ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰ ਛਿਣ ਚਮਤਕਾਰੀ

04:42 AM Apr 12, 2025 IST
featuredImage featuredImage

Advertisement

ਕਰਨੈਲ ਸਿੰਘ ਸੋਮਲ
ਸਵੇਰੇ ਜਾਗ ਖੁੱਲ੍ਹਦਿਆਂ ਹੀ ਆਏ ਪਹਿਲੇ ਖ਼ਿਆਲ ਨੇ ਚਿਤ ਪ੍ਰਸੰਨ ਕਰ ਦਿੱਤਾ। ਜਾਣੋ ਇੱਕ ਪਿਆਰੀ ਦਾਤ ਮੇਰੀ ਝੋਲੀ ਆ ਪਈ, ਮੈਂ ਮਾਲਾਮਾਲ ਹੋ ਗਿਆ। ਕਈ ਦਿਨਾਂ ਤੋਂ ਢਾਹੂ ਵਿਚਾਰ ਜ਼ਿਹਨ ਉੱਤੇ ਭਾਰੂ ਹੋਏ ਪਏ ਸਨ। ਅੱਜ ਸੁਬ੍ਹਾ ਹੁੰਦਿਆਂ ਹੀ ਪਹਿਲੇ ਆਏ ਖ਼ਿਆਲ ਨੇ ਧੁੰਦ ਹਟਾ ਦਿੱਤੀ। ਮਨ ਨਿੱਖਰ ਕੇ ਨਿਰਮਲ ਹੋ ਗਿਆ। ਜਾਪਿਆ ਧੋਤੀ-ਪੋਚੀ-ਸੁੱਕੀ ਫੱਟੀ ਮੈਨੂੰ ਉਡੀਕ ਰਹੀ ਹੈ, ਉਸ ਉੱਤੇ ਕੁਝ ਨਾ ਕੁਝ ਲਿਖਾਂ ਅਤੇ ਜੋ ਵੀ ਲਿਖਾਂ ਸੱਚ ਹੋਵੇ। ਨਿਰਮਲ ਮਨ ਅਜਿਹੇ ਫੁਰਨਿਆਂ ਨੂੰ ਬੁਲਾਵੇ ਦਿੰਦਾ ਹੈ।
ਅਨੰਦਿਤ ਹੋ ਗਿਆ, ਵਾਹ! ਮੇਰੀ ਜ਼ਿੰਦਗੀ ਦਾ ਇੱਕ ਹੋਰ ਨਵਾਂ ਦਿਨ ਵੇਖਣ ਨੂੰ ਮਿਲਿਆ। ਐਡੀ ਵੱਡੀ ਨਿਆਮਤ! ਹਰ ਦਿਨ ਚੜ੍ਹਦੇ ਦੀ ਲੋਅ ਅਨਮੋਲ ਤਾਂ ਹੁੰਦੀ ਹੀ ਹੈ। ਫਿਰ ਚਾਨਣ ਦੀ ਪਹਿਲੀ ਕਿਰਨ ਤੇ ਫਿਰ ਕਿਰਨਾਂ ਦਾ ਝੁਰਮਟ ਅਤੇ ਫਿਰ ਚਾਨਣ ਦਾ ਹੜ੍ਹ। ਧਰਤੀ ਦਾ ਵਣ-ਤ੍ਰਿਣ ਸੋਨਾ ਬਣਿਆ ਜਾਪਦਾ ਹੈ। ਸੋਨੇ ਨਾਲ ਵੀ ਕੀ ਤੁਲਨਾ ਕਰਨੀ ਹੋਈ। ਧਰਤੀ ਉੱਤੇ ਇਕਵਾਰਗੀ ਹੀ ਚਾਨਣ ਦਾ ਛਿੱਟਾ ਆ ਜਾਣਾ। ਅਦਭੁੱਤ ਹੈ ਇਹ ਵਰਤਾਰਾ।
