਦਿਆਂ ਕਿਹਾ ਕਿ ਪੁਸਤਕ ਵਿਚਲੀਆਂ ਔਰਤ ਸ਼ਕਤੀ ਅਤੇ ਭਾਵਨਾਵਾਂ ਨੂੰ ਰੂਪਮਾਨ ਕਰਦੀਆਂ ਪੰਜ ਕਹਾਣੀਆਂ ’ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਹੈ। ਦੂਜਾ ਪਰਚਾ ਜੋਗਿੰਦਰ ਕੌਰ ਅਗਨੀਹੋਤਰੀ ਅਤੇ ਤੀਜਾ ਪਰਚਾ ਡਾ. ਕਮਲਜੀਤ ਟਿੱਬਾ ਨੇ ਪੜ੍ਹਦਿਆਂ ਕਿਹਾ ਕਿ ਪੁਸਤਕ ਦੀ ਪਹਿਲੀ ਅਤੇ ਮਹੱਤਵਪੂਰਨ ਕਹਾਣੀ ‘ਸਲੋਚਨਾ’ ਭਾਰਤੀ ਵੈਦਿਕ ਸੰਸਕ੍ਰਿਤੀ ’ਤੇ ਪਹਿਰਾ ਦਿੰਦੀ ਹੈ। ਬੀਰਇੰਦਰ ਸਿੰਘ ਬਨਭੌਰੀ ਨੇ ਆਪਣੇ ਪੇਪਰ ਰਾਹੀਂ ਪੁਸਤਕ ਦੀਆਂ ਉਹ ਕਹਾਣੀਆਂ ਚੁਣੀਆਂ ਜਿਹੜੀਆਂ ਮਨੁੱਖ ਵਿਰੋਧੀ ਕੱਟੜਤਾ ’ਤੇ ਚੋਟ ਕਰਦੀਆਂ ਹਨ। ਸੁਖਦੇਵ ਔਲਖ, ਡਾ. ਗੁਰਮੀਤ ਸਿੰਘ, ਗੁਲਜ਼ਾਰ ਸਿੰਘ ਸ਼ੌਂਕੀ, ਮੇਘ ਰਾਜ ਸ਼ਰਮਾ, ਮੀਤ ਸਕਰੌਦੀ, ਨਾਹਰ ਸਿੰਘ ਮੁਬਾਰਕਪੁਰੀ, ਮਨਜੀਤ ਕੌਰ ਸੰਧੂ, ਦੇਸ਼ ਭੂਸ਼ਨ ਤੇ ਸ਼ੇਰ ਸਿੰਘ ਬੇਨੜਾ ਨੇ ਚਰਚਾ ਵਿੱਚ ਹਿੱਸਾ ਲਿਆ। ਇਸ ਮੌਕੇ ਮਾਲਵਾ ਰਿਸਰਚ ਸੈਂਟਰ ਵੱਲੋਂ ਅਨੋਖ ਸਿੰਘ ਵਿਰਕ, ਬਲਵਿੰਦਰ ਭੱਟੀ, ਭੁਪਿੰਦਰ ਰਿਸ਼ੀ, ਗੁਰਦਿਆਲ ਨਿਰਮਾਣ, ਨਿਰਮਲਾ ਗਰਗ ਤੇ ਪ੍ਰੇਮ ਲਤਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਗੁਰਨਾਮ ਸਿੰਘ ਕਾਨੂੰਗੋ ਨੇ ਮੰਚ ਦਾ ਸੰਚਾਲਨ ਬਾਖੂਬੀ ਨਿਭਾਇਆ।