ਨਾਜਾਇਜ਼ ਕਬਜ਼ੇ: ਮਾਲ ਵਿਭਾਗ ਵੱਲੋਂ ਜ਼ਮੀਨ ਦੀ ਨਿਸ਼ਾਨਦੇਹੀ
ਸ਼ੇਰਪੁਰ (ਬੀਰਬਲ ਰਿਸ਼ੀ): ਕਸਬਾ ਸ਼ੇਰਪੁਰ ਦੇ ਕਾਤਰੋਂ ਚੌਕ ਤੇ ਬੜੀ ਚੌਕ ਸੜਕ ’ਤੇ ਨਾਜਾਇਜ਼ ਕਬਜ਼ਿਆਂ ਸਬੰਧੀ ਹੁਣ ਚੌਥੀ ਵਾਰ ਨਿਸ਼ਾਨਦੇਹੀ ਕੀਤੀ ਗਈ ਹੈ। ਪਹਿਲਾਂ ਹੋਈਆਂ ਤਿੰਨ ਨਿਸ਼ਾਨਦੇਹੀਆਂ ਦੌਰਾਨ ਸ਼ਿਕਾਇਤਕਰਤਾ ਵੱਲੋਂ ਵਿਭਾਗ ’ਤੇ ਸਿਆਸੀ ਦਬਾਅ ਹੇਠ ਕੰਮ ਕਰਨ ਸਮੇਤ ਲਗਾਏ ਦੋਸ਼ਾਂ ਕਾਰਨ ਪ੍ਰਗਟਾਈ ਅਸੰਤੁਸ਼ਟੀ ਕਾਰਨ ਵਿਭਾਗ ਨੇ ਇੱਕ ਵਾਰ ਫਿਰ ਨਿਸ਼ਾਨਦੇਹੀ ਕੀਤੀ ਹੈ। ਯਾਦ ਰਹੇ ਕਿ ਉੱਚ ਅਦਾਲਤ ਨੇ ਇਸ ਨਿਸ਼ਾਨਦੇਹੀ ਸਬੰਧੀ ਕਾਫ਼ੀ ਸਖਤ ਰੁਖ ਅਖਤਿਆਰ ਕਰਦਿਆਂ ਨਾਜਾਇਜ਼ ਕਬਜ਼ਿਆਂ ਸਬੰਧੀ ਪੂਰੀ ਰਿਪੋਰਟ ਮੰਗੀ ਹੋਈ ਹੈ। ਚੌਥੀ ਵਾਰ ਹੋਈ ਨਿਸ਼ਾਨਦੇਹੀ ਦੌਰਾਨ ਸਬੰਧਤ ਅਧਿਕਾਰੀਆਂ ਨੇ ਸ਼ਿਕਾਇਤਕਰਤਾ ਦੀ ਦਿਲਚਸਪੀ ਵਾਲੇ ਖੇਤਰ ਤੋਂ ਕਾਫ਼ੀ ਦੂਰ ਅਲਾਲ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵੱਲ ਵੀ ਨਿਸ਼ਾਨਦੇਹੀ ਕੀਤੀ ਗਈ ਹੈ ਅਤੇ ਬਕਾਇਦਾ ਇਸ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਗਈ ਹੈ।
ਸ਼ਿਕਾਇਤਕਰਤਾ ਸਾਬਕਾ ਸਰਪੰਚ ਰਣਜੀਤ ਸਿੰਘ ਧਾਲੀਵਾਲ ਦਾ ਕਹਿਣਾ ਹੈ ਵਿਭਾਗ ਵੱਲੋਂ ਵੱਖ-ਵੱਖ ਸਮਿਆਂ ਵਿੱਚ ਕੀਤੀਆਂ ਨਿਸ਼ਾਨਦੇਹੀਆਂ ਦੌਰਾਨ ਵੱਖ-ਵੱਖ ਮਾਪਦੰਡ ਅਪਣਾਏ ਗਏ ਹਨ ਜਿਸ ਸਬੰਧੀ ਬਕਾਇਦਾ ਉਸ ਕੋਲ ਸਬੂਤ ਹਨ ਅਤੇ ਉਹ ਆਪਣੀ ਗੱਲ ਉੱਚ ਅਦਾਲਤ ਅੱਗੇ ਰੱਖਣਗੇ। ਬੀਡੀਪੀਓ ਅਤੇ ਨਾਇਬ ਤਹਿਸੀਲਦਾਰ ਦਾ ਕਹਿਣਾ ਹੈ ਕਿ ਨਿਸ਼ਾਨਦੇਹੀ ਕੀਤੀ ਗਈ ਹੈ ਜਿਸ ਸਬੰਧੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।