ਮੇਰੇ ਘਰ ਦੇ ਨੇੜੇ ਸੜਕ ਕੰਢੇ ਇੱਕ ਬਿਰਖ ਹੈ, ਪਹਿਲੀ ਨਜ਼ਰੇ ਉਸ ਦੀ ਕਾਇਆ ਸੁੱਕ ਕੇ ਨਿਪੱਤਰੀ ਹੋਈ ਜਾਪੇ। ਹੋਰ ਗ਼ਜ਼ਬ ਇਹ ਕਿ ਇਸ ਦਾ ਟੇਢਾ-ਮੇਢਾ ਢਾਂਚਾ, ਯਾਨੀ ਇਸ ਦਾ ਤਣਾ ਅੰਦਰੋਂ ਪੂਰੀ ਤਰ੍ਹਾਂ ਖੋਖਲਾ। ਕਿਸੇ ਬਹੁਤ ਹੀ ਬਿਰਧ ਦੇ ਦੰਦ-ਜਾੜ੍ਹਾਂ ਵਿਹੀਣ ਪੋਪਲੇ ਮੂੰਹ ਵਰਗਾ, ਪਰ ਫੱਗਣ ਉਸ ਉੱਤੇ ਵੀ ਮਿਹਰਬਾਨ ਹੋਇਆ ਜਾਪਿਆ। ਉਸ ਦਾ ਅੰਗ-ਅੰਗ ਨਿੱਕੀਆਂ-ਨਿੱਕੀਆਂ ਹਰੀਆਂ ਮਲੂਕ-ਪੱਤੀਆਂ ਨਾਲ ਭਰਪੂਰ ਸਜਿਆ ਹੋਇਆ। ਇਸ ਚਮਤਕਾਰ ਨੂੰ ਕਿੰਨੇ ਕੁ ਰਾਹਗੀਰ ਖੜ੍ਹ ਕੇ ਵੇਖਦੇ ਹੋਣਗੇ। ਹਰ ਬਿਮਾਰ ਅਤੇ ਬਿਰਧ ਬੰਦੇ ਲਈ ਅਨੋਖਾ ਸੁਨੇਹਾ ਇਸ ਬਿਰਖ ਉੱਤੇ ਖ਼ੂਬ ਚਿਤਰਿਆ ਹੋਇਆ ਹੈ। ਬਿਰਖ ਕਹਿੰਦਾ ਹੈ ਕੀ ਹੋਇਆ! ਕੁਝ ਨਹੀਂ ਹੋਇਆ। ਇਸ ਕੀਲਵੀਂ ਕੁਦਰਤ ਦੀ ਸੱਜ-ਧੱਜ ਨੂੰ ਤਾਂ ਨਿਹਾਰੋ। ਖ਼ਾਹ ਮਖ਼ਾਹ ਮੂੰਹ ਨਾ ਲਟਕਾਓ। ਬਿਰਖ ਤਾਂ ਸ਼ਾਂਤ-ਚਿਤ ਹੈ। ਰੰਗ ਤਾਂ ਉਸ ਕਾਦਰ ਨੇ ਲਾਉਣੇ ਹਨ, ਲੀਲ੍ਹਾ ਤਾਂ ਉਸੇ ਦੀ ਹੈ। ਕੋਈ ਘਾਟ ਨਹੀਂ ਹੈ, ਕਦੇ ਰਹਿੰਦੀ ਵੀ ਨਹੀਂ।
ਸਵੇਰੇ ਜਦੋਂ ਜਾਗ ਕੇ ਬਾਹਰ ਵੇਖਦਾ ਹਾਂ ਤਾਂ ਅੰਦਰੋਂ ਆਵਾਜ਼ ਆਉਂਦੀ ਹੈ ‘ਨਿੱਖਰਿਆ ਹੋਇਐ?’ ਮੈਨੂੰ ਅਸਮਾਨ ਦੀ ਪਹਿਲੀ ਝਾਤੇ ਹੀ ਇੱਕ ਤਾਰਾ ਟਿਮਕਦਾ ਦਿੱਸਿਆ। ਪਿਆਰੀ ਪ੍ਰਭਾਤ ਦਾ ਇੱਕ ਤਾਰਾ ਹੀ ਬਹੁਤ ਵੱਡਾ ਸੁਨੇਹਾ ਦਿੰਦਾ ਹੈ ਕਿ ਹੋਰ ਵੀ ਅਜਿਹੇ ਦਿੱਸਣਗੇ। ਰਾਤ ਭਰ ਇਨ੍ਹਾਂ ਨੇ ਛਹਿਬਰ ਲਾ ਕੇ ਰੱਖੀ ਹੈ। ਭਾਵੇਂ ਕੋਈ ਰੱਜ-ਰੱਜ ਮਾਣੇ ਲੋਹੜੇ ਦੀਆਂ ਇਨ੍ਹਾਂ ਝਾਤਾਂ ਨੂੰ। ਹਰ ਮੇਲਾ ਟਿਕ ਕੇ ਵੇਖਣ ਦਾ ਹੁੰਦੈ। ਵਾਹ! ਕਦੇ ਕਿਸੇ ਨੂੰ ਦੋ-ਚਾਰ ਕਣੀਆਂ ਹੀ ਡਿੱਗਦੀਆਂ ਪ੍ਰਤੀਤ ਹੋਣ, ਉਹ ‘ਮੀਂਹ ਆਉਂਦਾ ਲੱਗਦੈ’ ਦਾ ਹੋਕਾ ਦੇ ਦਿੰਦਾ ਹੈ। ਕਾਦਰ ਦੀਆਂ ਸੈਨਤਾਂ ਹੀ ਘਰ ਅੰਦਰ ਨਿੱਸਲ ਪਿਆਂ ਦੇ ਸਰੀਰ ਵਿੱਚ ਝਰਨਾਟਾਂ ਛੇੜ ਦਿੰਦੀਆਂ ਹਨ। ਜਦੋਂ ਚਿੱਠੀਆਂ ਹੀ ਆਉਂਦੀਆਂ ਸਨ ਖ਼ਬਰਸਾਰਾਂ ਲੈ ਕੇ, ਤਦ ਇੱਕ ਕਾਰਡ ਮਾਤਰ ਜਦੋਂ ਕਿਸੇ ਉਡੀਕਦੇ ਨੂੰ ਮਿਲਦਾ ਤਾਂ ਉਸ ਨੂੰ ਉੱਡਣ ਲਾ ਦਿੰਦਾ।
ਲੋਹੜੈ! ਜੀਵਨ ਦੇ ਇੱਕ-ਇੱਕ ਪਲ ਵਿੱਚ ਕੀ ਕੁਝ ਸਮੋਇਆ ਹੋਇਐ! ਸਾਂਭ ਨਾ ਹੋਵੇ, ਛਲਕ ਛਲਕ ਜਾਵੇ। ਸੰਭਾਵਨਾਵਾਂ ਅਮਿਤ! ਤਦੇ, ਲੋਕੀਂ ਸਕੀਮਾਂ ਬਣਾ ਬਣਾ ਸਵੇਰੇ ਆਪਣੇ ਆਪਣੇ ਕਰਮ-ਖੇਤਰ ਨੂੰ ਵਾਹੋ-ਦਾਹੀ ਤੁਰਦੇ ਹਨ। ਤਦੇ ਹੀ ਬੁਝੇ-ਬੁਝੇ ਚਿਹਰਿਆਂ ਉੱਤੇ ਰੌਣਕ ਆ ਜਾਂਦੀ ਹੈ। ਕਿਸਾਨ ਨੂੰ ਖੇਤ ਵਿੱਚ ਬਰਕਤਾਂ ਵਾਲੀ ਮਿੱਟੀ ਵਿੱਚੋਂ ਬੀਜੇ ਬੀਜ ਦੀ ਕੋਈ ਕੋਈ ਤੂਈ ਹੀ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਆਪਣੀਆਂ ਮਿਹਨਤਾਂ ਦਾ ਸਿਲਾ ਅੰਗੜਾਈ ਲੈਂਦੀਆਂ ਆਸਾਂ ਦੇ ਰੂਪ ਵਿੱਚ ਮਿਲਦਾ ਜਾਪਦੈ। ਜੀਵਨ-ਉਜਾਲੇ ਦਾ ਭੇਤ ਹਰ ਪਲ ਵਿੱਚ ਲੁਪਤ ਹੁੰਦੈ। ਸਾਇੰਸਦਾਨ ਦੀ ਵਰ੍ਹਿਆਂ ਦੀ ਮਿਹਨਤ ਅਤੇ ਧੀਰਜ ਦਾ ਫ਼ਲ ਕਿਸੇ ਛਿਣ ਹੀ ਹਾਸਲ ਹੋਣਾ ਹੈ। ਧੀਰਜ ਰੱਖਣਾ ਵੀ ਕਮਾਈ ਕਰਨਾ ਹੈ। ਸਾਡੀਆਂ ਅਨੇਕਾਂ ਅਸਫਲਤਾਵਾਂ, ਕਿੰਨੀਆਂ ਅਜਾਈਂ ਗਈਆਂ ਮਿਹਨਤਾਂ ਅਤੇ ਕੱਟੇ ਦਸੌਂਟਿਆਂ ਦੀ ਭਰਪਾਈ ਪਲਾਂ-ਛਿਣਾਂ ਵਿੱਚ ਹੀ ਕਰਦੀ ਹੈ। ਵਾਹ! ਜੀਵਨ ਦਾ ਇੱਕ ਦਿਨ ਹੀ ਕਿੰਨਾ ਕੁਝ ਸਮੋਈ ਰੱਖਦਾ ਹੈ। ਜੀਵਨ ਦੀ ਭੱਜ-ਦੌੜ ਵਿੱਚ ਹਰ ਘੜੀ ਹਫਦੇ ਰਹਿਣਾ ਜੀਵਨ-ਰੂਪੀ ਦੌਲਤ ਦੀ ਬੇਕਦਰੀ ਕਰਨਾ ਹੁੰਦਾ ਹੈ। ਹਰ ਪਲ ਵਿੱਚ ਅਨੰਤਤਾ ਸਮਾਈ ਹੁੰਦੀ ਹੈ। ਜਾਗੇ ਹੋਇਆਂ ਲਈ ਹਰ ਛਿਣ ਬੇਸ਼ੁਮਾਰ ਚਮਤਕਾਰਾਂ ਨਾਲ ਭਰਪੂਰ ਹੁੰਦਾ ਹੈ। ਮਾਂ ਆਪਣੀ ਕੁੱਖ ਵਿੱਚ ਪਲਦੇ ਭਰੂਣ ਦਾ ਪਲ ਪਲ ਦਾ ਅਹਿਸਾਸ ਨੌਂ ਮਹੀਨੇ ਤੇ ਫਿਰ ਜਨਮੇ ਹੋਏ ਨੂੰ ਪਾਲਣ-ਪੋਸ਼ਣ ਵਿੱਚ ਆਪਾ ਲਾ ਦਿੰਦੀ ਹੈ।
ਬੰਦਾ ਕੀ ਮੰਗੇ ਅਜਿਹੇ ਪਲਾਂ ਵਿੱਚ? ਮੰਗਣ ਨੂੰ ਕੀ ਰਹਿ ਜਾਂਦਾ ਹੈ। ਸਹਿਜ ਅਵਸਥਾ ਵਿੱਚ ਆਉਂਦੇ-ਜਾਂਦੇ ਸਵਾਸ ਦਾ ਹੀ ਕੋਈ ਲੇਖਾ ਨਹੀਂ। ਇਹ ਬੋਧ ਹੋ ਜਾਣ ’ਤੇ ਬੰਦਾ ਸਾਰੀ ਕਾਇਨਾਤ ਦੇ ਵਾਰੇ ਜਾਂਦਾ ਹੈ। ‘ਜਪੁ ਜੀ’ ਦੀ ਹਰ ਧੁਨੀ, ਹਰ ਰਮਜ਼, ਮਨੁੱਖ ਨੂੰ ਉਸ ਦੀ ਅਸਲ ਵਡਿਆਈ ਵੱਲ ਤੋਰਦੀ ਹੈ। ਚਾਹੇ ਕੋਈ ਜਿੰਨੀ ਮਰਜ਼ੀ ਲੰਮੀ ਉਮਰ ਦੀ ਕਾਮਨਾ ਕਰੇ, ਇਹ ਮਿਲਣੀ ਤਾਂ ਇੱਕ-ਇੱਕ ਦਿਨ ਅਤੇ ਇੱਕ-ਇੱਕ ਸਾਹ ਕਰਕੇ ਹੀ ਹੈ।

Advertisement
Advertisement